ਅਫ਼ਗਾਨਿਸਤਾਨ ‘ਚ ਘੱਟ ਗਿਣਤੀਆਂ ਲਈ ਫਰਿਸ਼ਤਾ ਬਣ ਬਹੁੜਿਆ ‘ਸਿੰਘ’

ਕਾਬੁਲ, 18 ਜੂਨ (ਏਜੰਸੀ) : ਅਫ਼ਗਾਨਿਸਤਾਨ ਵਿੱਚ ਦਿਨੋ-ਦਿਨ ਸੁੰਗੜ ਰਹੇ ਘੱਟ ਗਿਣਤੀ ਤਬਕਿਆਂ ਲਈ ਕੁਝ ਰਾਹਤ ਦੀ ਖ਼ਬਰ ਹੈ। ਅਫ਼ਗਾਨਿਸਤਾਨ ਦੇ ਸਿੱਖਾਂ ਤੇ ਹਿੰਦੂਆਂ ਦੇ ਲੀਡਰ ਅਵਤਾਰ ਸਿੰਘ ਖਾਲਸਾ ਨੂੰ ਆਉਣ ਵਾਲੀ ਸੰਸਦ ਵਿੱਚ ਨੁਮਾਇੰਦਗੀ ਦਿੱਤੀ ਗਈ ਹੈ। ਸਥਾਨਕ ਸਰਕਾਰ ਲਈ ਇਹ ਬੇਹੱਦ ਜ਼ਰੂਰੀ ਬਣ ਗਿਆ ਸੀ ਕਿਉਂਕਿ 1970 ਵਿੱਚ ਘੱਟ ਗਿਣਤੀਆਂ ਨਾਲ ਸਬੰਧਤ ਤਕਰੀਬਨ 80,000 ਲੋਕ ਵੱਸਦੇ ਸਨ ਪਰ ਹੁਣ ਇਨ੍ਹਾਂ ਦੀ ਗਿਣਤੀ ਸਿਰਫ਼ 1,000 ਹੀ ਰਹਿ ਗਈ ਹੈ।

ਸਾਲ 2016 ਦੇ ਰਾਸ਼ਟਰਪਤੀ ਦੇ ਫੈਸਲੇ ਤਹਿਤ ਘੱਟ ਗਿਣਤੀਆਂ ਦੇ ਨੁਮਾਇੰਦੇ ਨੂੰ 259 ਕਾਨੂੰਨਘਾੜਿਆਂ ਵਿੱਚ ਜਗ੍ਹਾ ਦਿੱਤੀ ਜਾਂਦੀ ਹੈ। ਅਕਤੂਬਰ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਅਵਤਾਰ ਸਿੰਘ ਘੱਟ ਗਿਣਤੀਆਂ ਦੇ ਨੁਮਾਇੰਦੇ ਵਜੋਂ ਅਫ਼ਗਾਨਿਸਤਾਨ ਦੀ ਸੰਸਦ ਵਿੱਚ ਪਹੁੰਚਣਗੇ। ਅਵਤਾਰ ਸਿੰਘ ਘੱਟ ਗਿਣਤੀਆਂ ਦੇ ਲੀਡਰ ਤੋਂ ਇਲਾਵਾ 10 ਸਾਲ ਅਫ਼ਗਾਨ ਫ਼ੌਜ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਹਨ। 52 ਸਾਲਾ ਅਵਤਾਰ ਸਿੰਘ ਦਾ ਪਿਛੋਕੜ ਪੂਰਬੀ ਪਕਤੀਆ ਸੂਬੇ ਦਾ ਹੈ ਪਰ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਕਾਬੁਲ ਵਿੱਚ ਗੁਜ਼ਰਿਆ। ਚਾਰ ਬੱਚਿਆਂ ਦੇ ਪਿਤਾ ਅਵਤਾਰ ਸਿੰਘ ਅਫ਼ਗਾਨਿਸਤਾਨ ਦੇ ਉੱਚੇ ਸਦਨ ਵਿੱਚ ਘੱਟ ਗਿਣਤੀਆਂ ਦੇ ਸੈਨੇਟਰ ਵਜੋਂ ਆਪਣੀ ਆਵਾਜ਼ ਬੁਲੰਦ ਕਰ ਚੁੱਕੇ ਹਨ।

ਪਿਛਲੇ ਸਮੇਂ ਵਿੱਚ ਵੱਡੀ ਗਿਣਤੀ ‘ਚ ਹਿੰਦੂ ਤੇ ਸਿੱਖਾਂ ਨੇ ਭਾਰਤ ਵਿੱਚ ਸ਼ਰਣ ਲਈ ਹੈ। ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਹ ਸਰਕਾਰ ਤੋਂ ਆਪਣੇ ਲੋਕਾਂ ਦੇ ਹੱਕ ਲੈਣ ਲਈ ਪੂਰਾ ਜ਼ੋਰ ਲਾਉਣਗੇ। ਅਵਤਾਰ ਉਸ ਸਮੇਂ ਸੰਸਦ ਵਿੱਚ ਜਾਣਗੇ, ਜਦੋਂ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਤੇ ਇਸਲਾਮਿਕ ਸਟੇਟਸ ਮੁੜ ਤੋਂ ਸਿਰ ਚੁੱਕਣ ਲਈ ਯਤਨਸ਼ੀਲ ਹਨ। ਤਾਲਿਬਾਨ ਨੇ ਦੇਸ਼ ਦੇ ਕਈ ਜ਼ਿਲ੍ਹਿਆਂ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ ਹੈ ਤੇ ਉੱਧਰ ਦਹਿਸ਼ਤਗਰਦੀ ਜਥੇਬੰਦੀ ਆਈਐਸ ਨੇ ਦੇਸ਼ ਵਿੱਚ ਸ਼ੀਆ ਮੁਸਲਮਾਨਾਂ ਤੇ ਘੱਟ ਗਿਣਤੀਆਂ ਦੇ ਖ਼ਾਤਮੇ ਲਈ ਮੁਹਿੰਮ ਵਿੱਢੀ ਹੋਈ ਹੈ।

ਇਹੋ ਜਿਹੇ ਹਾਲਾਤ ਦੇ ਬਾਵਜੂਦ ਅਵਤਾਰ ਸਿੰਘ ਨੇ ਕਿਹਾ ਕਿ ਮੈਂ ਕਦੇ ਵੀ ਦੇਸ਼ ਨੂੰ ਛੱਡ ਕੇ ਨਹੀਂ ਜਾਵਾਂਗਾ। ਉਨ੍ਹਾਂ ਕਿਹਾ ਕਿ ਮੈਂ ਆਪਣੇ ਲੋਕਾਂ ਲਈ ਖ਼ੁਦ ਉੱਪਰ ਤੇ ਆਪਣੇ ਪਰਿਵਾਰ ‘ਤੇ ਕੋਈ ਵੀ ਦੁੱਖ ਝੱਲਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਮੈਂ ਆਪਣੇ ਹੱਕਾਂ ਦੀ ਪ੍ਰਾਪਤੀ ਤਕ ਜੰਗ ਜਾਰੀ ਰੱਖਾਂਗਾ।

Leave a Reply

Your email address will not be published.