ਹੱਡ ਬੀਤੀ, ਬਦਲਦੇ ਪੰਜਾਬ ਦੀ ਦਾਸਤਾਂ..


ਜਦੋਂ ਪੰਜਾਬੋਂ ਬਾਹਰ ਹੋਈਏ ਤਾਂ ਕਈ ਵਾਰ ਲੋਕ ਸਵਾਲ ਕਰਦੇ ਨੇ ਕਿ ਪੰਜਾਬ ਵਿੱਚ ਤਾਂ ਕੁੜੀਆਂ ਮਹਿਫ਼ੂਜ਼ ਹੁੰਦੀਆਂ ਹੋਣੀਆਂ ਨੇ, ਸ਼ਾਇਦ ਬਹੁਤਿਆਂ ਨੂੰ ਅਜੇ ਵੀ ਓਹੀ ਪੁਰਾਣੇ ਭੁਲੇਖੇ ਨੇ ਕਿ ਜਦੋਂ ਕੁੜੀ ਸਰਦਾਰ (ਪੰਜਾਬੋਂ ਬਾਹਰਲਿਆਂ ਲਈ ਪਗੜੀ ਵਾਲਾ ਹੀ ਪੰਜਾਬੀ ਹੁੰਦਾ ਏ.. ਚਾਹੇ ਮੈਨੂੰ ਇਹ ਵਿਸ਼ਵਾਸ ਬਾਰੇ ਸੁਣਕੇ ਕੋਈ ਬਾਹਲੀ ਖ਼ੁਸ਼ੀ ਜਾਂ ਮਾਣ ਨਹੀਂ ਹੁੰਦਾ!) ਨਾਲ ਹੋਵੇ ਤਾਂ ਕੋਈ ਖ਼ਤਰਾ ਨਹੀਂ ! ਪੁਰਾਣੀਆਂ ਕਈ ਕਹਾਣੀਆਂ ਵੀ ਬੰਬੇ/ ਦਿੱਲੀ ਵਿੱਚ ਲੋਕ ਸੁਣਾਉਂਦੇ ਨੇ ਕਿ ਕਿਵੇਂ ਪੰਜਾਬੀ ਨੂੰ ਦੇਖ ਕੇ ਸਾਹ ਵਿੱਚ ਸਾਹ ਆ ਜਾਂਦਾ ਸੀ ! ਪਰ ਜਦੋਂ ਦੱਸਣਾ ਪੈਂਦਾ ਕਿ ਨਹੀਂ ਹੁਣ ਹਾਲਾਤ ਬਦਲ ਗਏ ਨੇ ਤਾਂ ਦੁੱਖ ਹੁੰਦਾ ਆ ! ਅਖੌਤੀ ਸਰਦਾਰਾਂ ਦੇ ਮੁੰਡੇ ਹਿੰਦੂ ਜਾਂ ਪੜੇ ਲਿਖੇ ਸਲੀਕੇ ਵਾਲੇ ਪੰਜਾਬੀ ਮੁੰਡਿਆਂ ਦਾ ਮਜ਼ਾਕ ਉਡਾਉਂਦੇ ਅਕਸਰ ਦੇਖੇ ਜਾ ਸਕਦੇ ਨੇ ਬਈ ਰਾਹੁਲ, ਚਿੰਟੂ ਟਾਈਪ ਨੇ ਇਹ ਤਾਂ ! ਅਣਖ ਤਾਂ ਸਾਰੀ ਸਾਡੇ ਵਿੱਚ ਈ ਭਰੀ ਹੋਈ ਆ.. ਪਰ ਮੁਆਫ਼ ਕਰਨਾ ਕੁੜੀਆਂ ਨੂੰ ਸਭ ਤੋਂ ਜ਼ਿਆਦਾ ਤੰਗ ਕਰਦੇ ਮੈਂ ਸਰਦਾਰਾਂ ਦੇ ਮੁੰਡੇ ਈ ਦੇਖੇ ਨੇ ! ਚਿੰਟੂ ਟਾਈਪ ਕਦੇ ਨਹੀਂ ਦੇਖੇ ! ਫੇਰ ਕਹਿਣਗੇ ਇਹਨਾਂ ‘ਚ ਤਾਂ ਹਿੰਮਤ ਹੈਨੀ … ਬਈ ਇਹੋ ਜਿਹੀ ਹਿੰਮਤ ਤੋਂ ਕੀ ਲੈਣਾ ! ਜਿੰਨੀ ਵਾਰ ਮੈਨੂੰ ਵੀ ਕਦੇ ਸੜਕਾਂ ‘ਤੇ ਮੁੰਡਿਆਂ ਨੇ ਤੰਗ ਕਰਨ ਦੀ ਕੋਸ਼ਿਸ਼ ਕੀਤੀ, ਉਹ ਪਰਨਿਆਂ ਵਾਲੇ, ਦਾਹੜੀਆਂ ਵਾਲੇ ਸਨ ! ਪਿਛਲੇ ਦਿਨੀਂ ਮੈਂ ਤੇ ਸੰਦੀਪ ਸਕੂਟਰ ‘ਤੇ ਜਾ ਰਹੀਆਂ ਸੀ, ਪੰਜ ਸਰਦਾਰਾਂ ਦੇ ਮੁੰਡਿਆਂ ਨੇ ਪਹਿਲਾਂ ਸਾਨੂੰ ਲੱਗਪੱਗ ੩-੪ ਕਿਲੋਮੀਟਰ ਤੰਗ ਕੀਤਾ ਤੇ ਜਦੋਂ ਅਸੀਂ ਹੋਰ ਪਾਸੇ ਮੁੜਨਾ ਸੀ ਤਾਂ ਜੀਪ ਦੇ ਸ਼ੀਸ਼ੇ ਥੱਲੇ ਕਰਕੇ ਬਕਵਾਸ ਕਰਨੀ ਸ਼ੁਰੂ ਕਰ ਦਿੱਤੀ.. ਮੈਂ ਵਿਚਕਾਰਲੀ ਉਂਗਲ ਵਾਲਾ ਸਲੂਟ ਮਾਰ ਦਿੱਤਾ ਤਾਂ ਉਹਨਾਂ ਦੀ ਅਣਖ ‘ਤੇ ਏਨੀ ਸੱਟ ਵੱਜੀ ਕਿ ਉਹ ਉੱਤੋਂ ਘੁਮਾ ਕੇ ਸਾਡੇ ਪਿਛੇ ਘਰ ਆ ਗਏ! ਏਨੇ ਹੁਸ਼ਿਆਰ ਕਿ ਨੰਬਰ ਨਹੀਂ ਨੋਟ ਹੋਣ ਦਿੱਤਾ .. ਜੀਪ ਪਰ੍ਹਾਂ ਹੀ ਖੜਾ ਦਿੱਤੀ … ਪਹਿਲੋਂ ਵੀ ਬਰਾਬਰ ਚਲਾ ਕੇ ਹੀ ਤੰਗ ਕਰ ਰਹੇ ਸੀ ! ਉਹਨਾਂ ਨੂੰ ਸਿਰਫ਼ ਪ੍ਰੇਸ਼ਾਨੀ ਕਿ ਉਂਗਲ ਕਿਵੇਂ ਦਿਖਾਈ ! ਗਾਲ੍ਹ ਆ ਇਹ ! ਮਤਲਬ ਕੁੜੀ ਛੇੜਣਾ ਠੀਕ ਆ ! ਜੇ ਕੁੜੀ ਮੂਹਰੋਂ ਕੁਝ ਕਹਿ ਦੇਵੇ ਤਾਂ ਕਿੱਦਾਂ ਮਰਦਾਨਗੀ ‘ਤੇ ਸੱਟ ਵੱਜਦੀ ਆ ! ਅਸੀਂ ਕਿਹਾ ਕਿ ਦਫ਼ਾ ਹੋਵੋ ! ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਤੁਹਾਡੀ ਗ਼ਲਤੀ ਵੀ ਹੈ ਤੇ ਤੁਸੀਂ ਉੱਤੋਂ ਸਾਨੂੰ ਘਰ ਆ ਕੇ ਵੀ ਪ੍ਰੇਸ਼ਾਨ ਕਰ ਰਹੇ ਹੋ .. ਇੱਕ ਕਹਿੰਦਾ ਕਿ ਜੋ ਮਰਜ਼ੀ ਕਹੀਏ ਅਸੀਂ ਪਰ ਤੁਸੀਂ ਜੋ ਮੂਹਰੋਂ ਕੀਤਾ ਉਹ ਨਹੀਂ ਕਰਨਾ ਚਾਹੀਦਾ ! ਸਮਝ ਨਹੀਂ ਆਉਂਦੀ ਕਿ ਅਜਿਹੇ ਹਾਲਾਤ ਵਿੱਚ ਕੁੜੀ ਕੀ ਕਰੇ ! ਕਿਸੇ ਦੇ ਤੰਗ ਕਰਨ ‘ਤੇ ਮਜ਼ੇ ਲਈਏ ਅਸੀਂ ? ਸੰਦੀਪ ਨੂੰ ਕਹਿੰਦਾ ਕਿ ਸਾਡੇ ਘਰ ਸਾਡੇ ਘਰ ਵਾਲੀਆਂ, ਭੈਣਾਂ, ਮਾਵਾਂ ਨੇ .. ਸੰਦੀਪ ਕਹਿੰਦੀ ਫੇਰ ਤਾਂ ਨੱਕ ਡੁਬੋ ਕੇ ਮਰ ਜਾ !

ਇਹ ਕੋਈ ਮਹੀਨਾ ਪਹਿਲਾਂ ਦੀ ਗੱਲ ਹੋਉ ਸ਼ਾਇਦ, ਪਰ ਮੇਰੇ ਦਿਮਾਗ਼ ਵਿੱਚ ਘੁੰਮਦੀ ਰਹਿੰਦੀ ਹੈ ਕਿ ਸਾਡੀ ਅਣਖ ਕਿਹੜੇ ਪਾਸੇ ਕਿਵੇਂ ਨਿੱਕਲ ਰਹਿ ਆ ! ਕੁੜੀਆਂ ਨੂੰ ਡਰਾ ਕੇ, ਛੇੜ ਕੇ , ਹੁੱਲੜਬਾਜ਼ੀ ਕਰਕੇ … ਹਿੰਮਤ ਦੇਖੋ .. ਪਹਿਲਾਂ ਤੰਗ ਕਰੋ .. ਫੇਰ ਅਗਲੇ ਦੇ ਘਰ ਜਾਣ ਦੀ ਹਿੰਮਤ ਵੀ ਹੈ ! ਵਾਕਿਆ ਹੀ ਇਹ ਪੰਜਾਬੀ ਹੀ ਕਰ ਸਕਦੇ ਨੇ .. ਜਿਗਰੇ ਵਾਲਿਆਂ ਦਾ ਕੰਮ ਹੈ ! ਗ਼ਲਤੀ ਦਾ ਅਹਿਸਾਸ ਨਹੀਂ ਬਲਕਿ ਜਿਵੇਂ ਜਨਮਸਿੱਧ ਅਧਿਕਾਰ ਹੋਵੇ ਸੜਕਾਂ ‘ਤੇ ਬਕਵਾਸ ਕਰਨਾ !

ਮੇਰੇ ਕਹਿਣ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਸਾਰੇ ਸਰਦਾਰਾਂ ਦੇ ਮੁੰਡੇ ਮਾੜੇ ਨੇ ! ਪਰ ਮੈਂ ਜਿੰਨੀ ਵਾਰ ਅਜਿਹੇ ਗੰਦੀ ਸ਼ਬਦਾਵਲੀ ਜਾਂ ਕੁੜੀਆਂ ਨੂੰ ਤੰਗ ਕਰਦੇ ਦੇਖਿਆ ਹੈ ਉਹ ਜ਼ਿਆਦਾਤਰ ਸਿੱਖ ਮੁੰਡੇ ਹੁੰਦੇ ਨੇ ! ਮੇਰੇ ਆਸ ਪਾਸ ਬਹੁਤ ਪਿਆਰੇ ਮੁੰਡੇ ਨੇ .. ਮੇਰੇ ਦੋਸਤ ਅਜਿਹੇ ਕਾਰਨਾਮਿਆਂ ਤੋਂ ਦੂਰ ਨੇ .. ਮੇਰੇ ਭਰਾ ਹੁੱਲੜਬਾਜ਼ੀਆਂ ਤੋਂ ਨਫ਼ਰਤ ਕਰਦੇ ਨੇ ! (and unfortunately even if they do these things, they deserve the same!! )

ਮੇਰਾ ਇਹ ਸਾਂਝਾ ਕਰਨ ਦਾ ਮਤਲਬ ਇਹੀ ਹੈ ਕਿ ਜੇ ਸਾਡੇ ਆਸ ਪਾਸ ਅਜਿਹਾ ਹੋ ਰਿਹਾ ਹੈ ਤਾਂ ਆਪਾਂ ਟੋਕੀਏ, ਚਾਹੇ ਤੁਸੀਂ ਮਰਦ ਹੀ ਹੋ, ਅਜਿਹਿਆਂ ਨੂੰ ਉਂਗਲੀ ਕਿਉਂ ਨਾ ਦਿਖਾਈ ਜਾਵੇ ! ਕਿਉਂ ਨਾ ਪੁੱਛਿਆ ਜਾਵੇ ਕਿ ਉਹਨਾਂ ਦੀ ਦਿੱਕਤ ਕੀ ਹੈ ਤੇ ਕਿਉਂ ਨਾ ਦੱਸਿਆ ਜਾਵੇ ਕਿ ਸਾਨੂੰ ਉਹਨਾਂ ਦੇ ਅਜਿਹੇ ਵਤੀਰੇ ਤੋਂ ਦਿੱਕਤ ਹੈ ਤੇ ਅਸੀਂ ਚੁੱਪ ਨਹੀਂ ਰਹਾਂਗੇ !

ਆਪਣੇ ਆਸ ਪਾਸ ਵਾਲੇ ਮੁੰਡਿਆਂ ਦੋਸਤਾਂ, ਭਰਾਵਾਂ, ਪੁੱਤਰਾਂ, ਪਿਓ ਸਭਨਾਂ ਨਾਲ ਇਹਨਾਂ ਵਿਸ਼ਿਆਂ ਤੇ ਖੁੱਲ੍ਹ ਕੇ ਗੱਲਬਾਤ ਕੀਤੀ ਜਾਵੇ ! ਦੱਸਿਆ ਜਾਵੇ ਕਿ ਅਜਿਹਾ ਕਰਨਾ ਹਰਗਿਜ਼ ਬਹਾਦਰੀ ਭਰਿਆ, ਮਾਣ ਵਾਲਾ ਜਾਂ ਅਣਖ ਵਾਲਾ ਕੰਮ ਨਹੀਂ.. ਅਜਿਹਾ ਖ਼ਾਸ ਕਰਕੇ ਸਾਡੇ ਸਮਿਆਂ ਵਿੱਚ ਜ਼ਰੂਰੀ ਹੋ ਜਾਂਦਾ ਹੈ ਜਦੋਂ ਅਗਲੀਆਂ ਪੁਸ਼ਤਾਂ ਅਜਿਹੇ ਬੁਜ਼ਦਿਲੀ ਵਾਲੇ ਕੰਮਾਂ (ਕੁੜੀਆਂ ਛੇੜਣਾ, ਫੋਕੇ ਦਿਖਾਵੇ, ਚੁਰਾਹਿਆਂ ਵਿੱਚ ਗੋਲੀਆਂ ਮਾਰਨਾ) ਨੂੰ ਬਹਾਦਰੀ ਭਰੇ ਕੰਮ ਮੰਨਣ ਦੀ ਗ਼ਲਤੀ ਕਰ ਰਹੀਆਂ ਨੇ !

ਜੱਸੀ ਸੰਘਾ


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਹੱਡ ਬੀਤੀ, ਬਦਲਦੇ ਪੰਜਾਬ ਦੀ ਦਾਸਤਾਂ..