ਬਹੁਪੱਖੀ ਪ੍ਰਤਿਭਾ ਦਾ ਮਾਲਕ : ਗੋਪੀ ਸਿੱਧੂ


ਸਧਾਰਨ ਜਿਹੇ ਕਿਸਾਨ ਪਰਿਵਾਰ ‘ਚ ਪੈਦਾ ਹੋ ਕੇ ਦੀਵੇ ਦੀ ਲੋਅ ਵਾਂਗ ਕਲਾਤਮਿਕ ਖੇਤਰ ‘ਚ ਚਮਕਣ ਲਈ ਯਤਨਸ਼ੀਲ ਹੈ ਨੌਜਵਾਨ ਕਲਾਕਾਰ ਜਸਵੀਰ ਸਿੰਘ ਜਿਸਨੂੰ ਕਲਾ ਦੀ ਦੁਨੀਆਂ ਵਿਚ ਗੋਪੀ ਸਿੱਧੂ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਗੋਪੀ ਸਿੱਧੂ ਸੂਖਮ ਜ਼ਜ਼ਬਾਤਾਂ ਤੇ ਬਹੁਪੱਖੀ ਪ੍ਰਤਿਭਾ ਦਾ ਮਾਲਕ ਹੈ।ਉਹ ਇਕ ਰੰਗਕਰਮੀ , ਸੰਭਾਵੀ ਗੀਤਕਾਰ, ਕਵੀ ਤੇ ਸੰਵਾਦ ਲੇਖਕ ਵੀ ਹੈ। ਉਸਦੀ ਮਿਲਣੀ ਵਿਚ ਆਪਣਾ-ਪਣ ਹੈ। ਨਿਰਸਵਾਰਥੀ ਹੋ ਕੇ ਯਾਰਨੇ ਪਾਲਣਾ ਉਸਦਾ ਸ਼ੌਕ ਹੈ। ਰੰਗਮੰਚ ਤੇ ਲਿਖਣ ਕਲਾ ਉਸਦੇ ਪ੍ਰਮੁੱਖ ਸ਼ੌਕ ਹਨ। ਇਸ ਮਿੱਠ ਬੋਲੜੇ ਨੌਜਵਾਨ ਦੀ ਵਿਰਾਸਤ ਜਗਰਾਉਂ ਤਹਿਸੀਲ ਦੇ ਚਰਚਿਤ ਪਿੰਡ ਡੱਲਾ ਦੀ ਹੈ। ਇਹ ਮਾਣਮੱਤਾ ਕਲਾਕਾਰ ਮਾਤਾ ਹਰਦੀਪ ਕੌਰ ਦੀ ਕੁੱਖੋਂ ਪਿਤਾ ਗੁਰਮੇਲ ਸਿੰਘ ਦੇ ਘਰ 4 ਜੂਨ 1991 ਨੂੰ ਜਨਮਿਆਂ । ਪਿੰਡ ਦੀਆਂ ਗਲੀਆਂ ‘ਚ ਖੇਡਿਆ ਪਲਿਆ ਤੇ ਜਦ ਜਵਾਨ ਹੋਇਆ ਤਾਂ ਉਸਦਾ ਝੁਕਾਅ ਨਾਟ ਕਲਾ ਤੇ ਗੀਤਕਾਰੀ ਵੱਲ ਹੋ ਗਿਆ ।ਚੰਗੀਆਂ ਕਲਾਤਮਿਕ ਫਿਲਮਾਂ ਤੇ ਨਾਟਕਾਂ ਨਾਲ ਉਸਨੂੰ ਜਨੂੰਨ ਦੀ ਹੱਦ ਤੱਕ ਬਚਪਨ ਸਮੇ ਤੋਂ ਹੀ ਇਸ਼ਕ ਸੀ। ਵਿਦਿਆਰਥੀ ਜੀਵਨ ਸਮੇਂ ਦੌਰਾਨ ਹੀ ਉਸਨੇ ਰੰਗਮੰਚ ਦੇ ਸੂਖਮ ਭਾਵਾਂ ਨੂੰ ਗਹੁ ਨਾਲ ਦੇਖਿਆ ਪਰਖਿਆ ਤੇ ਗ੍ਰਹਿਣ ਕੀਤਾ। ਉਸਨੇ ਮੁੱਢਲੀ ਵਿੱਦਿਆ ਪਿੰਡ ਦੇ ਹੀ ਸਰਕਾਰੀ ਸੈਕੰਡਰੀ ਸਕੂਲ ਤੋਂ ਹਾਸਿਲ ਕਰਨ ਉਪਰੰਤ 2012 ‘ਚ ਉਚੇਰੀ ਵਿੱਦਿਆ ਹਾਸਿਲ ਕਰਨ ਲਈ ਸ੍ਰੀ ਰਾਮ ਕਾਲਜ ਡੱਲਾ ਵਿਖੇ ਦਾਖਲਾ ਲੈ ਲਿਆ। ਜਿੱਥੇ ਕਾਲਜ ਦੀ ਅਨੰਦਦਾਇਕ ਜ਼ਿੰਦਗੀ ਨੇ ਉਸਦੇ ਅੰਦਰਲੇ ਰੰਗਮੰਚ ਦੇ ਸ਼ੌਕ ਨੂੰ ਯੂਵਕ ਮੇਲਿਆਂ ਦੇ ਰਾਂਹੀ ਬਾਹਰ ਲਿਆਂਦਾ।

ਇਸ ਦੌਰਾਨ ਉਸਨੇ ਨਾਟਕ “ਸਰਹੱਦਾਂ ਹੋਰ ਵੀ ਨੇ “ ‘ਚ ਪੇਸ਼ਕਾਰੀ ਕਰਕੇ ਭਵਿੱਖ ਦਾ ਚਰਚਿਤ ਅਦਾਕਾਰ ਹੋਣ ਦੀ ਤਸੱਲੀ ਕਰਵਾਈ। ਨਾਟਕ ਵਿਚ “ਬੱਲੀ“ ਦੇ ਹਾਂ ਪੱਖੀ ਕਿਰਦਾਰ ਨੂੰ ਗੋਪੀ ਨੇ ਨਿੱਠ ਕੇ ਨਿਭਾਇਆ ।ਦਰਸ਼ਕਾਂ ਤੇ ਜੱਜ ਸਾਹਿਬਾਨ ਦੀ ਸ਼ਾਬਾਸ਼ ਨੇ ਨਾਟਕਾਂ ਨਾਲ ਸਾਂਝ ਨੂੰ ਹੋਰ ਵੀ ਪਕੇਰਾ ਕਰ ਦਿੱਤਾ ਤੇ ਉਸਨੇ ਜ਼ਿੰਦਗੀ ਦੇ ਬਾਕੀ ਸਾਹ ਰੰਗਮੰਚ ਨੂੰ ਸਮਰਪਿਤ ਕਰਨ ਦਾ ਸੰਕਲਪ ਦ੍ਰਿੜ ਕਰ ਲਿਆ। ਘਰ ਵਿਚ ਕਲਾ ਦਾ ਮਾਹੌਲ ਨਾਂ ਹੋਣ ਕਰਕੇ ਮਾਪਿਆਂ ਦਾ ਸੁਪਨਾਂ ਸੀ ਉਹਨਾਂ ਦਾ ਪੁੱਤਰ ਪੜੇ ਲਿਖੇ ਤੇ ਕੋਈ ਵੱਡਾ ਅਫਸਰ ਬਣੇ ਪ੍ਰੰਤੂ ਗੋਪੀ ਦੇ ਮਨ ਵਿੱਚ ਤਾਂ ਅਦਾਕਾਰੀ ਦੇ ਚਾਅ ਨੱਚਦੇ ਸਨ। ਇਕਲੌਤਾ ਹੋਣ ਕਰਕੇ ਮਾਪਿਆਂ ਨੂੰ ਬੱਚੇ ਦੀ ਜਿੱਦ ਅੱਗੇ ਝੁਕਣਾਂ ਪਿਆ ਤੇ ਉਹਨਾਂ ਆਪਣੇ ਪੁੱਤਰ ਨੂੰ ਹਰ ਸੰਭਵ ਸਹਿਯੋਗ ਦੇਣਾਂ ਸੁਰੂ ਕਰ ਦਿੱਤਾ। ਜਿਵੇਂ ਆਖਿਆ ਜਾਂਦਾ ਮਾਪਿਆਂ ਦੀ ਸਰਪ੍ਰਸਤੀ ਸੱਚੀ ਹੁੰਦੀ ਹੈ ਤੇ ਮਾਪਿਆਂ ਵਲੋਂ ਮਿਲੇ ਸਹਿਯੋਗ ਅਤੇ ਕਾਲਜ ਪ੍ਰਿੰ:ਬਲਵੰਤ ਸਿੰਘ ਦੀ ਅਗਵਾਈ ਹੇਠ 2013 ਦੇ ਯੁਵਕ ਮੇਲਿਆਂ ਵਿਚ ਸਕਿੱਟ ਵਿਚੋਂ ਪੁਲਿਸ ਮੁਲਾਜ਼ਮ ਦੇ ਕਿਰਦਾਰ ਨੂੰ ਬੈਸਟ ਐਕਟਰ ਅਤੇ ਨਾਟਕਾਂ ਲਗਭਗ 22 ਟੀਮਾਂ ਦੇ ਜ਼ਬਰਦਸਤ ਮੁਕਾਬਲੇ ਵਿਚੋਂ ਦੂਸਰੀ ਪੁਜੀਸ਼ਨ ਹਾਸਿਲ ਕਰਕੇ ਹੋਣਹਾਰ ਕਲਾਕਾਰ ਹੋਣ ਦਾ ਸਬੂਤ ਪੇਸ਼ ਕੀਤਾ। ਯੁਵਕ ਮੇਲਿਆਂ ਦੀਆਂ ਸਟੇਜਾਂ ਤੋਂ ਰੰਗਮੰਚ ਦਾ ਵੱਡਾ ਕਲਾਕਾਰ ਬਣਨ ਦੀ ਕੋਸ਼ਿਸ਼ ਕਰਦਿਆਂ ਹੀ ਉਸਦਾ ਸੰਪਰਕ ਦੀਪ ਜਗਦੀਪ, ਇੰਦਰਜੀਤ ਮੋਗਾ ਤੇ ਬੱਲੀ ਬਲਜੀਤ ਨਾਲ ਹੋਇਆ, ਜੋ ਗੋਪੀ ਸਿੱਧੂ ਦੀ ਦਿਸ਼ਾਹੀਣ ਜੀਵਨ ਸ਼ੈਲੀ ਨੂੰ ਸਹੀ ਦਿਸ਼ਾ ਵੱਲ ਲਿਜਾਣ ਲਈ ਕਾਰਗਰ ਸਿੱਧ ਹੋਇਆ। ਇਸ ਦੌਰਾਨ ਕਾਲਜ ਪੱਧਰ ‘ਤੇ ਭਾਸ਼ਣ, ਗੀਤ ਅਤੇ ਨਾਟਕ ਗਤੀਵਿਧੀਆਂ ਵਿਚ ਭਾਗ ਲੈ ਕੇ ਅਨੇਕਾਂ ਮਾਣ ਸਨਮਾਨ ਹਾਸਿਲ ਕਰਨ ਵਾਲੇ ਇਸ ਨੌਜਵਾਨ ਕਲਾਕਾਰ ਨੇ 2015 ਵਿਚ ਡੀ.ਏ.ਵੀ ਕਾਲਜ ਜਗਰਾਉਂ ਤੋਂ ਐਮ.ਏ ਕਰਦਿਆਂ ਵਿਦਿਅਕ ਮੱਲਾਂ ਮਾਰਨ ਦੇ ਨਾਲ ਨਾਲ ਰੈਡ.ਆਰਟਸ .ਥਿਏਟਰ ਨਾਲ ਜੁੜ ਕੇ ਪੱਕੇ ਤੌਰ ‘ਤੇ ਨਾਟਕਾਂ ਨਾਲ ਜੁੜਨ ਦੀ ਸਹੁੰ ਪਾ ਲਈ।

ਇਸ ਦੌਰਾਨ ਅਨੇਕਾਂ ਨਾਟਕਾਂ ਵਿਚ ਵੱਖ ਵੱਖ ਪਾਤਰਾਂ ਨੂੰ ਜੀਵਿਆ ਤੇ ਸਫਲ ਪੇਸ਼ਕਾਰੀਆਂ ਵੀ ਕੀਤੀਆਂ। ਉਹਨਾਂ ਦੀ ਟੀਮ ਵਲੋਂ ਖੇਡੇ ਜਾਂਦੇ ਨੁੱਕੜ ਨਾਟਕ “ਆਖਿਰ ਕਦੋਂ ਤੱਕ “ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨੇ ਤਾਂ ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਤੱਕ ਵੀ ਆਪਣੀ ਅਮਿੱਟ ਛਾਪ ਛੱਡੀ ਤੇ ਵਾਹ-ਵਾਹ ਖੱਟੀ।ਪਿੰਡਾਂ ਸ਼ਹਿਰਾਂ ਦੀਆਂ ਸੈਕੜੇ ਸਟੇਜਾਂ ‘ਤੇ ਨਾਟਕ ਕਰਨ ਵਾਲੇ ਗੋਪੀ ਸਿੱਧੂ ਨੂੰ ਹੁਣ ਫਿਲਮਾਂ ਤੇ ਟੀ ਵੀ ਪ੍ਰੋਗਰਾਮਾਂ ਦੀ ਜਾਗ ਵੀ ਲੱਗ ਚੁੱਕੀ ਹੈ। ਗੋਪੀ ਲਈ ਉਹ ਪਲ ਬੇਹੱਦ ਖੁਸ਼ੀ ਮਹਿਸੂਸ ਕਰਨ ਵਾਲੇ ਸਨ ਜਦੋਂ ਪ੍ਰਸਿੱਧ ਰੰਗਕਰਮੀ ਜਸਵਿੰਦਰ ਸਿੰਘ ਛਿੰਦਾ ਦੀ ਬਦੌਲਤ ਉਸਨੂੰ ਫੀਚਰ ਫਿਲਮ “ਸਰਦਾਰ ਜੀ ਤੇ ਜਿੰਦਾ ਸੁੱਖਾ “ਵਰਗੀਆਂ ਵੱਡੇ ਪਰਦੇ ਦੀਆਂ ਫਿਲਮਾਂ ਵਿਚ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਕਈ ਲਘੂ ਫਿਲਮਾਂ ਵਿੱਚ ਵਿੱਚ ਵੀ ਚੰਗੇ ਕਿਰਦਾਰਾਂ ਨੂੰ ਨਿਭਾ ਕੇ ਪਛਾਣ ਨੂੰ ਹੋਰ ਗੂੜਾ ਕਰਨ ਵਾਲੇ ਇਸ ਨੌਜਵਾਨ ਨੇ ਖੁਦ ਲਘੂ ਫਿਲਮ “ਗਲਤ ਰਾਸਤਾ“ ਦੀ ਕਹਾਣੀ, ਡਾਇਲਾਗ ਤੇ ਸਕਰੀਨ ਪਲੇਅ ਵੀ ਲਿਖੇ। ਇਹ ਫਿਲਮ ਬਹੁਤ ਜਲਦ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਉਪਰੰਤ ਗੋਪੀ ਸਿੱਧੂ ਨੇ ਗਾਇਕ ਮਨਰਾਜ ਹਸਨ ਦੇ ਗੀਤ “ ਗਿੱਧਾ“ ਵਿਚ ਮਾਡਲਿੰਗ ਕਰਕੇ ਵੀਡੀਓ ਐਲਬੰਮ ਖੇਤਰ ਵਿੱਚ ਦਸਤਕ ਦਿੱਤੀ ਹੈ। ਗਾਇਕ ਹਰਦੇਵ ਟੂਸੇ ਦੇ ਗੀਤ “ਰੁਲਜੂ ਨਸ਼ਿਆਂ ਵਿਚ ਜਵਾਨੀ “ਜੋ ਕਿ ਜਲੰਧਰ ਦੂਰਦਰਸ਼ਨ ਸਮੇਤ ਅਨੇਕਾਂ ਚੈਨਲਾਂ ‘ਤੇ ਟੈਲੀਕਾਸਟ ਕੀਤਾ ਜਾ ਰਿਹਾ ਹੈ ਵਿਚ ਨਸ਼ੇ ਦੇ ਸੌਦਾਗਰ ਦਾ ਰੋਲ ਨਿਭਾ ਕੇ ਵਿਲੱਖਣ ਪਛਾਣ ਸਥਾਪਤ ਕੀਤੀ ਹੈ। ਗੋਪੀ ਸਿੱਧੂ ਇਕ ਚੰਗਾ ਕਲਾਕਾਰ ਹੋਣ ਦੇ ਨਾਲ ਨਾਲ ਵਾਤਾਵਰਣ ਪ੍ਰੇਮੀ ਵੀ ਹੈ। ਉਹ ਪਿੰਡ ਦੀ ਐਨ. ਆਰ. ਆੲੀ ਵਿਕਾਸ ਕਮੇਟੀ ਦਾ ਸਰਗਰਮ ਮੈਂਬਰ ਹੈ। ਜਿਸਨੇ ਸਮੁੱਚੇ ਪ੍ਰਵਾਸੀ ਪੰਜਾਬੀਆਂ ਅਤੇ ਕਮੇਟੀ ਮੈਂਬਰਾਂ ਦੇ ਸਹਿਯੋਗ ਸਦਕਾ ਪਿੰਡ ਵਿੱਚ ਥਾਂ- ਥਾਂ ਸ਼ਾਨਦਾਰ ਬੂਟਿਆਂ ਨਾਲ ਪਿੰਡ ਦੀ ਨੁਹਾਰ ਬਦਲ ਕੇ ਪਿੰਡ ਡੱਲਾ ਨੂੰ ਗਰੀਨ ਵਿਲੇਜ ਦੇ ਨਾਂ ਨਾਲ ਮਸ਼ਹੂਰ ਕਰ ਦਿਖਾਇਆ ਹੈ।

ਅੱਜ ਜਦੋਂ ਨੌਜਵਾਨੀ ਨੂੰ ਨਸ਼ਿਆਂ ਦੇ ਤੁਫਾਨ ਨੇ ਢਾਅ ਕੇ ਪੰਜਾਬਆਂ ਨੂੰ ਸਰੀਰਕ ਤੌਰ ‘ਤੇ ਖੋਖਲਾ ਕਰਨਾਂ ਸੁਰੂ ਕੀਤਾ ਹੋਇਆ ਹੈ, ਉਸ ਵੇਲੇ ਗੋਪੀ ਸਿੱਧੂ ਨੇ ਇਲਾਕੇ ਦੇ ਸੁਹਿਰਦ ਲੋਕਾਂ ਦੇ ਵੱਡੇ ਕਾਫਲੇ ਨਾਲ ਪਿੰਡ-ਪਿੰਡ ਜਾ ਕੇ ਨਸ਼ਾ ਵਿਰੋਧੀ ਮੁਹਿੰਮ ਵਿੱਢੀ ਤੇ ਨਵੀਂ ਪੀੜ•ੀ ਨੂੰ ਨਸ਼ਿਆਂ ਖਿਲਾਫ਼ ਲਾਮਬੰਦ ਵੀ ਕੀਤਾ। ਇਸ ਅਮਲ ‘ਚ ਉਸਨੂੰ ਰਾਜਨੀਤਕ ਸਿਸਟਮ ਦੇ ਤਾਨਾਸ਼ਾਹੀ ਰਵੱਈਏ ਦਾ ਸ਼ਿਕਾਰ ਵੀ ਹੋਣਾ ਪਿਆ। ਹਸਦੇ ਵਸਦੇ ਪਰਿਵਾਰ ‘ਤੇ ਉਸ ਵੇਲੇ ਦੁੱਖਾਂ ਦਾ ਕਹਿਰ ਆਣ ਢਹਿ ਪਿਆ ਜਦੋਂ ਨਸ਼ੇ ਦੇ ਸੌਦਾਗਰਾਂ ਨੇ ਭਾੜੇ ਦੇ ਗੁੰਡਿਆਂ ਨੂੰ ਲੈ ਕੇ ਉਸਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਕੁਦਰਤ ਦੀ ਸਵੱਲੀ ਨਜ਼ਰ ਨਾਲ ਉਹ ਲੰਮੇ ਦਿਨਾਂ ਦੀ ਡਾਕਟਰੀ ਸਹਾਇਤਾ ਨਾਲ ਮੁੜ ਤੁਰਨ ਫਿਰਨ ਜੋਗਾ ਹੋਇਆ।ਅਜਿਹੇ ਖੱਟੇ ਮਿੱਠੇ ਤਜੱਰਬਿਆਂ ਨੂੰ ਸਾਂਝਾ ਕਰਦਾ ਉਹ ਕਈ ਵਾਰ ਉਦਾਸ ਹੋ ਜਾਂਦਾ ਹੈ। ਉਸਦੇ ਮਨ ਵਿਚ ਰਾਜਨੀਤਕ ਸਿਸਟਮ ਦੇ ਗੰਧਲੇ ਪਣ ਨੂੰ ਲੈ ਕੇ ਸਖਤ ਰੋਸ਼ ਹੈ। ਸਾਨਾਮੱਤੇ ਵਿਰਸੇ ਨੂੰ ਪ੍ਰਣਾਏ ,ਸਭਿਆਚਾਰ ਤੇ ਮਾਂ ਬੋਲੀ ਨੂੰ ਜਿਉਦੀ ਰੱਖਣ ਦੇ ਨਿਰਣੇ ਨਾਲ ਕਲਾ ਦੇ ਪਿੜ ‘ਚ ਉਤਰੇ ਨਵੀਂ ਪੀੜੀ ਦੇ ਇਸ ਸੰਘਰਸ਼ਸੀਲ ਕਲਾਕਾਰ ਨੂੰ ਜਲਦੀ ਮੰਜਿਲ ਮਿਲੇ ਇਹੋ ਹੀ ਦੁਆ ਹੈ।

ਕੁਲਦੀਪ ਸਿੰਘ ਲੋਹਟ
9876492410


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬਹੁਪੱਖੀ ਪ੍ਰਤਿਭਾ ਦਾ ਮਾਲਕ : ਗੋਪੀ ਸਿੱਧੂ