16 ਜੁਲਾਈ ਤੋਂ ਰਾਜੋਆਣਾ ਭੁੱਖ ਹੜਤਾਲ ‘ਤੇ


ਪਟਿਆਲਾ, 14 ਜੁਲਾਈ (ਏਜੰਸੀ) : ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਫਾਂਸੀ ਦੀ ਸਜ਼ਾਯਾਫਤਾ ਬਲਵੰਤ ਸਿੰਘ ਰਾਜੋਆਣਾ ਨੇ 16 ਜੁਲਾਈ ਤੋਂ ਭੁੱਖ ਹੜਤਾਲ ਦਾ ਐਲਾਨ ਕੀਤਾ ਹੈ। ਰਾਜੋਆਣਾ ਨੇ ਇਹ ਐਲਾਨ ਸ਼੍ਰੋਮਣੀ ਕਮੇਟੀ ਵੱਲੋਂ ਉਸਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ‘ਚ ਤਬਦੀਲ ਕਰਨ ਵਾਲੀ ਅਪੀਲ ਦੀ ਪੈਰਵੀ ਨਾ ਕੀਤੇ ਜਾਣ ਕਰਕੇ ਕੀਤਾ ਹੈ। ਇਸ ਸਬੰਧੀ ਰਾਜੋਆਣਾ ਨੇ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਨੂੰ ਪੱਤਰ ਲਿਖਦਿਆਂ ਸੂਚਿਤ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਾਂਸੀ ਦੀ ਸਜ਼ਾ ਨਾਲ ਸਬੰਧਤ ਦੇਸ਼ ਦੇ ਰਾਸ਼ਟਰਪਤੀ ਕੋਲ 28 ਮਾਰਚ 2012 ਨੂੰ ਪਾਈ ਗਈ ਅਪੀਲ ਦੀ ਕੋਈ ਪੈਰਵੀ ਨਾ ਕਰਨ ਦੇ ਰੋਸ ਵਜੋਂ 16 ਜੁਲਾਈ ਤੋਂ ਮੈਂ ਭੁੱਖ ਹੜਤਾਲ ਕਰਨ ਜਾ ਰਿਹਾ ਹਾਂ।

ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਰਾਜੋਆਣਾ ਬਿਅੰਤ ਸਿੰਘ ਹੱਤਿਆ ਕਾਂਡਚ 22 ਦਸੰਬਰ 1995 ਨੂੰ ਹੋਈ ਗ੍ਰਿਫਤਾਰੀ ਤੋਂ ਲੈਕੇ ਹੁਣ ਤੱਕ ਜੇਲ੍ਹ ‘ਚ ਹੈ। ਇਸ ਕੇਸ ‘ਚ ਚੰਡੀਗੜ੍ਹ ਸੈਸ਼ਨ ਕਰੋਟ ਨੇ ਰਾਜੋਆਣਾ ਨੂੰ 31 ਜੁਲਾਈ,2007 ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਚੰਡੀਗੜ੍ਹ ਸੈਸ਼ਨ ਕਰੋਟ ਨੇ ਮਾਰਚ 2012 ‘ਚ ਡੈੱਥ ਵਾਰੰਟ ਜਾਰੀ ਕਰਕੇ 31 ਮਾਰਚ, 2012 ਨੂੰ ਰਾਜੋਆਣਾ ਨੂੰ ਫਾਂਸੀ ਦੇਣ ਦੇ ਹੁਕਮ ਸੁਣਾਏ ਸਨ।

ਇਸ ਦੌਰਾਨ ਹਜ਼ਾਰਾਂ ਲੋਕਾਂ ਨੇ ਸੜਕਾਂ ‘ਤੇ ਉੱਤਰ ਕੇ ਰਾਜੋਆਣਾ ਦੀ ਫਾਂਸੀ ਵਿਰੁੱਧ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਸੀ। ਉਸ ਸਮੇਂ ਸ਼੍ਰੋਮਣੀ ਕਮੇਟੀ ਨੇ ਰਾਸ਼ਟਰਪਤੀ ਕੋਲ ਅਪੀਲ ਦਾਇਰ ਕਰਕੇ ਰਾਜੋਆਣਾ ਦਾ ਫਾਂਸੀ ‘ਤੇ ਰੋਕ ਲਾਉਣ ਤੇ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ‘ਚ ਤਬਦੀਲ ਕਰਨ ਦੀ ਮੰਗ ਕੀਤੀ ਸੀ। ਇਸ ਅਪੀਲ ‘ਤੇ ਸੁਣਵਾਈ ਕਰਦਿਆਂ ਉਸ ਸਮੇਂ ਦੇ ਰਾਸ਼ਟਰਪਤੀ ਨੇ ਰਾਜੋਆਣਾ ਦਾ ਫਾਂਸੀ ‘ਤੇ ਰੋਕ ਲਾ ਕੇ ਇਹ ਅਪੀਲ ਅਗਲੇਰੀ ਕਾਰਵਾਈ ਲਈ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਭੇਜ ਦਿੱਤੀ ਸੀ। ਰਾਜੋਆਣਾ ਦੇ ਕਹਿਣ ਮੁਤਾਬਕ ਉਸ ਸਮੇਂ ਤੋਂ ਹੀ ਯਾਨੀ 6 ਸਾਲ 4 ਮਹੀਨੇ ਤੋਂ ਇਹ ਅਪੀਲ ਗ੍ਰਹਿ ਮੰਤਰਾਲੇ ਕੋਲ ਵਿਚਾਰ ਅਧੀਨ ਹੈ। ਰਾਜੋਆਣਾ ਨੇ ਕਿਹਾ ਕਿ ਮੇਰੇ ਵੱਲੋਂ ਕਈ ਵਾਰ ਬੇਨਤੀ ਕਰਨ ਤੋਂ ਬਾਅਦ ਵੀ ਸ਼੍ਰੋਮਣੀ ਕਮੇਟੀ ਇਸ ਅਪੀਲ ਦੀ ਪੈਰਵਾਈ ਕਰਨ ਤੋਂ ਮੁਨਕਰ ਹੋ ਰਹੀ ਹੈ।

ਰਾਜੋਆਣਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਅਕਾਲੀ ਦਲ ਦੇ ਹੇਠ ਕੰਮ ਕਰਦੀ ਹੈ ਤੇ ਕੇਂਦਰ ‘ਚ ਅਕਾਲੀ ਦਲ ਦੀ ਭਾਈਵਾਲ ਪਾਰਟੀ ਹੈ। ਅਜਿਹੇ ‘ਚ ਅਪੀਲ ਤੇ ਪੈਰਵੀ ਨਾ ਕਰਨਾ ਕਈ ਸਵਾਲ ਖੜ੍ਹੇ ਕਰਦਾ ਹੈ। ਰਾਜੋਆਣਾ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ‘ਤੇ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਦੋਸ਼ ਵੀ ਲਾਇਆ। ਰਾਜੋਆਣਾ ਨੇ ਕਿਹਾ ਕਿ ਮੇਰੀ ਇਹ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸ਼੍ਰੋਮਣੀ ਕਮੇਟੀ ਇਸ ਅਪੀਲ ‘ਤੇ ਪੈਰਵੀ ਕਰਕੇ ਕੋਈ ਫੈਸਲਾ ਨਹੀਂ ਕਰਵਾਉਂਦੀ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਇਸ ਅਪੀਲ ‘ਤੇ ਕੋਈ ਪੈਰਵੀ ਨਹੀਂ ਕਰਨਾ ਚਾਹੁੰਦੀ ਤਾਂ ਇਸ ਅਪੀਲ ਨੂੰ ਵਾਪਸ ਲੈ ਲਵੇ ਮੈਂ ਤਾਂ ਵੀ ਆਪਣੀ ਭੁੱਖ ਹੜਤਾਲ ਖ਼ਤਮ ਕਰ ਦੇਵਾਂਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

16 ਜੁਲਾਈ ਤੋਂ ਰਾਜੋਆਣਾ ਭੁੱਖ ਹੜਤਾਲ ‘ਤੇ