ਇੰਤਹਾਪਸੰਦੀ ਪਾਕਿਸਤਾਨ ਲਈ ਸਭ ਤੋਂ ਵੱਡੀ ਚੁਣੌਤੀ : ਬਿਲਾਵਲ


ਲਾਹੌਰ, 20 ਜੁਲਾਈ (ਏਜੰਸੀ) : ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਕੋ-ਚੇਅਰਮੈਨ ਬਿਲਾਵਲ ਭੁੱਟੋ ਨੇ ਇੰਤਹਾਪਸੰਦੀ ਨੂੰ ਮੁਲਕ ਦੇ ਅੱਜ ਤੇ ਭਵਿੱਖ ਲਈ ‘ਵੱਡੀ ਚੁਣੌਤੀ’ ਦੱਸਦਿਆਂ ਇਸ ‘ਅਲਾਮਤ’ ਨੂੰ ਜੜ੍ਹੋਂ ਪੁੱਟਣ ਲਈ ਲੋਕਾਂ ਤੋਂ ਹਮਾਇਤ ਮੰਗੀ ਹੈ। ਉਨ੍ਹਾਂ ਕਿਹਾ ਕਿ ਇੰਤਹਾਪਸੰਦੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਆਵਾਮ 25 ਜੁਲਾਈ ਦੀਆਂ ਚੋਣਾਂ ’ਚ ਪੀਪੀਪੀ ਨੂੰ ਜਿਤਾ ਕੇ ਸੱਤਾ ਵਿੱਚ ਲਿਆਏ। ਬਿਲਾਵਲ ਨੇ ਕਿਹਾ ਕਿ ਇੰਤਹਾਪਸੰਦੀ ਖ਼ਿਲਾਫ਼ ਮਿਲ ਕੇ ਲੜਨ ਨਾਲ ਹੀ ਖੁ਼ਸ਼ਹਾਲ ਤੇ ਸ਼ਾਂਤਮਈ ਪਾਕਿਸਤਾਨ ਦੀ ਸਿਰਜਣਾ ਸੰਭਵ ਹੈ। ਉਨ੍ਹਾਂ ਕਿਹਾ ਕਿ ਇਕ ਤਾਕਤਵਾਰ ਤਾਨਸ਼ਾਹ ਨਾਲੋਂ ਕਮਜ਼ੋਰ ਜਮਹੂਰੀਅਤ ਕਿਤੇ ਬਿਹਤਰ ਹੈ। ਬਿਲਾਵਲ ਨੇ ਕਿਹਾ ਕਿ ਪੀਟੀਆਈ ਮੁਖੀ ਇਮਰਾਨ ਖ਼ਾਨ ਕੋਲ ਮੁਲਕ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਲਈ ਮਹਿਜ਼ 0.2 ਫੀਸਦ ਮੌਕਾ ਹੈ। ਬਿਲਾਵਲ ਨੇ ਇਕ ਟਵੀਟ ’ਚ ਕਿਹਾ, ‘ਪਾਕਿਸਤਾਨ ਦੇ ਅੱਜ ਤੇ ਭਵਿੱਖ ਲਈ ਸਭ ਤੋਂ ਵੱਡਾ ਖ਼ਤਰਾ ਇੰਤਹਾਪਸੰਦੀ ਹੈ। ਸਮਾਜ ’ਚੋਂ ਇਸ ਅਲਾਮਤ ਨੂੰ ਜੜ੍ਹੋਂ ਪੱਟ ਸੁੱਟਣ ਲਈ ਮੈਨੂੰ ਤੁਹਾਡੀ ਹਮਾਇਤ ਦੀ ਲੋੜ ਹੈ।

ਅਸੀਂ ਮਿਲ ਕੇ ਇਸ ਨਾਲ ਲੜ ਸਕਦੇ ਹਾਂ ਤਾਂ ਕਿ ਸ਼ਾਂਤਮਈ, ਅਗਾਂਹਵਧੂ ਤੇ ਖ਼ੁਸ਼ਹਾਲ ਪਾਕਿਸਤਾਨ ਦੀ ਸਿਰਜਣਾ ਕਰ ਸਕੀਏ।’ ਇਸ ਦੌਰਾਨ ਬਿਲਾਵਲ ਨੇ ਆਪਣੇ ਸਿਆਸੀ ਵਿਰੋਧੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਚੇਅਰਮੈਨ ਇਮਰਾਨ ਖ਼ਾਨ ਵੱਲ ਨਿਸ਼ਾਨਾ ਸੇਧਦਿਆਂ ਕਿਹਾ ਕਿ ਮੁਲਕ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਲਈ ਉਨ੍ਹਾਂ ਕੋਲ ਮਹਿਜ਼ 0.2 ਫੀਸਦ ਮੌਕਾ ਹੈ। ਪੰਜਾਬ ਸੂਬੇ ਦੇ ਚਿਨੀਅਟ ਸੂਬੇ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਿਲਾਵਲ ਨੇ ਦਾਅਵਾ ਕੀਤਾ ਕਿ ਖੁ਼ਦ ਨੂੰ ਸਿਆਸੀ ਪਾਰਟੀਆਂ ਅਖਵਾਉਂਦੀਆਂ ਪੀਟੀਆਈ ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੇ ਪੰਜਾਬ ਦੀ ਸਿਆਸਤ ਨੂੰ ਆਪਣੇ ਕਲਾਵੇ ’ਚ ਲੈ ਰੱਖਿਆ ਹੈ। ਬਿਲਾਵਲ ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਕਰਨ ’ਚ ਯਕੀਨ ਰੱਖਦਾ ਹੈ ਤੇ ਉਸ ਨੂੰ ‘ਯੂ-ਟਰਨ’ ਤੇ ਸ਼ੋਅਬਾਜ਼ੀ ’ਚ ਕੋਈ ਯਕੀਨ ਨਹੀਂ। ਪੀਪੀਪੀ ਦੇ ਸਹਿ-ਚੇਅਰਮੈਨ ਨੇ ਸਾਫ਼ ਕਰ ਦਿੱਤਾ ਕਿ ਸਾਨੂੰ ਨਫ਼ਰਤ ਤੇ ਮੰਦੀ ਭਾਸ਼ਾ ਦੁਆਲੇ ਘੁੰਮਦੀ ਰਾਜਨੀਤੀ ਦਾ ਭੋਗ ਪਾਉਣਾ ਹੋਵੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਇੰਤਹਾਪਸੰਦੀ ਪਾਕਿਸਤਾਨ ਲਈ ਸਭ ਤੋਂ ਵੱਡੀ ਚੁਣੌਤੀ : ਬਿਲਾਵਲ