ਅਲਬਰਟਾ ਨੇ ਕਿਸਾਨਾਂ ਲਈ ਪਰਵਾਸ ਦੇ ਦਰ ਖੋਲ੍ਹੇ


ਕੈਲਗਰੀ, 16 ਜੂਨ (ਏਜੰਸੀ) : ਕੈਨੇਡਾ ਦੇ ਸੂਬੇ ਅਲਬਰਟਾ ਨੇ ਅਲਬਰਟਾ ਇਮੀਗ੍ਰੇਸ਼ਨ ਨੌਮਿਨੀ ਪ੍ਰੋਗਰਾਮ (ਏਆਈਐਨਪੀ) ਵਿੱਚ ਵੱਡੀ ਤਬਦੀਲੀ ਕਰਦਿਆਂ ਦੁਨੀਆ ਭਰ ਦੇ ਕਿਸਾਨਾਂ ਲਈ ਪਰਵਾਸ ਦੇ ਬੂਹੇ ਖੋਲ੍ਹ ਦਿੱਤੇ ਹਨ। ਖੇਤੀਬਾੜੀ ਦਾ ਤਜਰਬਾ ਰੱਖਣ ਵਾਲੇ ਕਿਸਾਨਾਂ ਕੋਲ ਜੇ ਸੂਬੇ ਵਿੱਚ ਜ਼ਮੀਨ ਖ਼ਰੀਦਣ ਦੀ ਸਮਰੱਥਾ ਹੈ ਤਾਂ ਉਹ ਇਸ ਸਕੀਮ ਅਧੀਨ ਅਲਬਰਟਾ ਸੂਬੇ ਦੀ ਪੀ.ਆਰ. ਹਾਸਲ ਕਰ ਸਕਦੇ ਹਨ। ਇਸੇ ਤਰ੍ਹਾਂ ਏਆਈਐਨਪੀ ਤਹਿਤ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਲਈ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਇਹ ਦੋਵੇਂ ਨਿਯਮ 14 ਜੂਨ ਤੋਂ ਲਾਗੂ ਹੋ ਗਏ ਹਨ।

ਅਲਬਰਟਾ ਸੂਬੇ ਵਿੱਚ ਖੇਤੀ ਕਰਨ ਦੇ ਚਾਹਵਾਨਾਂ ਨੂੰ ਕਈ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ। ਸਭ ਤੋਂ ਪਹਿਲਾਂ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਆਪਣੀ ਪੜ੍ਹਾਈ ਅਤੇ ਤਜਰਬੇ ਤੋਂ ਇਲਾਵਾ ਘੱਟੋ-ਘੱਟ ਪੰਜ ਲੱਖ ਡਾਲਰ ਦੀ ਰਕਮ ਦਿਖਾਉਣੀ ਪਵੇਗੀ, ਜਿਹੜੀ ਉਹ ਅਲਬਰਟਾ ਵਿੱਚ ਨਿਵੇਸ਼ ਕਰਨੀ ਚਾਹੁੰਦੇ ਹਨ। ਇਸ ਤੋਂ ਇਲਾਵਾ ਕੈਨੇਡਾ ਦੇ ਕਿਸੇ ਵਿੱਤੀ ਅਦਾਰੇ ਕੋਲੋਂ ਕਰਜ਼ੇ ਦੀ ਮਨਜ਼ੂਰੀ ਵੀ ਦਿਖਾਉਣੀ ਹੋਵੇਗੀ। ਏਆਈਐਨਪੀ ਅਤੇ ਅਲਬਰਟਾ ਦੇ ਖੇਤੀਬਾੜੀ ਤੇ ਜੰਗਲਾਤ ਵਿਭਾਗ ਵੱਲੋਂ ਬਿਨੈਕਾਰ ਦੀ ਅਰਜ਼ੀ ਪੜਤਾਲ ਕਰਨ ਤੋਂ ਬਾਅਦ ਹੀ ਮਨਜ਼ੂਰੀ ਸੰਭਵ ਹੋ ਸਕੇਗੀ। ਏਆਈਐਨਪੀ ਸਕੀਮ ਅਧੀਨ ਪੀ.ਆਰ. ਦਾ ਕੇਸ ਲਾਉਣ ਦੇ ਇੱਛੁਕ ਵਿਦਿਆਰਥੀਆਂ ਲਈ ਵੀ ਕੁਝ ਤਬਦੀਲੀਆਂ ਹੋਈਆਂ ਹਨ। ਬਾਹਰਲੇ ਸੂਬਿਆਂ ਵਿੱਚ ਪੜ੍ਹਾਈ ਕਰਨ ਵਾਲਿਆਂ ਲਈ ਹੁਣ ਅਲਬਰਟਾ ਨੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਟੋਰਾਂਟੋ ਅਤੇ ਵੈਨਕੂਵਰ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਏਆਈਐਨਪੀ ਦਾ ਲਾਹਾ ਲੈਣ ਲਈ ਅਲਬਰਟਾ ਆ ਜਾਂਦੇ ਸਨ। ਜਿਹੜੇ ਵਿਦਿਆਰਥੀ ਹਾਲ ਹੀ ਵਿੱਚ ਅਲਬਰਟਾ ਆਏ ਸਨ, ਉਨ੍ਹਾਂ ਨੂੰ ਪੀ.ਆਰ. ਦੀ ਅਰਜ਼ੀ ਲਾਉਣ ਲਈ ਐਕਸਪ੍ਰੈੱਸ ਐਂਟਰੀ ਦਾ ਸਹਾਰਾ ਲੈਣਾ ਪਵੇਗਾ ਜਾਂ ਫਿਰ ਕਿਸੇ ਹੋਰ ਸੂਬੇ ਵੱਲ ਕੂਚ ਕਰਨਾ ਹੋਵੇਗਾ।

ਏਆਈਐਨਪੀ ਵਿੱਚ ਦੂਜੀ ਵੱਡੀ ਤਬਦੀਲੀ ਭਾਸ਼ਾ ਮੁਹਾਰਤ ਦੀ ਸ਼ਰਤ ਦੀ ਕੀਤੀ ਗਈ ਹੈ। ਬਿਨੈਕਾਰਾਂ ਨੂੰ ਹੁਣ ਆਈਲੈੱਟਸ ਜਾਂ ਇਸ ਦੇ ਬਰਾਬਰ ਦਾ ਟੈਸਟ ਦੁਬਾਰਾ ਦੇਣਾ ਪਵੇਗਾ। ਏਆਈਐਨਪੀ ਦੇ ਵਿਦਿਆਰਥੀ ਵਰਗ ਵਿੱਚ ਪਹਿਲਾਂ ਚਾਰ ਹਫ਼ਤਿਆਂ ਦੀ ਤਨਖ਼ਾਹ ਦੇ ਸਬੂਤ ਤੋਂ ਬਾਅਦ ਹੀ ਪੀ.ਆਰ. ਦੀ ਅਰਜ਼ੀ ਲੱਗ ਜਾਂਦੀ ਸੀ, ਜੋ ਹੁਣ ਵਧਾ ਕੇ ਛੇ ਮਹੀਨੇ ਕਰ ਦਿੱਤੀ ਹੈ। ਪਹਿਲਾਂ ਕਿਸੇ ਵੀ ਖੇਤਰ ਵਿੱਚ ਸੁਪਵਾਈਜ਼ਰ ਦੀ ਨੌਕਰੀ ਦਿਖਾ ਕੇ ਵਿਦਿਆਰਥੀਆਂ ਨੇ ਪੀ.ਆਰ. ਦੇ ਕੇਸ ਲਾਏ ਹਨ, ਪਰ ਨਵੀਆਂ ਸ਼ਰਤਾਂ ਅਨੁਸਾਰ ਹੁਣ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਨਾਲ ਸਬੰਧਤ ਨੌਕਰੀ ਦਾ ਸਬੂਤ ਦੇਣਾ ਪਵੇਗਾ। ਪੰਜਾਬ ਤੋਂ ਜ਼ਿਆਦਾਤਰ ਵਿਦਿਆਰਥੀ ਦੋ ਸਾਲ ਦੇ ਕੋਰਸਾਂ ਵਿੱਚ ਪੜ੍ਹਾਈ ਕਰ ਰਹੇ ਹਨ, ਪਰ ਜਿਨ੍ਹਾਂ ਨੇ ਇੱਕ ਸਾਲ ਦੇ ਕੋਰਸ ਵਿੱਚ ਦਾਖ਼ਲਾ ਲਿਆ ਹੈ, ਉਨ੍ਹਾਂ ਨੂੰ ਨਵੇਂ ਨਿਯਮਾਂ ਦਾ ਮੁਲਾਂਕਣ ਕਰਨਾ ਪਵੇਗਾ।

ਏਆਈਐਨਪੀ ਅਧੀਨ ਵਰਕ ਪਰਮਿਟ ’ਤੇ ਕੰਮ ਕਰਨ ਵਾਲਿਆਂ ਲਈ ਵੀ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ। ਇਸ ਵਿੱਚ ਓਪਨ ਵਰਕ ਪਰਮਿਟ ਅਤੇ ਐਲਐਮਆਈਏ ਵਾਲਿਆਂ ਨੂੰ ਛੱਡ ਕੇ ਬਾਕੀਆਂ ਲਈ ਸ਼ਰਤਾਂ ਹੁਣ ਸਖ਼ਤ ਹੋਣਗੀਆਂ। ਏਆਈਐਨਪੀ ਦੀ ਸੂਚੀ ਵਿੱਚੋਂ ਅਲਬਰਟਾ ਸਰਕਾਰ ਨੇ ਕੁਝ ਨੌਕਰੀਆਂ ਨੂੰ ਕੱਢ ਦਿੱਤਾ ਹੈ। ਟੈਕਸੀ, ਗੁਰਦੁਆਰਿਆਂ ਤੇ ਮੰਦਰਾਂ ਦੀਆਂ ਨੌਕਰੀਆਂ ਹੁਣ ਏਆਈਐਨਪੀ ਵਿੱਚ ਨਹੀਂ ਰਹੀਆਂ, ਜਦਕਿ ਟਰੱਕ ਡਰਾਈਵਰਾਂ ਨੂੰ ਹਾਲ ਦੀ ਘੜੀ ਇਸ ਸੂਚੀ ਵਿੱਚ ਰੱਖ ਲਿਆ ਗਿਆ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਲਬਰਟਾ ਨੇ ਕਿਸਾਨਾਂ ਲਈ ਪਰਵਾਸ ਦੇ ਦਰ ਖੋਲ੍ਹੇ