2030 ਤੱਕ ਅਮਰੀਕਾ ਨੂੰ ਪਛਾੜ ਦੇਣਗੇ ਭਾਰਤ ਸਮੇਤ 10 ਏਸ਼ੀਆਈ ਮੁਲਕ : ਡੀਬੀਐਸ ਰਿਪੋਰਟ


ਨਵੀਂ ਦਿੱਲੀ, 22 ਜੁਲਾਈ (ਏਜੰਸੀ) : ਭਾਰਤ ਸਮੇਤ ਏਸ਼ੀਆ ਦੀਆਂ 10 ਮੁੱਖ ਅਰਥਵਿਵਸਥਾਵਾਂ ਦੀ ਸਾਂਝੀ ਕੁੱਲ ਘਰੇਲੂ ਪੈਦਾਵਾਰ (ਜੀਡੀਪੀ) 10-12 ਸਾਲ ਵਿੱਚ ਅਮਰੀਕਾ ਤੋਂ ਵੱਧ ਹੋ ਜਾਵੇਗੀ। ਡਿਵੈਲਪਮੈਂਟ ਬੈਂਕ ਆਫ਼ ਸਿੰਗਾਪੁਰ (ਡੀਬੀਐਸ) ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਏਸ਼ੀਆਈ ਅਰਥਵਿਵਸਥਾਵਾਂ ਦੀ ਜੀਡੀਪੀ ਤੇਜ਼ ਵਾਧੇ ਨਾਲ 2020 ਤੱਕ 28000 ਅਰਬ ਡਾਲਰ ਹੋ ਜਾਵੇਗੀ, ਜੋ ਅਮਰੀਕਾ ਤੋਂ ਵੱਧ ਹੋਵੇਗੀ। ਡੀਬੀਐਸ ਦੇ ਮੁਤਾਬਕ ਇਨ੍ਹਾਂ 10 ਮੁਲਕਾਂ ਵਿੱਚ ਭਾਰਤ, ਚੀਨ, ਹਾਂਗਕਾਂਗ, ਇੰਡੋਨੇਸ਼ੀਆ, ਮਲੇਸ਼ੀਆ, ਫਿਲੀਪੀਨ, ਸਿੰਗਾਪੁਰ, ਦੱਖਣੀ ਕੋਰੀਆ, ਤਾਈਵਾਨ ਅਤੇ ਥਾਈਲੈਂਡ ਸ਼ਾਮਲ ਹਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ 10 ਮੁਲਕ 2030 ਤੱਕ ਤੇਜੀ ਨਾਲ ਵਿਕਾਸ ਕਰਨਗੇ ਅਤੇ ਇਨ੍ਹਾਂ ਦੀ ਸਾਂਝੀ ਜੀਡੀਪੀ (2010 ਦੇ ਡਾਲਰ ਮੁੱਲ ਉੱਤੇ) 28, 350 ਅਰਬ ਡਾਲਰ ਦੇ ਬਰਾਬਰ ਹੋਵੇਗੀ। ਉੱਥੇ ਇਸ ਦੌਰਾਨ ਅਮਰੀਕਾ ਦੀ ਕੁੱਲ ਘਰੇਲੂ ਪੈਦਾਵਾਰ ਵੱਧ ਕੇ 22, 330 ਅਰਬ ਡਾਲਰ ਹੋਵੇਗੀ। ਡੀਬੀਐਸ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ 2030 ਤੱਕ ਏਸ਼ੀਆ ਦੀਆਂ 10 ਮੁੱਖ ਅਰਥਵਿਵਸਥਾਵਾਂ ਅਮਰੀਕਾ ਨੂੰ ਪਛਾੜ ਦੇਣਗੀਆਂ।

ਇਸ ਤੋਂ ਪਹਿਲਾਂ ਇਸੇ ਮਹੀਨੇ ਆਈ ਵਰਲਡ ਬੈਂਕ ਦੀ ਰਿਪੋਰਟ ਮੁਤਾਬਕ ਭਾਰਤ ਹੁਣ ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਉਸ ਨੇ ਇਸ ਮਾਮਲੇ ਵਿੱਚ ਫਰਾਂਸ ਨੂੰ ਪਿੱਛੇ ਛੱਡ ਕੇ ਇਹ ਮੁਕਾਮ ਹਾਸਲ ਕੀਤਾ ਹੈ। ਵਰਲਡ ਬੈਂਕ ਮੁਤਾਬਕ ਭਾਰਤ ਦੀ ਜੀਡੀਪੀ ਪਿਛਲੇ ਸਾਲੇ ਦੇ ਅੰਤ ਵਿੱਚ 2.597 ਟ੍ਰਿਲੀਅਨ ਡਾਲ (178 ਲੱਖ ਕਰੋੜ ਰੁਪਏ) ਰਹੀ, ਜਦਕਿ ਫਰਾਂਸ ਦੀ 2.582 ਟ੍ਰਿਲੀਅਨ ਡਾਲਰ (177 ਲੱਖ ਕਰੋੜ ਰੁਪਏ) ਰਹੀ। ਕਈ ਤਿਮਾਹੀਆਂ ਦੀ ਮੰਦੀ ਤੋਂ ਬਾਅਦ ਭਾਰਤ ਦੀ ਅਰਥਵਿਵਸਥਾ ਜੁਲਾਈ 2017 ਤੋਂ ਫਿਰ ਤੋਂ ਮਜ਼ਬੂਤ ਹੋਣ ਲੱਗ ਪਈ ਹੈ।

ਦੱਸ ਦੇਈਏ ਕਿ ਭਾਰਤ ਦੀ ਆਬਾਦੀ ਇਸ ਸਮੇਂ 1.34 ਅਰਬ ਭਾਵ 134 ਕਰੋੜ ਹੈ ਅਤੇ ਇਹ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਬਣਨ ਦੀ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ। ਉਧਰ, ਫਰਾਂਸ ਦੀ ਆਬਾਦੀ 6.7 ਕਰੋੜ ਹੈ। ਵਰਲਡ ਬੈਂਕ ਦੇ ਅੰਕੜਿਆਂ ਮੁਤਾਬਕ ਫਰਾਂਸ ਦੀ ਪ੍ਰਤੀ ਵਿਅਕਤੀ ਜੀਡੀਪੀ ਭਾਰਤ ਤੋਂ 20 ਗੁਣਾ ਜਿਆਦਾ ਹੈ।

ਵਰਲਡ ਬੈਂਕ ਗਲੋਬਲ ਇਕਨਾਮਿਕਸ ਪ੍ਰਾਸਪੈਕਟਸ ਰਿਪੋਰਟ ਦੇ ਮੁਤਾਬਕ ਨੋਟਬੰਦੀ ਅਤੇ ਜੀਐਸਟੀ ਤੋਂ ਬਾਅਦ ਆਈ ਮੰਦੀ ਤੋਂ ਭਾਰਤ ਦੀ ਅਰਥਵਿਵਸਥਾ ਉਭਰ ਰਹੀ ਹੈ। ਨੋਟਬੰਦੀ ਅਤੇ ਜੀਐਸਟੀ ਕਾਰਨ ਦਿਖੇ ਠਹਿਰਾਅ ਤੋਂ ਬਾਅਦ ਪਿਛਲੇ ਸਾਲ ਮੈਨਿਊਫੈਕਚਰਿੰਗ ਅਤੇ ਉਪਭੋਗਤਾ ਖਰਚ ਭਾਰਤੀ ਅਰਥਵਿਵਸਥਾ ਨੂੰ ਰਫ਼ਤਾਰ ਦੇਣ ਦੇ ਮੁੱਖ ਕਾਰਕ ਰਹੇ। ਇੱਕ ਦਹਾਕੇ ਵਿੱਚ ਭਾਰਤ ਨੇ ਆਪਮੀ ਜੀਡੀਪੀ ਨੂੰ ਦੁੱਗਣਾ ਕਰ ਦਿੱਤਾ ਹੈ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਚੀਨ ਦੀ ਰਫਡਤਾਰ ਧੀਮੀ ਪੈ ਸਕਦੀ ਹੈ ਅਤੇ ਏਸ਼ੀਆ ਵਿੱਚ ਭਾਰਤ ਮੁੱਖ ਆਰਥਿਕ ਤਾਕਤ ਦੇ ਤੌਰ ਉੱਤੇ ਉਭਰ ਸਕਦਾ ਹੈ। ਉਮੀਦ ਜਤਾਈ ਗਈ ਹੈ ਕਿ ਭਾਰਤ 2030 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

2030 ਤੱਕ ਅਮਰੀਕਾ ਨੂੰ ਪਛਾੜ ਦੇਣਗੇ ਭਾਰਤ ਸਮੇਤ 10 ਏਸ਼ੀਆਈ ਮੁਲਕ : ਡੀਬੀਐਸ ਰਿਪੋਰਟ