ਸਿੰਗਾਪੁਰ ਅਤੇ ਭਾਰਤ ਵਿਚਕਾਰ ਹੋਏ ਕਈ ਅਹਿਮ ਸਮਝੌਤੇ


ਸਿੰਗਾਪੁਰ, 1 ਜੂਨ (ਏਜੰਸੀ) : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿੰਗਾਪੁਰ ਦੇ ਦੋ ਦਿਨਾ ਦੌਰੇ ਦੌਰਾਨ ਸਿੰਗਾਪੁਰ ਅਤੇ ਭਾਰਤ ਵਿਚਕਾਰ ਕਈ ਅਹਿਮ ਸਮਝੌਤਿਆਂ ਉੱਤੇ ਦਸਤਖ਼ਤ ਹੋਏ। ਇਨ੍ਹਾਂ ਵਿੱਚੋਂ ਭਾਰਤੀ ਸੈਲਾਨੀਆਂ ਨੂੰ ਕਾਫੀ ਰਾਹਤ ਦੇਣ ਵਾਲਾ ਸਮਝੌਤਾ ਵੀ ਸ਼ਾਮਲ ਹੈ, ਜਿਸ ਤਹਿਤ ਭਾਰਤੀ ਸੈਲਾਨੀ ਹੁਣ ਸਿੰਗਾਪੁਰ ਵਿੱਚ ਰੂਪੇ ਕਾਰਡ ਦੀ ਵਰਤੋਂ ਕਰ ਸਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸਿਐਨ ਲੂੰਗ ਵਿਚਕਾਰ ਮੁਲਾਕਾਤ ਦੌਰਾਨ ਭਾਰਤ ਅਤੇ ਸਿੰਗਾਪੁਰ ਵਿਚਕਾਰ ਵਪਾਰ ਨੂੰ ਹੱਲਾਸ਼ੇਰੀ ਦੇਣ ਲਈ ਲਗਭਗ 14 ਸਮਝੌਤਿਆਂ ਉੱਤੇ ਦਸਤਖ਼ਤ ਹੋਏ।

ਇਸ ਮੌਕੇ ਸੰਬੋਧਨ ਕਰਦਿਆਂ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਰੱਖਿਆ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ। ਸਾਡੀ ਸਮੁੰਦਰੀ ਫੌਜ ਨੇ ਅੱਜ ਲਾਜਿਸਟਿਕਸ ਸਹਿਯੋਗ ਉੱਤੇ ਇੱਕ ਸਮਝੌਤੇ ਉੱਤੇ ਦਸਤਖ਼ਤ ਕੀਤੇ ਹਨ ਅਤੇ ਇਸ ਸਾਲ ਭਾਰਤ ਅਤੇ ਸਿੰਗਾਪੁਰ ਸਮੁੰਦਰੀ ਦੁਵੱਲੇ ਅਭਿਆਸ ਦੀ 25ਵੀਂ ਵਰ੍ਹੇਗੰਢ ਮਨਾਉਣਗੇ। ਪ੍ਰਧਾਨ ਮੰਤਰੀ ਲੀ ਸਿਐਨ ਲੂੰਗ ਨੇ ਕਿਹਾ ਕਿ ਹੁਣ ਭਾਰਤੀ ਸੈਲਾਨੀ ਚਾਂਗਈ ਹਵਾਈ ਅੱਡੇ ਅਤੇ ਸਿੰਗਾਪੁਰ ਵਿੱਚ ਕੁਝ ਖਾਸ ਅਪਰੇਟਰਾਂ ਉੱਤੇ ਇਲਾਕਟ੍ਰਾਨਿਕ ਭੁਗਤਾਨ ਲਈ ਆਪਣੇ ਰੂਪੇ ਕਾਰਡ ਦੀ ਵਰਤੋਂ ਕਰ ਸਕਣਗੇ। ਮੋਦੀ ਨੇ ਸਿੰਗਾਪੁਰ ਵਿੱਚ ਡਿਜੀਟਲ ਪੇਮੈਂਟ ਲਈ ਤਿੰਨ ਭਾਰਤੀ ਐਪ ਲਾਂਚ ਕੀਤੇ। ਇਨ੍ਹਾਂ ਵਿੱਚ ਭੀਮ, ਰੂਪੇ ਅਤੇ ਐਸਬੀਆਈ ਐਪ ਸ਼ਾਮਲ ਹਨ। ਇਸ ਦਾ ਮਕਸਦ ਭਾਰਤੀ ਡਿਜੀਟਲ ਪੇਮੈਂਟ ਸਿਸਟਮ ਨੂੰ ਕੌਮਾਂਤਰੀ ਮੰਚਾਂ ਉੱਤੇ ਲਿਜਾਣਾ ਹੈ। ਰੂਪੇ ਪੇਮੈਂਟ ਸਿਸਟਮ ਨੂੰ ਸਿੰਗਾਪੁਰ ਦੇ 33 ਸਾਲ ਪੁਰਾਣੇ ਨੈਟਵਰਕ ਫਾਰ ਇਲੈਕਟ੍ਰਾਨਿਕ ਟ੍ਰਾਂਸਫਰ ਨਾਲ ਜੋੜਿਆ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਿੰਗਾਪੁਰ ਦੀ ਮਹੱਤਵਪੂਰਨ ਕੰਪਨੀਆਂ ਦੇ ਸੀਈਓਜ਼ ਨਾਲ ਹੋਈ ਗੋਲਮੇਜ ਕਾਨਫਰੰਸ ਦੌਰਾਨ ਉਨ੍ਹਾਂ ਦੇ ਭਾਰਤ ਪ੍ਰਤੀ ਵਿਸ਼ਵਾਸ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ। ਭਾਰਤ ਅਤੇ ਸਿੰਗਾਪੁਰ ਵਿਚਕਾਰ ਏਅਰ ਟੈਰਿਫ਼ ਤੇਜੀ ਨਾਲ ਵਧ ਰਿਹਾ ਹੈ। ਦੋਵੇਂ ਮੁਲਕ ਜਲਦ ਹੀ ਦੁਵੱਲੇ ਹਵਾਈ ਸੇਵਾਵਾਂ ਸਮਝੌਤੇ ਦੀ ਸਮੀਖਿਆ ਸ਼ੁਰੂ ਕਰਨਗੇ। ਮੋਦੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਭਾਰਤ ਨਾਲ ਸਬੰਧ ਮਜ਼ਬੂਤ ਕਰਨ ਲਈ ਅਣਥਕ ਯਤਨ ਕੀਤੇ ਹਨ। ਮੋਦੀ ਨੇ ਕਿਹਾ ਕਿ ਹੁਨਰ ਵਿਕਾਸ, ਯੋਜਨਾ ਅਤੇ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਸਾਡੇ ਸਹਿਯੋਗ ਵਿੱਚ ਚੰਗੀ ਤਰੱਕੀ ਹੋਈ ਹੈ। ਅਸੀਂ ਜੋ ਸਮਝੌਤੇ ਕੀਤੇ ਹਨ, ਉਹ ਇਸ ਸਹਿਯੋਗ ਨੂੰ ਨਵੀਂ ਉਚਾਈ ਉੱਤੇ ਲੈ ਜਾਣਗੇ।

ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਬੀਤੇ ਦਿਨ ਮੋਦੀ ਨੇ ਕਿਹਾ ਕਿ ਸਿੰਗਾਪੁਰ ਦੇ ਨਾਲ ਸਾਡੇ ਸਬੰਧ ਗਰਮਜੋਸ਼ੀ ਭਰੇ ਹਨ। ਅਸੀਂ ਜਦੋਂ ਆਪਣਾ ਦਰਵਾਜਾ ਦੁਨੀਆ ਲਈ ਖੋਲਿਆ ਅਤੇ ਪੂਰਬ ਵੱਲ ਰੁਖ ਕੀਤਾ ਤਾਂ ਸਿੰਗਾਪੁਰ ਭਾਰਤ ਅਤੇ ਆਸਿਆਨ ਵਿਚਕਾਰ ਇੱਕ ਪੁਲ ਬਣ ਗਿਆ। ਉਨ੍ਹਾਂ ਕਿਹਾ ਕਿ ਸਾਡੇ ਰਾਜਨੀਤਕ ਸਬੰਧਾਂ ਵਿਚ ਕੋਈ ਦਰਾਰ ਨਹੀਂ ਹੈ। ਦੋਵੇਂ ਦੇਸ਼ ਕੌਮਾਂਤਰੀ ਮੰਚਾਂ ਉੱਤੇ ਇੱਕ ਆਵਾਜ਼ ਵਿੱਚ ਗੱਲ ਕਰਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਏਸ਼ੀਆ ਵਿੱਚ ਸਥਿਰਤਾ ਅਤੇ ਸ਼ਾਂਤੀ ਲਈ ਭਾਰਤ ਅਤੇ ਸਿੰਗਾਪੁਰ ਨੂੰ ਇਕੱਠਿਆਂ ਮਿਲ ਕੇ ਕੰਮ ਕਰਨਾ ਹੋਵੇਗਾ। ਇਸ ਤੋਂ ਬਿਨਾ ਅੱਤਵਾਦ ਨਾਲ ਵੀ ਇਕੱਠਿਆਂ ਹੀ ਟੱਕਰ ਲੈਣੀ ਹੋਵੇਗੀ ਤਾਂ ਜੋ ਇਸ ਦਾ ਸਫਾਇਆ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਿੰਗਾਪੁਰ, ਭਾਰਤ ਦਾ ਅਹਿਮ ਸਹਿਯੋਗੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਿੰਗਾਪੁਰ ਅਤੇ ਭਾਰਤ ਵਿਚਕਾਰ ਹੋਏ ਕਈ ਅਹਿਮ ਸਮਝੌਤੇ