ਇਮਰਾਨ ਖ਼ਾਨ ਦੀ ਰਾਜਗੱਦੀ ਵੱਲ ਪੇਸ਼ਕਦਮੀ


ਇਸਲਾਮਾਬਾਦ, 25 ਜੁਲਾਈ (ਏਜੰਸੀ) : ਪਾਕਿਸਤਾਨ ਵਿੱਚ ਕੌਮੀ ਅਸੈਂਬਲੀ ਤੇ ਚਾਰ ਸੂਬਾਈ ਅਸੈਂਬਲੀਆਂ ਲਈ ਅੱਜ ਵੋਟਾਂ ਪਾਈਆਂ ਗਈਆਂ ਤੇ ਗਿਣਤੀ ਦਾ ਅਮਲ ਤੁਰੰਤ ਬਾਅਦ ਸ਼ੁਰੂ ਹੋ ਗਿਆ। ਇਸ ਦੌਰਾਨ ਕ੍ਰਿਕਟ ਦੇ ਮੈਦਾਨ ਤੋਂ ਸਿਆਸਤ ਦੇ ਪਿੜ ਵਿੱਚ ਆਏ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਸ਼ੁਰੂਆਤੀ ਰੁਝਾਨਾਂ ਵਿੱਚ 105 ਸੀਟਾਂ ’ਤੇ ਅੱਗੇ ਚੱਲ ਰਹੀ ਸੀ ਜਦਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਐਨ 71 ਉੱਤੇ ਅੱਗੇ ਸੀ। ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੀ ਪਾਕਿਸਤਾਨ ਪੀਪਲਜ਼ ਪਾਰਟੀ 39 ਸੀਟਾਂ ’ਤੇ ਅੱਗੇ ਚੱਲ ਰਹੀ ਸੀ। 23 ਸੀਟਾਂ ’ਤੇ ਆਜ਼ਾਦ ਉਮੀਦਵਾਰ ਜਦਕਿ ਰਵਾਇਤੀ ਮਜਹਬੀ ਪਾਰਟੀਆਂ ਦਾ ਗੱਠਜੋੜ ਮੁਤਾਹਿਦਾ ਮਜਲਿਸ-ਏ-ਅਮਾਲ 5 ਸੀਟਾਂ ’ਤੇ ਅੱਗੇ ਚੱਲ ਰਿਹਾ ਸੀ। ਪਾਰਲੀਮੈਂਟ ਦੇ ਹੇਠਲੇ ਸਦਨ ਕੌਮੀ ਅਸੈਂਬਲੀ ਦੀਆਂ ਕੁੱਲ 342 ਸੀਟਾਂ ’ਚੋਂ 272 ਸੀਟਾਂ ’ਤੇ ਅੱਜ ਸਿੱਧੀ ਚੋਣ ਹੋਈ। ਇਸ ਤਰ੍ਹਾਂ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ 172 ਸੀਟਾਂ ਜਿੱਤਣ ਦੀ ਲੋੜ ਪਵੇਗੀ।

ਪਹਿਲਾਂ ਸਵਰੇ ਅੱਠ ਵਜੇ 85 ਹਜ਼ਾਰ ਤੋਂ ਵੱਧ ਪੋਲਿੰਗ ਕੇਂਦਰਾਂ ’ਤੇ ਵੋਟਾਂ ਦਾ ਅਮਲ ਸ਼ੁਰੂ ਹੋਇਆ ਤੇ ਸ਼ਾਮੀਂ 6 ਵਜੇ ਤੱਕ ਜਾਰੀ ਰਿਹਾ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼, ਪਾਕਿਸਤਾਨ ਪੀਪਲਜ਼ ਪਾਰਟੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਸਮੇਤ ਬਹੁਤ ਸਾਰੀਆਂ ਪ੍ਰਮੁੱਖ ਪਾਰਟੀਆਂ ਨੇ ‘‘ਵੋਟਾਂ ਦੀ ਮੱਠੀ ਰਫ਼ਤਾਰ’’ ਦੇ ਮੱਦੇਨਜ਼ਰ ਪੋਲਿੰਗ ਦਾ ਸਮਾਂ ਇਕ ਘੰਟਾ ਵਧਾਉਣ ਦੀ ਮੰਗ ਕੀਤੀ ਸੀ ਪਰ ਚੋਣ ਕਮਿਸ਼ਨ ਨੇ ਇਹ ਬੇਨਤੀ ਦਰਕਿਨਾਰ ਕਰ ਦਿੱਤੀ। ਉਂਜ ਕਈ ਥਾਈਂ ਉਤਸ਼ਾਹੀ ਵੋਟਰ ਸਵੇਰੇ ਸੱਤ ਵਜੇ ਹੀ ਪੋਲਿੰਗ ਕੇਂਦਰਾਂ ਦੇ ਬਾਹਰ ਕਤਾਰਾਂ ਬੰਨ੍ਹ ਕੇ ਖੜ੍ਹੇ ਹੋ ਗਏ ਸਨ। ਪਾਕਿਸਤਾਨ ਵਿੱਚ ਪਾਰਲੀਮੈਂਟ ਦੇ ਹੇਠਲੇ ਸਦਨ ਕੌਮੀ ਅਸੈਂਬਲੀ ਅਤੇ ਚਾਰ ਸੂਬਾਈ ਅਸੈਂਬਲੀਆਂ ਦੇ ਮੈਂਬਰਾਂ ਦੀ ਚੋਣ ਵਾਸਤੇ ਕਰੀਬ 10 ਕਰੋੜ 60 ਲੱਖ ਵੋਟਰ ਹਨ।

ਫ਼ੌਜ ਦੇ ਮੁਖੀ ਜਨਰਲ ਕ਼ਮਰ ਜਾਵੇਦ ਬਾਜਵਾ ਨੇ ਰਾਵਲਪਿੰਡੀ ਵਿੱਚ ਆਪਣੀ ਵੋਟ ਪਾਈ ਜਦਕਿ ਪੀਐਮਐਲ-ਐਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਲਾਹੌਰ ਵਿੱਚ ਵੋਟ ਭੁਗਤਾਉਣ ਵਾਲੇ ਪਹਿਲਿਆਂ ਵਿੱਚ ਸ਼ਾਮਲ ਸਨ। ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅਬਾਸੀ, ਸਿੰਧ ਦੇ ਸਾਬਕਾ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ, ਐਮਕਿਊਐਮ-ਪੀ ਦੇ ਫਾਰੂਕ ਸੱਤਾਰ, ਪਾਕਿ ਸਰਜ਼ਮੀਨ ਪਾਰਟੀ ਦੇ ਚੇਅਰਮੈਨ ਮੁਸਤਫ਼ਾ ਕਮਾਲ, ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਆਗੂ ਇਮਰਾਨ ਖ਼ਾਨ, ਪੀਪੀਪੀ ਦੇ ਕੋ-ਚੇਅਰਮੈਨ ਬਿਲਾਵਲ ਭੁੱਟੋ ਤੇ ਜਮੀਅਤ ਉਲੇਮਾ ਇਸਸਲਾਮ ਦੇ ਮੌਲਾਨਾ ਫ਼ਜ਼ਲੁਰ ਰਹਿਮਾਨ ਨੇ ਵੀ ਆਪੋ ਆਪਣੇ ਹਲਕਿਆਂ ਵਿੱਚ ਆਪਣੀ ਵੋਟ ਭੁਗਤਾਈ।

ਚੋਣ ਕਮਿਸ਼ਨ ਮੁਤਾਬਕ ਕੌਮੀ ਅਸੈਂਬਲੀ ਦੀਆਂ 272 ਜਨਰਲ ਸੀਟਾਂ ਲਈ 3459 ਉਮੀਦਵਾਰ ਜਦਕਿ ਪੰਜਾਬ, ਸਿੰਧ, ਬਲੋਚਿਸਤਾਨ ਅਤੇ ਖ਼ੈਬਰ-ਪਖਤੂਨਖਵਾ ਦੀਆਂ ਚਾਰ ਪ੍ਰਾਂਤਕ ਅਸੈਂਬਲੀਆਂ ਦੀਆਂ 577 ਜਨਰਲ ਸੀਟਾਂ ਲਈ 8396 ਉਮੀਦਵਾਰ ਚੋਣ ਲੜ ਰਹੇ ਹਨ।ਚੋਣ ਕਮਿਸ਼ਨ ਨੇ ਚੋਣ ਪ੍ਰਕਿਰਿਆ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 16 ਲੱਖ ਮੁਲਾਜ਼ਮ ਤਾਇਨਾਤ ਕੀਤੇ ਸਨ ਜਦਕਿ ਸੁਰੱਖਿਆ ਬੰਦੋਬਸਤ ਤਹਿਤ 4.5 ਲੱਖ ਪੁਲੀਸਕਰਮੀ ਤੇ 3.7 ਲੱਖ ਫ਼ੌਜੀ ਜਵਾਨ ਤਾਇਨਾਤ ਕੀਤੇ ਗਏ ਸਨ। ਕੌਮੀ ਅਸੈਂਬਲੀ ਦੇ 342 ਮੈਂਬਰ ਹਨ ਜਿਨ੍ਹਾਂ ’ਚੋਂ 272 ਸੀਟਾਂ ਦੀ ਸਿੱਧੇ ਤੌਰ ’ਤੇ ਚੋਣ ਕੀਤੀ ਜਾਂਦੀ ਹੈ ਜਦਕਿ 60 ਸੀਟਾਂ ਔਰਤਾਂ ਲਈ ਤੇ 10 ਸੀਟਾਂ ਧਾਰਮਿਕ ਘੱਟਗਿਣਤੀਆਂ ਲਈ ਰਾਖਵੀਆਂ ਹਨ ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਇਮਰਾਨ ਖ਼ਾਨ ਦੀ ਰਾਜਗੱਦੀ ਵੱਲ ਪੇਸ਼ਕਦਮੀ