ਐਸਪੀਜੀ ਵਲੋਂ ਪੀਐਮ ਮੋਦੀ ਨੂੰ ਰੋਡ ਸ਼ੋਅ ਨਾ ਕਰਨ ਦੀ ਸਲਾਹ, ਸੀਪੀਜੀ ਤੇ ਕੈਟ ਦੇ ਜਵਾਨ ਅਲਰਟ


ਨਵੀਂ ਦਿੱਲੀ, 9 ਜੂਨ (ਏਜੰਸੀ) : ਪੂਨੇ ਪੁਲਿਸ ਵਲੋਂ ਰਾਜੀਵ ਗਾਂਧੀ ਹੱਤਿਆ ਕਾਂਡ ਵਾਂਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜਿਸ਼ ਦਾ ਖ਼ੁਲਾਸਾ ਕਰਨ ਤੋਂ ਬਾਅਦ ਸੁਰੱਖਿਆ ਏਜੰਸੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਚੌਕਸ ਹੋ ਗਈਆਂ ਹਨ। ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਐਸਪੀਜੀ (ਸਪੈਸ਼ਲ ਪ੍ਰੋਟੈਕਸ਼ਨ ਗਰੁੱਪ) ਨੇ ਪੀਐਮ ਨੂੰ ਰੋਡ ਸ਼ੋਅ ਨਾ ਕਰਨ ਦੀ ਸਲਾਹ ਦਿਤੀ ਹੈ। ਕੈਬਨਿਟ ਸਕੱਤਰੇਤ ਦੇ ਸੂਤਰਾਂ ਨੇ ਦਸਿਆ ਕਿ ਪੀਐਮ ਮੋਦੀ ਦੇ ਵਿਰੁਧ ਸਾਜਿਸ਼ ਦਾ ਪਰਦਾਫਾਸ਼ ਹੋਣ ਤੋਂ ਬਾਅਦ ਐਸਪੀਜੀ ਨੇ ਅਪਣੇ ਜਵਾਨਾਂ ਨੂੰ ਇਸ ਸਬੰਧੀ ਚੌਕਸ ਕੀਤਾ ਹੈ। ਦੂਜੇ ਪਾਸੇ ਸੀਪੀਜੀ (ਕਲੋਜਡ ਪ੍ਰੋਟੈਕਸ਼ਨ ਗਰੁੱਪ) ਨੂੰ ਵੀ ਅਲਰਟ ਕੀਤਾ ਗਿਆ ਹੈ। ਦਸ ਦਈਏ ਕਿ ਸੀਪੀਜੀ ਦੇ ਜਵਾਨ ਹਮੇਸ਼ਾਂ ਪ੍ਰਧਾਨ ਮੰਤਰੀ ਦੇ ਨੇੜੇ ਤੇੜੇ ਹੀ ਰਹਿੰਦੇ ਹਨ ਅਤੇ ਉਹ ਅੰਦਰੂਨੀ ਸੁਰੱਖਿਆ ਦਾ ਜ਼ਿੰਮਾ ਸੰਭਾਲਦੇ ਹਨ। ਇਹ ਜਵਾਨ ਕਿਸੇ ਵੀ ਅਤਿਵਾਦੀ ਨੂੰ ਕੁੱਝ ਸਕਿੰਟਾਂ ਵਿਚ ਮਾਰ ਗਿਰਾਉਣ ਦੀ ਸਮਰੱਥਾ ਰੱਖਦੇ ਹਨ।

ਦੂਜੇ ਪਾਸੇ ਐਸਪੀਜੀ ਦੀ ਕਵਿੱਕ ਰਿਸਪਾਂਸ ਟੀਮ ਸੀਏਟੀ (ਕਾਊਂਟਰ ਅਸਾਲਟ ਟੀਮ) ਨੂੰ ਵੀ ਅਲਰਟ ਕਰ ਦਿਤਾ ਗਿਆ ਹੈ। ਅਤਿਆਧੁਨਿਕ ਅਤੇ ਸਟੇਟ ਆਫ਼ ਦਿ ਆਰਟ ਹਥਿਆਰਾਂ ਨਾਲ ਲੈਸ ਕੈਟ ਦੇ ਜਵਾਨਾਂ ਦੀ ਬੇਹੱਦ ਸਖ਼ਤ ਸਿਖ਼ਲਾਹੀ ਹੁੰਦੀ ਹੈ। ਇਹ ਟੀਮ ਪ੍ਰਧਾਨ ਮੰਤਰੀ ‘ਤੇ ਕਿਸੇ ਵੀ ਹਮਲੇ ਦੀ ਹਾਲਤ ਵਿਚ ਤੁਰਤ ਮੋਰਚਾ ਸੰਭਾਲਦੀ ਹੈ। ਸੂਤਰਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਕਾਫ਼ਲੇ ਦੇ ਡਰਾਈਵਰਾਂ ਨੂੰ ਵੀ ਵਿਸ਼ੇਸ਼ ਰੂਪ ਨਾਲ ਬ੍ਰੀਫ਼ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਚੌਕਸ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਕਾਫ਼ਲੇ ਵਿਚ ਬੀਐਮਡਬਲਯੂ7 ਸੀਰੀਜ਼ ਦੀਆਂ ਦੋ ਸਿਡਾਨ ਬਖ਼ਤਰਬੰਦ ਗੱਡੀਆਂ, 6 ਬੀਐਮਡਬਲਯੂ ਐਕਸ5 ਐਸਯੂਵੀ ਅਤੇ ਇਕ ਮਰਸੀਡੀਜ਼ ਬੈਂਜ ਐਂਬੂਲੈਂਸ ਰਹਿੰਦੀ ਹੈ। ਇਸ ਤੋਂ ਇਲਾਵਾ ਕਾਫ਼ਲੇ ਵਿਚ ਸੁਰੱਖਿਆ ਬਲਾਂ ਦੀਆਂ ਗੱਡੀਆਂ ਅਤੇ ਜੈਮਰ ਲੱਗੀਆਂ ਗੱਡੀਆਂ ਹੁੰਦੀਆਂ ਹਨ। ਪੀਐਮ ਦੇ ਕਾਫ਼ਲੇ ਵਿਚ ਦੋ ਡਮੀ ਗੱਡੀਆਂ ਵਿਚ ਹੁੰਦੀਆਂ ਹਨ ਤਾਕਿ ਕਿਸੇ ਨੂੰ ਇਹ ਪਤਾ ਨਾ ਲੱਗ ਸਕੇ ਕਿ ਪ੍ਰਧਾਨ ਮੰਤਰੀ ਕਿਹੜੀ ਗੱਡੀ ਵਿਚ ਹਨ। ਪੀਐਮ ਦੇ ਕਾਫ਼ਲੇ ਦੇ ਅੱਗੇ ਅਤੇ ਪਿੱਛੇ ਦਿੱਲੀ ਪੁਲਿਸ ਦੇ ਵਿਸ਼ੇਸ਼ ਦਸਤੇ ਦੀਆਂ ਗੱਡੀਆਂ ਚਲਦੀਆਂ ਹਨ।

ਸੂਤਰਾਂ ਨੇ ਦਸਿਆ ਕਿ ਜੈਮਰ ਲੱਗੀਆਂ ਗੱਡੀਆਂ ‘ਤੇ ਸਾਰੇ ਤਰ੍ਹਾਂ ਦੇ ਐਂਟੀਨੇ ਲੱਗੇ ਹੁੰਦੇ ਹਨ ਅਤੇ ਇਹ ਐਂਟੀਨੇ ਸੜਕ ਦੇ ਦੋਵੇਂ ਪਾਸੇ 100 ਮੀਟਰ ਦੀ ਦੂਰੀ ‘ਤੇ ਰੱਖੇ ਕਿਸੇ ਵੀ ਬੰਬ ਨੂੰ ਡਿਫਿ਼ਊਜ਼ ਕਰ ਸਕਦੇ ਹਨ। ਕਾਫ਼ਲੇ ਵਿਚ ਸੁਰੱਖਿਆ ਬਲਾਂ ਦੀਆਂ ਗੱਡੀਆਂ ‘ਤੇ ਐਨਐਸਜੀ ਦੇ ਸ਼ੂਟਰ ਤਾਇਨਾਤ ਰਹਿੰਦੇ ਹਨ। ਜਦੋਂ ਕਦੇ ਪ੍ਰਧਾਨ ਮੰਤਰੀ ਪੈਦਲ ਚਲਦੇ ਹਨ ਤਾਂ ਐਨਐਸਜੀ ਦੇ ਜਵਾਨ ਵਰਦੀ ਦੇ ਨਾਲ-ਨਾਲ ਸਾਦੀ ਵਰਦੀ ਵਿਚ ਉਨ੍ਹਾਂ ਦੇ ਆਸਪਾਸ ਘੇਰਾ ਬਣਾ ਕੇ ਰੱਖਦੇ ਹਨ। ਸੂਤਰਾਂ ਨੇ ਦਸਿਆ ਕਿ ਐਸਪੀਜੀ ਦੇ ਦੋ ਜਵਾਨ ਹਮੇਸ਼ਾਂ ਪ੍ਰਧਾਨ ਮੰਤਰੀ ਦੇ ਆਸਪਾਸ ਇਕ ਬ੍ਰੀਫ਼ਕੇਸ ਦੇ ਨਾਲ ਮੌਜੂਦ ਰਹਿੰਦੇ ਹਨ। ਇਹ ਬ੍ਰੀਫ਼ਕੇਸ ਦਰਅਸਲ ਬੈਲਿਸਟਿਕ ਸ਼ੀਲਡ ਹੁੰਦੀ ਹੈ। ਕਿਸੇ ਵੀ ਮਿਜ਼ਾਈਲ ਹਮਲੇ ਦੀ ਸਥਿਤੀ ਵਿਚ ਇਹ ਢਾਲ ਦਾ ਕੰਮ ਕਰਦਾ ਹੈ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰਾਲਾ ਦਾ ਨਕਸਲ ਡੈਸਕ ਵੀ ਪੂਨੇ ਪੁਲਿਸ ਦੇ ਸੰਪਰਕ ਵਿਚ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਜੇ ਜਾਂਚ ਸ਼ੁਰੂਆਤੀ ਪੜਾਅ ਵਿਚ ਹੈ, ਪਰ ਸੂਬਾਈ ਪੁਲਿਸ ਤੋਂ ਮਾਮਲੇ ‘ਤੇ ਰਿਪੋਰਟ ਮੰਗੀ ਜਾਵੇਗੀ।

ਜ਼ਿਕਰਯੋਗ ਹੈ ਕਿ ਪੂਨੇ ਦੀ ਪੁਲਿਸ ਨੇ ਅਦਾਲਤ ਵਿਚ ਇਕ ਚਿੱਠੀ ਪੇਸ਼ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਮਾਓਵਾਦੀ ਪੀਐਮ ਮੋਦੀ ਦੀ ਰਾਜੀਵ ਗਾਂਧੀ ਵਾਂਗ ਹੱਤਿਆ ਕਰਨ ਦੀ ਸਾਜਿਸ਼ ਰਚ ਰਹੇ ਸਨ। ਪੁਲਿਸ ਨੇ ਇਸ ਮਾਮਲੇ ਵਿਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦਾ ਸਬੰਧ ਪਾਬੰਦੀਸ਼ੁਦਾ ਸੀਪੀਆਈ-ਮਾਓਵਾਦੀ ਸੰਗਠਨ ਨਾਲ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਐਸਪੀਜੀ ਵਲੋਂ ਪੀਐਮ ਮੋਦੀ ਨੂੰ ਰੋਡ ਸ਼ੋਅ ਨਾ ਕਰਨ ਦੀ ਸਲਾਹ, ਸੀਪੀਜੀ ਤੇ ਕੈਟ ਦੇ ਜਵਾਨ ਅਲਰਟ