ਕੈਲਗਰੀ ਵਿੱਚ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਸ਼ੋਅ ਖਿਲਾਫ ਭਾਰੀ ਲੋਕ ਪ੍ਰਦਰਸ਼ਨ


ਕੈਲਗਰੀ, (ਹਰਬੰਸ ਬੁੱਟਰ) : ਕੈਲਗਰੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਗਾਇਕੀ ਵਿੱਚ ਆ ਰਹੇ ਵਿਗਾੜਾਂ ਪ੍ਰਤੀ ਜਾਗਰੂਕਤਾ ਮੁਹਿੰਮ ਚਲਾ ਰਹੀਆਂ ਦੋ ਸੰਸਥਾਵਾਂ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਅਦਾਰਾ ਸਿੱਖ ਵਿਰਸਾ ਇੰਟਨੈਸ਼ਨਲ ਵਲੋਂ ਆਜੋਯਤ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਨੇ ਭਾਗ ਲਿਆ।ਇਸ ਰੋਸ ਪ੍ਰਦਰਸ਼ਨ ਵਿੱਚ 5 ਸਾਲ ਦੇ ਬੱਚਿਆਂ ਤੋਂ ਲੈ ਕੇ 85 ਸਾਲ ਬਜੁਰਗਾਂ ਨੇ ਹਿੱਸਾ ਲੈ ਕੇ ਇਹ ਸਾਬਿਤ ਕਰ ਦਿੱਤਾ ਕਿ ਪੰਜਾਬੀ ਭਾਈਚਾਰੇ ਦਾ ਵੱਡਾ ਹਿੱਸਾ ਪੰਜਾਬੀ ਸਭਿਆਚਾਰ ਤੇ ਬੋਲੀ ਲਈ ਫਿਕਰਮੰਦ ਹੈ। ਪ੍ਰਦਰਸ਼ਨ ਦੀ ਖਾਸੀਅਤ ਇਹ ਸੀ ਕਿ ਇਸ ਵਿੱਚ ਨੌਜਵਾਨਾਂ, ਬੱਚਿਆਂ ਤੇ ਔਰਤਾਂ ਦੀ ਵੱਡੀ ਗਿਣਤੀ ਸੀ। ਸਿਰਫ ਇੱਕ ਦਿਨ ਦੇ ਸੱਦੇ ਤੇ ਕੈਲਗਰੀ ਦੀਆਂ ਅਨੇਕਾਂ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਨੇ ਭਾਗ ਲਿਆ।ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ‘ਕੈਲਗਰੀ ਵੁਮੈਨ ਕਲਚਰਲ ਐਸੋਸੀਏਸ਼ਨ ਕੈਲਗਰੀ’ ਦੀਆਂ ਔਰਤ ਮੈਂਬਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।

ਇਸ ਮੌਕੇ ਤੇ ਮੁੱਖ ਬੁਲਾਰਿਆਂ ਮਾਸਟਰ ਭਜਨ ਸਿੰਘ ਤੇ ਹਰਚਰਨ ਪਰਹਾਰ ਵਲੋਂ ਪੰਜਾਬੀ ਗਾਇਕੀ ਰਾਹੀਂ ਸਮਾਜ ਵਿੱਚ ਫੈਲਾਈ ਜਾ ਰਹੀ ਲੱਚਰਤਾ, ਹਿੰਸਾ, ਨਸ਼ਿਆਂ, ਜਾਤ-ਪਾਤ, ਔਰਤਾਂ ਵਿਰੁੱਧ ਭੱਦੀ ਸ਼ਬਦਾਵਲੀ ਦੀ ਜਿਥੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ, ਉਥੇ ਇਸ ਗਾਇਕੀ ਦੇ ਸਮਾਜ ਤੇ ਖਾਸਕਰ ਨੌਜਵਾਨਾਂ ਤੇ ਪੈ ਰਹੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲਪ੍ਰੀਤ ਕੌਰ ਪੰਧੇਰ, ਗੁਰਚਰਨ ਕੌਰ ਥਿੰਦ, ਸਵਰਨ ਧਾਲੀਵਾਲ, ਜਗਦੀਸ਼ ਚੌਹਕਾ ਆਦਿ ਬੁਲਾਰਿਆਂ ਨੇ ਲੱਚਰ ਗਾਇਕੀ ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਯਾਦ ਰਹੇ ਇਹ ਰੋਸ ਪ੍ਰਦਰਸ਼ਨ ਪੰਜਾਬੀ ਰੈਪ ਗਾਇਕ ਅੰਮ੍ਰਿਤ ਮਾਨ ਦੇ ਸ਼ੋਅ ਖਿਲਾਫ ਰੱਖਿਆ ਗਿਆ ਸੀ, ਜੋ ਕਿ ਉਨ੍ਹਾਂ ਕੁਝ ਗਾਇਕਾਂ ਵਿਚੋਂ ਇੱਕ ਹੈ, ਜੋ ਸ਼ਰੇਆਮ ਆਪਣੇ ਗੀਤਾਂ ਵਿੱਚ ਨਸ਼ਿਆਂ, ਹਿੰਸਾ, ਜਾਤ-ਪਾਤ, ਗੈਂਗਵਾਦ, ਗੰਨ ਕਲਚਰ, ਡਰੱਗਜ਼, ਔਰਤਾਂ ਵਿਰੁੱਧ ਭੱਦੀ ਸ਼ਬਦਾਵਲੀ ਨੂੰ ਪ੍ਰਮੋਟ ਕਰਦੇ ਹਨ। ਕਿਸੇ ਪੰਜਾਬੀ ਗਾਇਕ ਵਿਰੁੱਧ ਸ਼ਾਇਦ ਇਹ ਪਹਿਲਾ ਪ੍ਰਭਾਵਸ਼ਾਲੀ ਲੋਕ ਮੁਜ਼ਾਹਿਰਾ ਸੀ, ਜਿਸ ਵਿੱਚ ਹਰ ਵਰਗ ਦੇ ਲੋਕਾਂ ਨੇ ਭਾਗ ਲੈ ਕੇ ਅਜਿਹੀ ਗਾਇਕੀ ਵਿਰੁੱਧ ਆਪਣਾ ਫਤਵਾ ਦਿੱਤਾ।

ਪ੍ਰਬੰਧਕਾਂ ਵਲੋਂ ਇਹ ਸਪੱਸ਼ਟ ਕੀਤਾ ਗਿਆ ਕਿ ਉਹ ਕਿਸੇ ਇੱਕ ਗਾਇਕ ਜਾਂ ਪ੍ਰਮੋਟਰ ਦੇ ਵਿਰੁੱਧ ਨਹੀਂ, ਸਗੋਂ ਅਜਿਹੀ ਗਾਇਕੀ ਨੂੰ ਪ੍ਰਮੋਟ ਕਰ ਰਹੇ ਸਾਰੇ ਗਾਇਕਾਂ, ਸਪੌਂਸਰਾਂ, ਪ੍ਰਮੋਟਰਾਂ ਖਿਲਾਫ ਆਪਣੀ ਮੁਹਿੰਮ ਜਾਰੀ ਰੱਖਣਗੇ।ਉਨ੍ਹਾਂ ਗਾਇਕਾਂ ਨੂੰ ਤਾੜਨਾ ਕੀਤੀ ਕਿ ਅਜੇ ਵੀ ਸਮਾਂ ਹੈ ਕਿ ਉਹ ਅਜਿਹੀ ਗਾਇਕੀ ਨੂੰ ਬੰਦ ਕਰਨ, ਨਹੀਂ ਤਾਂ ਲੋਕ ਵਿਰੋਧ ਲਈ ਤਿਆਰ ਰਹਿਣ। ਅੰਮ੍ਰਿਤ ਮਾਨ ਸਮੇਤ ਪੰਜਾਬੀ ਗਾਇਕੀ ਨੂੰ ਬਰਬਾਦ ਕਰ ਰਹੇ ਸਾਰੇ ਗਾਇਕਾਂ ਖਿਲਾਫ ਨਾਹਰੇ ਮਾਰਦਾ ਲੋਕ ਕਾਫਲਾ ਇੱਕ ਘੰਟੇ ਦੇ ਸ਼ਾਂਤਮਈ ਪ੍ਰਦਰਸ਼ਨ ਤੋਂ ਬਾਅਦ ਸਮਾਪਤ ਹੋਇਆ ਤੇ ਪੰਜਾਬੀ ਸਮਾਜ ਲਈ ਸੋਚਣ ਵਾਸਤੇ ਅਨੇਕਾਂ ਤਰ੍ਹਾਂ ਦੇ ਸਵਾਲ ਖੜੇ ਕਰ ਗਿਆ।ਮੁਜਾਹਿਰੇ ਦੀ ਇੱਕ ਖਾਸੀਅਤ ਇਹ ਸੀ ਪ੍ਰਦਰਸ਼ਨਕਾਰੀਆਂ ਨੇ ਰੋਸ ਵਜੋਂ ਕਾਲੇ ਕੱਪੜੇ ਜਾਂ ਮੱਥੇ ਤੇ ਕਾਲੀਆਂ ਪੱਟੀਆਂ ਦੇ ਨਾਲ-ਨਾਲ ਹੱਥਾਂ ਵਿੱਚ ਲੱਚਰ ਗਾਇਕੀ ਖਿਲਾਫ ਪੋਸਟਰ ਚੁੱਕੇ ਹੋਏ ਸਨ।


Like it? Share with your friends!

1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਲਗਰੀ ਵਿੱਚ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਸ਼ੋਅ ਖਿਲਾਫ ਭਾਰੀ ਲੋਕ ਪ੍ਰਦਰਸ਼ਨ