ਵਿਜੇ ਸਾਂਪਲਾ ਨੇ ਕਿਸਾਨ ਅੰਦੋਲਨ ਨੂੰ ਦੱਸਿਆ ਕਾਂਗਰਸ ਦੀ ਗੁੰਡਾਗਰਦੀ


ਜਲੰਧਰ, 5 ਜੂਨ (ਏਜੰਸੀ) : ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਦੀ ਸ਼ਹਿ ’ਤੇ ਗੁੰਡਾਗਰਦੀ ਕੀਤੀ ਗਈ ਹੈ। ਉਨ੍ਹਾਂ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਵਾਲ ਕੀਤਾ ਕਿ ਕਿਸਾਨਾਂ ਦੇ ਅੰਦੋਲਨ ਦਾ ਐਲਾਨ ਕਿਹੜੀ ਕਿਸਾਨ ਜਥੇਬੰਦੀ ਨੇ ਕੀਤਾ ਸੀ, ਇਸ ਬਾਰੇ ਅਜੇ ਤੱਕ ਕੋਈ ਪਤਾ ਨਹੀਂ ਲੱਗਾ, ਪਰ ਜਦੋਂ ਕਿਸਾਨਾਂ ਨੇ ਅੰਦੋਲਨ ਦੌਰਾਨ ਸ਼ਹਿਰਾਂ ਨੂੰ ਸਬਜ਼ੀਆਂ ਤੇ ਦੁੱਧ ਦੀ ਸਪਲਾਈ ਰੋਕ ਦਿੱਤੀ ਤਾਂ ਉਸ ਦੇ ਪਿੱਛੇ ਕਾਂਗਰਸ ਆ ਕੇ ਖੜ੍ਹ ਗਈ।

ਸ੍ਰੀ ਸਾਂਪਲਾ ਨੇ ਕਿਹਾ ਕਿ ਕਿਸਾਨਾਂ ਦਾ ਇਹ ਅੰਦੋਲਨ ਉਸੇ ਤਰਜ਼ ’ਤੇ ਕੀਤਾ ਗਿਆ ਸੀ ਜਿਵੇਂ 2 ਅਪਰੈਲ ਨੂੰ ਦਲਿਤਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਸੀ। ਇਸ ਸੱਦੇ ਬਾਰੇ ਵੀ ਅੱਜ ਤੱਕ ਪਤਾ ਨਹੀਂ ਹੋ ਸਕਿਆ ਕਿ ਕਿਹੜੀ ਜਥੇਬੰਦੀ ਨੇ ਇਹ ਐਲਾਨ ਕੀਤਾ ਸੀ। ਸ੍ਰੀ ਸਾਂਪਲਾ ਨੇ ਦੋਸ਼ ਲਾਇਆ ਕਿ ਇਹ ਸਾਰਾ ਕੁਝ ਕੇਂਦਰ ਦੀ ਮੋਦੀ ਸਰਕਾਰ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਪਿੱਛੇ ਕਾਂਗਰਸ ਦਾ ਹੱਥ ਇਸ ਗੱਲ ਤੋਂ ਸਾਫ਼ ਹੋ ਜਾਂਦਾ ਹੈ ਜਦੋਂ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਪਿੰਡਾਂ ਵਿੱਚੋਂ ਆਪ ਦੁੱਧ ਲੈਣ ਲਈ ਚਲੇ ਗਏ ਤੇ ਐਲਾਨ ਕੀਤਾ ਕਿ ਕਿਸਾਨ ਜਿੱਥੇ ਵੀ ਕਹਿਣਗੇ, ਉਹ ਆਉਣ ਨੂੰ ਤਿਆਰ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਕਿਸਾਨਾਂ ਨਾਲ ਦੋਹਰੀ ਰਾਜਨੀਤੀ ਖੇਡ ਰਹੀ ਹੈ। ਇਕ ਪਾਸੇ ਉਨ੍ਹਾਂ ਕੋਲੋਂ ਮੁਫ਼ਤ ਬਿਜਲੀ ਦੀ ਸਹੂਲਤ ਖੋਹ ਰਹੀ ਹੈ ਤੇ ਦੂਜੇ ਪਾਸੇ ਆਪਣੇ ਆਪ ਨੂੰ ਕਿਸਾਨਾਂ ਦੀ ਹਮਦਰਦ ਦੱਸ ਰਹੀ ਹੈ। ਇਹ ਸਵਾਲ ਪੁੱਛੇ ਜਾਣ ’ਤੇ ਕਿ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਦੇ ਜਵਾਬ ਵਿੱਚ ਸ੍ਰੀ ਸਾਂਪਲਾ ਨੇ ਕਿਹਾ ਕਿ ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਵਿੱਚ 12 ਅਜਿਹੀਆਂ ਗੱਲਾਂ ਹਨ, ਜਿਹੜੀਆਂ ਸੂਬੇ ਦੀਆਂ ਸਰਕਾਰਾਂ ਨੇ ਲਾਗੂ ਕਰਨੀਆਂ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਵਿਜੇ ਸਾਂਪਲਾ ਨੇ ਕਿਸਾਨ ਅੰਦੋਲਨ ਨੂੰ ਦੱਸਿਆ ਕਾਂਗਰਸ ਦੀ ਗੁੰਡਾਗਰਦੀ