`ਪ੍ਰੋਗ੍ਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਿਰੀ` ਵੱਲੋਂ ਕੀਤੀ ਮਾਸਿਕ ਮੀਟਿੰਗ ਸੈਮੀਨਾਰ ਹੋ ਨਿਬੜੀ


ਅੱਜ ਮਿਤੀ 3-06-18 (ਦਿਨ ਐਤਵਾਰ) ਨੂੰ `ਪ੍ਰੋਗ੍ਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਿਰੀ` ਵੱਲੋਂ ਮਾਸਿਕ ਮੀਟਿੰਗ ਕੋਸੋਹਾਲ ਵਿਖੇ ਕਰਵਾਈ ਗਈ। ਇਸ ਮੀਟਿੰਗ ਵਿੱਚ ਸਮਾਜਿਕ, ਸੱਭਿਆਚਰਕ, ਸਿਆਸੀ ਤੇ ਸਾਹਿਤਕ ਮਸਲਿਆਂ `ਤੇ ਵਿਚਾਰ ਚਰਚਾ ਕਰਨ ਲਈ ਰਾਜ ਧਾਲੀਵਾਲ, ਡਾ. ਕੁਲਦੀਪ (ਕੋ-ਕਨਵੀਨਰ `ਗਿਆਨ ਪ੍ਰਸਾਰ ਸਮਾਜ` ਪੰਜਾਬ) ਅਤੇ ਸੁਰਿੰਦਰ ਸ਼ਰਮਾ (ਪ੍ਰਧਾਨ `ਲੋਕ ਕਲਾ ਮੰਚ`, ਮੰਡੀ ਮੁੱਲਾਂਪੁਰ ਪੰਜਾਬ) ਮੁੱਖ ਬੁਲਾਰਿਆ ਵਜੋਂ ਸ਼ਾਮਿਲ ਹੋਏ।

ਰਾਜ ਧਾਲੀਵਾਲ ਨੇ ਕਨੇਡਾ `ਚ ਵੱਖ-ਵੱਖ ਸਮੱਸਿਆਵਾਂ ਨਾਲ਼ ਜੁਝਦੇ ਹੋਏ ਕਨੇਡਾ ਦੇ ਮੂਲ ਨਿਵਾਸੀਆਂ (ਨੇਟਿਵਸ) ਦੀਆਂ ਸਮੱਸਿਆਵਾਂ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਅਸੀਂ ਤਾਂ ਭਾਵੇਂ ਕਨੇਡਾ ਨੂੰ ਹੁਣ ਥੋੜ੍ਹੇ ਸਮੇਂ ਤੋਂ ਹੀ ਜਾਣਦੇ ਹਨ ਪਰ ਕਨੇਡਾ ਦੇ ਮੂਲ ਵਾਸੀ ਯੁੱਗਾਂ ਤੋਂ ਇੱਥੇ ਰਹਿ ਰਹੇ ਹਨ। ਪਰ ਯੂਰੋਪੀ ਬਸਤੀਵਾਦੀਆਂ ਦੀਆਂ ਕਨੇਡਾ ਦੇ ਕੁਦਰਤੀ ਸਾਧਨਾਂ ਤੇ ਸਰੋਤਾਂ ਲਈ ਲਲਚਾਈਆਂ ਨਜ਼ਰਾਂ ਜਦੋਂ ਕਨੇਡਾ ਦੀ ਧਰਤੀ `ਤੇ ਪਈਆਂ ਤਾਂ ਉਦੋਂ ਤੋਂ ਕਨੇਡਾ ਦੇ ਇਹਨਾਂ ਮੂਲ ਨਿਵਾਸੀਆਂ `ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਅਤੇ ਉਹਨਾਂ ਦੀਆਂ ਸਮੱਸਿਆਵਾਂ ਵੱਧਦੀਆਂ-ਵੱਧਦੀਆਂ ਇੱਥੋਂ ਤੱਕ ਚਲੀਆਂ ਗਈਆਂ ਕਿ ਉਹਨਾਂ ਦੀ ਇੱਕ ਇਨਸਾਨ ਵਜੋਂ ਹੋਂਦ ਹੀ ਖ਼ਤਰੇ ਵਿੱਚ ਪੈ ਗਈ। ਰਾਜ ਧਾਲੀਵਾਲ ਨੇ ਬਹੁਤ ਸਾਰੀਆਂ ਉਦਾਹਰਨਾਂ ਅਤੇ ਵੱਖ-ਵੱਖ ਸਮੇਂ `ਤੇ ਛਪੀਆਂ ਰਿਪੋਰਟਾਂ ਤੇ ਖੋਜ ਕਾਰਜਾਂ ਦੇ ਹਵਾਲੇ ਨਾਲ਼ ਦੱਸਿਆ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਮਾਵਾਂ ਤੋਂ ਦੂਰ ਕੀਤਾ ਗਿਆ, ਉਹਨਾਂ ਤੋਂ ਉਹਨਾਂ ਦੀ ਭਾਸ਼ਾ ਖੋਹੀ ਗਈ, ਕਿਵੇਂ ਲੋਕਾਂ ਨੂੰ ਮਾਰਿਆ ਗਿਆ ਅਤੇ ਜੋ ਬਾਕੀ ਬਚੇ ਉਹਨਾਂ ਨੂੰ ਪੈਰ-ਪੈਰ `ਤੇ ਮਰਨ ਲਈ ਮਜ਼ਬੂਰ ਕੀਤਾ ਗਿਆ।

ਡਾ. ਕੁਲਦੀਪ ਨੇ ਸੰਸਾਰ ਅਤੇ ਭਾਰਤ ਦੇ ਸਿਆਸੀ ਹਾਲਤਾਂ `ਤੇ ਗੱਲ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਜਿਸ ਸਮਾਜ ਵਿੱਚ ਰਹਿ ਰਹੇ ਹਾਂ ਉਹ ਪੂਰੀ ਤਰ੍ਹਾਂ ਮੁਨਾਫ਼ਾ ਕੇਂਦਰਿਤ ਸਮਾਜ ਹੈ। ਆਪਣੇ-ਆਪਣੇ ਮੁਨਾਫੇ ਵਧਾਉਣ ਲਈ ਬਹੁਤ ਸਾਰੇ ਇਜਾਰੇਦਾਰ ਘਰਾਣਿਆਂ ਵਿੱਚ ਗੱਲਵੱਢ ਮੁਕਾਬਲਾ ਚੱਲਦਾ ਹੈ, ਜਿਸਦੇ ਚੱਲਦੇ ਨਵੀਂਆਂ-ਨਵੀਂਆਂ ਮਸ਼ੀਨਾਂ ਆਉਂਦੀਆਂ ਅਤੇ ਪੈਦਾਵਾਰੀ ਪਰਕਿਰਿਆ ਵਿੱਚ ਮਸ਼ੀਨਾਂ ਆਦਿ `ਤੇ ਖਰਚ ਵਧਣ ਕਰਕੇ ਜਿੱਥੇ ਬੇਰੁਜ਼ਗਾਰੀ ਫੈਲਦੀ ਹੈ ਉੱਥੇ ਮਜ਼ਦੂਰਾਂ ਦੀ ਉਜਰਤ ਘੱਟਦੀ ਹੈ ਅਤੇ ਮੁਨਾਫ਼ੇ ਦੀ ਦਰ ਡਿੱਗਦੀ ਹੈ। ਜਿਸ ਕਰਕੇ ਇਹ ਸਮਾਜ ਸਮੇਂ-2 `ਤੇ ਸੰਕਟਾਂ ਦਾ ਸ਼ਿਕਾਰ ਹੁੰਦਾ ਹੈ। ਇਹਨਾਂ ਸੰਕਟਾਂ ਵਿੱਚ ਬੇਰੁਜਗਾਰੀ, ਗ਼ਰੀਬੀ, ਭੁੱਖਮਰੀ ਆਦਿ ਅਲਾਮਤਾਂ ਵਿੱਚ ਵਾਧਾ ਹੁੰਦਾ ਹੈ। ਲੋਕਾਂ ਵਿੱਚ ਬੇਚੈਨੀ ਫੈਲਦੀ ਹੈ ਤਾਂ ਅਜਿਹੇ ਸਮੇਂ ਇੱਕ ਸੱਜ-ਪਿਛਾਖੜੀ ਸੱਤ੍ਹਾ ਸਮੇਂ ਦੇ ਹਾਕਮਾਂ ਦੀ ਲੋੜ ਬਣ ਜਾਂਦੀ ਹੈ। ਦੂਜਾ ਸਮਾਜ ਵਿੱਚ ਫੈਲੀ ਅਣਪੜ੍ਹਤਾ, ਅਗਿਆਨਤਾ, ਔਰਤ-ਵਿਰੋਧੀ ਮਾਨਸਿਕਤਾ ਤੇ ਬੀਤੇ ਦੇ ਹੇਰਵੇ ਵਾਲੀ ਮਾਨਸਿਕਤਾ ਪਿਛਾਖੜੀ ਵਿਚਾਰਧਾਰਾ ਦੇ ਫੈਲਣ ਲਈ ਅਧਾਰ ਤਿਆਰ ਕਰਦੀ ਹੈ ਜਿੱਥੋਂ ਸੱਜ-ਪਿਛਾਖੜੀ ਜਾਂ ਫਾਸੀਵਾਦੀ ਵਿਚਾਰਧਾਰਾ ਆਪਣਾ ਖਾਦ-ਪਾਣੀ ਲੈਂਦੀ ਹੈ। ਭਾਰਤ ਦੇ ਹਾਵਲੇ ਨਾਲ਼ ਅਜਿਹੇ ਹੀ ਮਾਹੌਲ ਬਾਰੇ ਉਹਨਾਂ ਨੇ ਉਦਾਹਰਨਾਂ ਸਹਿਤ ਵਿਸਥਾਰ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਤੇ ਹੱਲ ਵਜੋਂ ਜਿੱਥੇ ਅਗਾਂਹਵਧੂ ਤਾਕਤਾਂ ਦੇ ਫਾਸੀਵਾਦ ਵਿਰੋਧੀ ਮੋਰਚੇ ਦੀ ਲੋੜ ਅਤੇ ਲੋਕਾਂ `ਚ ਗਿਆਨ, ਵਿਗਿਆਨ ਦੇ ਵਿਚਾਰਾਂ ਦੇ ਪ੍ਰਚਾਰ-ਪ੍ਰਸਾਰ ਦੀ ਲੋੜ `ਤੇ ਜ਼ੋਰ ਦਿੱਤਾ।

ਸੁਰਿੰਦਰ ਸ਼ਰਮਾਂ ਜੋ ਕਾਫੀ ਲੰਬੇ ਸਮੇਂ ਤੋਂ ਇਨਕਲਾਬੀ ਥੀਏਟਰ ਨਾਲ਼ ਜੁੜੇ ਹੋਏ ਇੱਕ ਚੰਗੇ ਰੰਗਕਰਮੀ ਤੇ ਇਨਕਲਾਬੀ ਲਹਿਰ `ਚ ਸਰਗਰਮ ਇੱਕ ਘੁਲਾਟੀਏ ਨੇ, `ਥੀਏਟਰ ਦੇ ਸਮਾਜ ਨਾਲ਼ ਸਬੰਧ` ਵਿਸ਼ੇ `ਤੇ ਆਪਣੇ ਵਿਚਾਰ ਰੱਖੇ। ਉਹਨਾਂ ਨੇ ਕਿਹਾ ਕਿ ਕਲਾ ਕਲਾ ਲਈ ਨਾ ਹੋ ਕੇ ਸਮਾਜ ਲਈ ਹੁੰਦੀ ਹੈ। ਕਲਾ ਖ਼ਾਸ ਕਰਕੇ ਨਾਟਕ ਲੋਕਾਂ ਵਿੱਚ ਇਨਕਲਾਬੀ ਭਾਵਨਾ ਭਰਨ ਤੇ ਉਹਨਾਂ ਨੂੰ ਜਾਗੁਰਕ ਕਰਨ ਦੇ ਨਾਲ਼ ਸਮਾਜਿਕ ਇਨਕਲਾਬ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਅ ਸਕਦਾ ਹੈ। ਉਹਨਾਂ ਨੇ ਆਪਣੇ ਨਿੱਜੀ ਤਜ਼ਰਬਿਆਂ ਨਾਲ਼ ਦੱਸਿਆ ਕਿ ਕਿਵੇਂ ਨਾਟਕ ਦੀ ਕਲਾ ਲੋਕਾਂ ਦੀਆਂ ਭਾਵਨਾਵਾਂ ਨੂੰ ਟੁੰਬਦੀ ਹੋਈ ਉਹਨਾਂ `ਤੇ ਸਿੱਧਾ ਤੇ ਤੁਰੰਤ ਅਸਰ ਕਰਦੀ ਹੈ। ਉਹਨਾਂ ਨੇ ਕਿਹਾ ਕਿ ਇੱਕ ਕਲਾਕਾਰ ਜਾਂ ਲੇਖਕ ਦਾ ਸਹੀ ਅਰਥਾਂ ਵਿੱਚ ਚੰਗਾ ਹੋਣਾ ਉਹਦੀਆਂ ਕਿਰਤਾਂ ਦੀ ਮਾਤਰਾ ਤੋਂ ਨਹੀਂ ਸਗੋਂ ਉਸਦਾ ਲੋਕ-ਲਹਿਰ ਨੂੰ ਪਰਨਾਇਆ ਹੋਣ ਤੋਂ ਤੈਅ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਉਹ ਵਿਅਕਤੀਗਤ ਮੁਫਾਦਾਂ ਲਈ ਕਲਾ ਰਚਨਾ ਜਾਂ ਨਾਟਕ ਨਹੀਂ ਕਰਦਾ ਸਗੋਂ ਲੋਕਾਂ ਵਿੱਚ ਇਨਕਲਾਬ ਦਾ ਜ਼ਜ਼ਬਾ ਭਰਨ, ਨੌਜਵਾਨਾਂ ਨੂੰ ਸਹੀ ਸੇਧ ਦੇਣ ਅਤੇ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੇ ਉਦੇਸ਼ ਨਾਲ਼ ਇਹ ਕੰਮ ਕਰਦਾ ਹੈ ਅਤੇ ਲੋਕਾਂ ਦੀ ਇਸ ਤਰ੍ਹਾਂ ਨਾਲ਼ ਸੇਵਾ ਕਰਨ ਦਾ ਉਸਨੂੰ ਮਾਣ ਹੈ। ਉਹਨਾਂ ਦੇ ਇਸ ਕੰਮ ਵਿੱਚ ਉਹਨਾਂ ਦੀ ਘਰਵਾਲੀ ਵੀ ਉਹਨਾਂ ਦਾ ਸਾਥ ਦਿੰਦੀ ਹੈ। ਅਖ਼ੀਰ ਵਿੱਚ ਉਹਨਾਂ ਨੇ ਸਾਡੇ ਸੱਭਿਆਚਾਰ ਵਿਚਲੀਆਂ ਚੰਗੀਆਂ ਗੱਲਾਂ `ਤੇ ਮਾਣ ਕਰਨ ਤੇ ਬੁਰਾਈਆਂ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹੋਏ ਉਹਨਾਂ ਨੂੰ ਛੱਡਣ ਦੀ ਸਲਾਹ ਦਿੱਤੀ। 17 ਜੂਨ ਨੂੰ ਜੋ ਡਾਊਨਟਾਉਨ ਲਾਇਬ੍ਰੇਰੇ ਵਿਖੇ ਹੋ ਰਹੇ ਬੱਚਿਆਂ ਦੇ ਨਾਟਕਾਂ ਦੀ ਤਿਆਰੀ ਸਬੰਧੀ ਉਹ ਇੱਥੇ ਆਏ ਹੋਏ ਹਨ।

ਮੰਚ ਸੰਚਾਲਣ ਦੀ ਜਿੰਮੇਵਾਰੀ ਮਾਸਟਰ ਭਜਨ ਹੋਰਾਂ ਨੇ ਨਿਭਾਈ। ਇਸ ਤੋਂ ਇਲਾਵਾ ਮਾਸਟਰ ਬਚਿੱਤਰ ਗਿੱਲ ਨੇ ਭਗਤ ਸਿੰਘ ਬਾਰੇ ਇੱਕ ਕਵੀਸ਼ਰੀ ਪੇਸ਼ ਕੀਤੀ ਅਤੇ ਹਰਨੇਕ ਬੱਧਨੀ ਨੇ ਆਸਫਾ ਨਾਲ਼ ਸਬੰਧਿਤ ਔਰਤ ਦੇ ਮਸਲੇ ਨੂੰ ਮੁਖ਼ਾਤਿਬ ਹੁੰਦੇ ਹੋਏ ਇੱਕ ਕਵਿਤਾ ਪੇਸ਼ ਕੀਤੀ। ਹਾਲ ਵਿੱਚ ਬੈਠੇ ਸਰੋਤਿਆਂ ਨੇ ਬਹੁਤ ਹੀ ਸੰਜੀਦਗੀ ਨਾਲ਼ ਪ੍ਰੋਗਰਾਮ ਨੂੰ ਸੁਣਿਆ, ਜਿਸ ਵਿੱਚ ਔਰਤਾਂ, ਨੌਜਾਵਾਨਾਂ, ਬੱਚੀਆਂ ਦੀ ਚੰਗੀ ਖਾਸੀ ਸ਼ਮੂਲੀਅਤ ਹੋਣ ਪ੍ਰੋਗਰਾਮ ਦੀ ਖ਼ਾਸ ਪ੍ਰਾਪਤੀ ਸੀ।ਤਿੰਨਾਂ ਬੁਲਾਰਿਆਂ ਨੂੰ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਤੀਸਤਾ ਸੀਤਲਵਾੜ ਅਤੇ ਅਰੁਣ ਫਰੇਰਾ ਦੀ ਜੇਲ੍ਹ ਯਾਦਾਂ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।


Like it? Share with your friends!

-1

Comments 0

Your email address will not be published. Required fields are marked *

Enable Google Transliteration.(To type in English, press Ctrl+g)

`ਪ੍ਰੋਗ੍ਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਿਰੀ` ਵੱਲੋਂ ਕੀਤੀ ਮਾਸਿਕ ਮੀਟਿੰਗ ਸੈਮੀਨਾਰ ਹੋ ਨਿਬੜੀ