ਉਦਯੋਗਪਤੀਆਂ ਨੂੰ ਅਪਮਾਨਤ ਕਰਨਾ ਗ਼ਲਤ : ਮੋਦੀ


ਲਖਨਊ, 29 ਜੁਲਾਈ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਿੰਦੁਸਤਾਨ ਨੂੰ ਬਣਾਉਣ ਵਿਚ ਉਦਯੋਗਪਤੀਆਂ ਦੀ ਵੀ ਭੂਮਿਕਾ ਹੁੰਦੀ ਹੈ ਅਤੇ ਉਨ੍ਹਾਂ ਨੂੰ ਚੋਰ ਲੁਟੇਰਾ ਕਹਿਣਾ ਜਾਂ ਅਪਮਾਨਤ ਕਰਨਾ ਪੂਰੀ ਤਰ੍ਹਾਂ ਗ਼ਲਤ ਹੈ। ਵਿਰੋਧੀ ਦਲਾਂ ਵਲੋਂ ਅਕਸਰ ਦੇਸ਼ ਦੇ ਵੱਡੇ ਉਦਯੋਗਪਤੀਆਂ ਨੂੰ ਫ਼ਾਇਦਾ ਪਹੁੰਚਾਉਣ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਮੋਦੀ ਨੇ ਕਿਹਾ ਕਿ ਜੇਕਰ ਹਿੰਦੁਸਤਾਨ ਨੂੰ ਬਣਾਉਣ ਵਿਚ ਇਕ ਕਿਸਾਨ, ਇਕ ਕਾਰੀਗਰ, ਇਕ ਬੈਂਕਰ ਫਾਈਨਾਂਸਰ, ਸਰਕਾਰੀ ਮੁਲਾਜ਼ਮ, ਮਜ਼ਦੂਰ ਦੀ ਮਿਹਨਤ ਕੰਮ ਕਰਦੀ ਹੈ ਤਾਂ ਇਸ ਵਿਚ ਦੇਸ਼ ਦੇ ਉਦਯੋਗਪਤੀਆਂ ਦੀ ਵੀ ਭੂਮਿਕਾ ਹੁੰਦੀ ਹੈ। ਅਸੀਂ ਉਨ੍ਹਾਂ ਨੂੰ ਅਪਮਾਨਤ ਕਰਾਂਗੇ, ਚੋਰ ਲੁਟੇਰਾ ਕਹਾਂਗੇ, ਇਹ ਕਿਹੜਾ ਤਰੀਕਾ ਹੈ?

ਉਨ੍ਹਾਂ ਨੇ ਇੱਥੇ ਵੱਖ-ਵੱਖ ਯੋਜਨਾਵਾਂ ਦਾ ਨੀਂਹ ਪੱਥਰ ਰੱਖਣ ਮੌਕੇ ਕਿਹਾ ਕਿ ਪਹਿਲਾਂ ਪਰਦੇ ਦੇ ਪਿੱਛੇ ਬਹੁਤ ਕੁੱਝ ਹੁੰਦਾ ਸੀ। ਦੇਸ਼ ਵਿਚ ਕੋਈ ਵੀ ਅਜਿਹਾ ਉਦਯੋਗਪਤੀ ਨਹੀਂ ਹੋਵੇਗਾ ਜੋ ਸਰਕਾਰ ਦੇ ਸਾਹਮਣੇ ਜਾ ਕੇ ਅਪਮਾਨਤ ਨਾ ਹੋਇਆ ਹੋਵੇ। ਨਾਲ ਹੀ ਹਲਕੇ ਫੁਲਕੇ ਅੰਦਾਜ਼ ਵਿਚ ਉਨ੍ਹਾਂ ਕਿਹਾ ਕਿ ਅਮਰ ਸਿੰਘ ਬੈਠੇ ਹੋਏ ਹਨ, ਸਾਰੀ ਹਿਸਟਰੀ ਕੱਢ ਦੇਣਗੇ। ਪ੍ਰੋਗਰਾਮ ਵਿਚ ਸਾਬਕਾ ਸਪਾ ਨੇਤਾ ਅਮਰ ਸਿੰਘ ਵੀ ਬੈਠੇ ਹੋਏ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰ ਜਦੋਂ ਨੀਅਤ ਸਾਫ਼ ਹੋਵੇ, ਇਰਾਦੇ ਨੇਕ ਹੋਣ ਤਾਂ ਕਿਸੇ ਦੇ ਨਾਲ ਖੜ੍ਹੇ ਹੋਣ ਨਾਲ ਦਾਗ਼ ਨਹੀਂ ਲਗਦੇ।

ਮਹਾਤਮਾ ਗਾਂਧੀ ਦਾ ਜੀਵਨ ਜਿੰਨਾ ਪਵਿੱਤਰ ਸੀ, ਉਨ੍ਹਾਂ ਨੂੰ ਬਿਰਲਾ ਦੇ ਪਰਵਾਰ ਵਿਚ ਜਾ ਕੇ ਰਹਿਣ ਵਿਚ ਕਦੇ ਹਿਚਕਚਾਹਟ ਨਹੀਂ ਹੋਈ ਕਿਉਂਕਿ ਉਨ੍ਹਾਂ ਦੀ ਨੀਅਤ ਸਾਫ਼ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਨਹੀਂ ਹੁੰਦਾ ਸੀ ਕਿਉਂਕਿ ਪਰਦੇ ਦੇ ਪਿਛੇ ਬਹੁਤ ਕੁੱਝ ਹੁੰਦਾ ਸੀ। ਮੋਦੀ ਨੇ ਨਾਲ ਹੀ ਚਿਤਾਵਨੀ ਦਿਤੀ ਕਿ ਹਾਂ, ਜੋ ਗ਼ਲਤ ਕਰੇਗਾ, ਉਸ ਨੂੰ ਜੇਲ੍ਹ ਦੀ ਜ਼ਿੰਦਗੀ ਬਿਤਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅੱਗੇ ਵਧਣ ਲਈ ਹਰ ਕਿਸੇ ਦੇ ਨਾਲ ਸਹਿਯੋਗ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਇੰਦਰਾ ਗਾਂਧੀ ਸੰਸਥਾਨ ਵਿਚ 60 ਹਜ਼ਾਰ ਕਰੋੜ ਰੁਪਏ ਦੀਆਂ 81 ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਇੰਨੇ ਵੱਡੇ ਨਿਵੇਸ਼ ਦੀਆਂ ਯੋਜਨਾਵਾਂ ਨੂੰ ਲਿਆਉਣ ਲਈ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਅਤੇ ਉਨ੍ਹਾਂ ਦੀ ਟੀਮ ਦੇ ਨਾਲ-ਨਾਲ ਅਧਿਕਾਰੀਆਂ ਨੂੰ ਵਧਾਈ ਦਿਤੀ।

ਮੋਦੀ ਨੇ ਕਿਹਾ ਕਿ ਸੂਬੇ ਦੇ ਉਦਯੋਗਿਕ ਵਿਕਾਸ ਮੰਤਰੀ ਸਤੀਸ਼ ਮਹਾਨਾ ਬਹੁਤ ਹਿਚਕਚਾਹਟ ਨਾਲ ਕਹਿ ਰਹੇ ਸਨ ਕਿ 60 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਹ ਗਰਾਊਂਡ ਬ੍ਰੇਕਿੰਗ ਸੈਰੇਮਨੀ ਨਹੀਂ, ਰਿਕਾਰਡ ਬ੍ਰੇਕਿੰਗ ਸੈਰੇਮਨੀ ਹੈ। ਉਨ੍ਹਾਂ ਕਿਹਾ ਕਿ ਇੰਨੇ ਘੱਟ ਸਮੇਂ ਵਿਚ ਪ੍ਰਕਿਰਿਆ ਨੂੰ ਸਰਲ ਕਰ ਕੇ ਇੰਨਾ ਵੱਡਾ ਨਿਵੇਸ਼ ਵੱਡੀ ਗੱਲ ਹੈ। ਮੈਂ ਵੀ ਬਹੁਤ ਸਮੇਂ ਤਕ ਮੁੱਖ ਮੰਤਰੀ ਰਿਹਾ ਹਾਂ। ਉਦਯੋਗਿਕ ਗਤੀਵਿਧੀਆਂ ਨਾਲ ਜੁੜ ਰਿਹਾ ਹਾਂ। ਇਹ ਨਿਵੇਸ਼ ਘੱਟ ਨਹੀਂ ਹੈ। ਯੂਪੀ ਇਨਵੈਸਟਰਜ਼ ਸਮਿਟ ਦੇ ਪੰਜ ਮਹੀਨੇ ਬਾਅਦ ਹੀ ਇੰਨਾ ਵੱਡਾ ਨਿਵੇਸ਼ ਹੋਣਾ ਵੱਡਾ ਕੰਮ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕ ਅਜਿਹੀ ਵਿਵਸਥਾ ਖੜ੍ਹੀ ਕਰਨਾ ਚਾਹੁੰਦੇ ਹਾਂ, ਜਿੱਥੇ ਕਿਸੇ ਭੇਦਭਾਵ ਦੀ ਗੁੰਜਾਇਸ਼ ਨਾ ਹੋਵੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਕਿਰਿਆਵਾਂ ਵਿਚ ਗਤੀ ਵੀ ਦਿਸੇ ਅਤੇ ਸੰਵੇਦਨਸ਼ੀਲਤਾ ਵੀ, ਨਾ ਅਪਣਾ, ਨਾ ਪਰਾਇਆ, ਨਾ ਛੋਟਾ, ਨਾ ਵੱਡਾ ਸਾਰਿਆਂ ਦੇ ਨਾਲ ਬਰਾਬਰ ਦਾ ਵਿਵਹਾਰ, ‘ਸਬਕਾ ਸਾਥ, ਸਬਕਾ ਵਿਕਾਸ’। ਉਨ੍ਹਾਂ ਕਿਹਾ ਕਿ ਮੈਂ ਉਤਰ ਪ੍ਰਦੇਸ਼ ਦੀ 22 ਕਰੋੜ ਜਨਤਾ ਨੂੰ ਵਚਨ ਦਿਤਾ ਸੀ ਕਿ ਉਨ੍ਹਾਂ ਦੇ ਪਿਆਰ ਨੂੰ ਵਿਆਜ਼ ਸਮੇਤ ਵਾਪਸ ਕਰਾਂਗਾ। ਇੱਥੇ ਜੋ ਯੋਜਨਾਵਾਂ ਸ਼ੁਰੂ ਹੋ ਰਹੀਆਂ ਹਨ, ਉਹ ਉਸੇ ਵਚਨਬੱਧਤਾ ਦਾ ਹਿੱਸਾ ਹਨ। ਇਹ ਯੋਜਨਾਵਾਂ ਉਤਰ ਪ੍ਰਦੇਸ਼ ਵਿਚ ਆਰਥਿਕ ਅਤੇ ਉਦਯੋਗਿਕ ਅਸੰਤੁਲਨ ਨੂੰ ਦੂਰ ਕਰਨ ਵਿਚ ਵੀ ਸਹਾਇਕ ਹੋਣਗੀਆਂ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਉਦਯੋਗਪਤੀਆਂ ਨੂੰ ਅਪਮਾਨਤ ਕਰਨਾ ਗ਼ਲਤ : ਮੋਦੀ