ਰਮਜ਼ਾਨ ਦੌਰਾਨ ਵਾਦੀ ’ਚ ਗੋਲੀਬੰਦੀ ਦਾ ਐਲਾਨ


ਨਵੀਂ ਦਿੱਲੀ, 16 ਮਈ (ਏਜੰਸੀਆਂ) : ਕੇਂਦਰ ਨੇ ਮੁਸਲਮਾਨਾਂ ਦੇ ਪਵਿੱਤਰ ਮਹੀਨੇ ਰਮਜ਼ਾਨ ਦੌਰਾਨ ਜੰਮੂ-ਕਸ਼ਮੀਰ ਵਿੱਚ ਸਲਾਮਤੀ ਦਸਤਿਆਂ ਦੀਆਂ ਦਹਿਸ਼ਤਗਰਦੀ ਵਿਰੋਧੀ ਕਾਰਵਾਈਆਂ ਰੋਕਣ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਸੂਬੇ ਵਿੱਚ ਅਮਨ ਬਹਾਲੀ ਤੇ ਉਸਾਰੂ ਮਾਹੌਲ ਪੈਦਾ ਕਰਨ ਲਈ ਕੀਤਾ ਗਿਆ ਹੈ। ਇਸ ਸਬੰਧੀ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਨਿਚਰਵਾਰ ਨੂੰ ਜੰਮੂ-ਕਸ਼ਮੀਰ ਫੇਰੀ ਤੋਂ ਦੋ ਦਿਨ ਪਹਿਲਾਂ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਇਸ ਦੌਰਾਨ ਸਲਾਮਤੀ ਦਸਤਿਆਂ ਨੂੰ ਆਪਣੇ ਉਤੇ ਹੋਣ ਵਾਲੇ ਕਿਸੇ ਹਮਲੇ ਜਾਂ ਆਮ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਕਾਰਵਾਈ ਕਰਨ ਦਾ ਅਖ਼ਤਿਆਰ ਹੋਵੇਗਾ।

ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਅਤੇ ਵਿਰੋਧੀ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਕੇਂਦਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਇਸ ਤੋਂ ਪਹਿਲਾਂ ਸਾਲ 2000 ਵਿੱਚ ਵੀ ਰਮਜ਼ਾਨ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਪਹਿਲੀ ਐਨਡੀਏ ਸਰਕਾਰ ਨੇ ਵਾਦੀ ਵਿੱਚ ਸੁਰੱਖਿਆ ਅਪਰੇਸ਼ਨਾਂ ਦੀ ਸ਼ੁਰੂਆਤ ਨਾ ਕਰਨ ਦਾ ਐਲਾਨ ਕੀਤਾ ਸੀ। ਇਹ ਫ਼ੈਸਲਾ ਵੀ ਉਸੇ ਤਰਜ਼ ਉਤੇ ਕੀਤਾ ਗਿਆ ਹੈ।

ਗ਼ੌਰਤਲਬ ਹੈ ਕਿ ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਹਾਲਾਤ ’ਤੇ ਚਰਚਾ ਕਰਨ ਲਈ ਸੂਬੇ ਦੀਆਂ ਸਿਆਸੀ ਪਾਰਟੀਆਂ ਦੀ ਹੋਈ ਮੀਟਿੰਗ ਵਿੱਚ ਵੀ ਮੁੱਖ ਮੰਤਰੀ ਨੇ ਕੇਂਦਰ ਤੋਂ ਅਜਿਹੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਕੇਂਦਰ ਨੂੰ ਰਮਜ਼ਾਨ ਤੋਂ ਲੈ ਕੇ ਅਗਸਤ ਵਿੱਚ ਅਮਰਨਾਥ ਯਾਤਰਾ ਪੂਰੀ ਹੋਣ ਤੱਕ ਇਕਪਾਸੜ ਤੌਰ ’ਤੇ ਗੋਲੀਬੰਦੀ ਕਰਨੀ ਚਾਹੀਦੀ ਹੈ। ਰਮਜ਼ਾਨ ਦਾ ਮਹੀਨਾ ਵੀਰਵਾਰ ਤੋਂ ਸ਼ੁਰੂ ਹੋਵੇਗਾ। ਮੰਤਰਾਲੇ ਨੇ ਇਹ ਸਾਫ਼ ਨਹੀਂ ਕੀਤਾ ਕਿ ਅਪਰੇਸ਼ਨ ਰੋਕਣ ਦਾ ਫ਼ੈਸਲਾ ਅਮਰਨਾਥ ਯਾਤਰਾ ਦੌਰਾਨ ਵੀ ਲਾਗੂ ਰਹੇਗਾ ਜਾਂ ਨਹੀਂ।

ਇਸ ਬਾਰੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮਹਿਬੂਬਾ ਮੁਫ਼ਤੀ ਨੂੰ ਜਾਣਕਾਰੀ ਦਿੱਤੀ ਹੈ। ਇਕ ਸਰਕਾਰੀ ਤਰਜਮਾਨ ਨੇ ਕਿਹਾ, ‘‘ਇਹ ਜ਼ਰੂਰੀ ਹੈ ਕਿ ਅੰਨ੍ਹੇਵਾਹ ਹਿੰਸਾ ਤੇ ਦਹਿਸ਼ਤਗਰਦੀ ਰਾਹੀਂ ਇਸਲਾਮ ਦਾ ਨਾਂ ਬਦਨਾਮ ਕਰਨ ਵਾਲੀਆਂ ਤਾਕਤਾਂ ਨੂੰ ਅਲੱਗ-ਥਲੱਗ ਕੀਤਾ ਜਾਵੇ।’’ ਉਨ੍ਹਾਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਮੁਸਲਮਾਨ ਭਰਾ ਤੇ ਭੈਣਾਂ ਰਮਜ਼ਾਨ ਦਾ ਮਹੀਨਾ ਪੁਰਅਮਨ ਢੰਗ ਨਾਲ ਮਨਾ ਸਕਣ। ਇਸ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਕਾਰਵਾਈਆਂ ਰੋਕਣ ਦਾ ਫ਼ੈਸਲਾ ਦਹਿਸ਼ਤਗਰਦਾਂ ਨੂੰ ਕੋਈ ਛੋਟ ਦੇਣਾ ਨਹੀਂ ਹੈ। ਇਸ ਦੌਰਾਨ ਸਲਾਮਤੀ ਦਸਤਿਆਂ ਵੱਲੋਂ ਪੂਰੀ ਚੌਕਸੀ ਰੱਖੀ ਜਾਵੇਗੀ। ਇਕ ਅਧਿਕਾਰੀ ਨੇ ਕਿਹਾ, ‘‘ਇਹ ਦਹਿਸ਼ਤਗਰਦਾਂ ਲਈ ਕੋਈ ਛੋਟ ਨਹੀਂ ਹੈ। ਇਸ ਦਾ ਮਕਸਦ ਹੈ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਲੋਕਾਂ ਨੂੰ ਕੋਈ ਔਖ ਨਾ ਆਵੇ।’’


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਰਮਜ਼ਾਨ ਦੌਰਾਨ ਵਾਦੀ ’ਚ ਗੋਲੀਬੰਦੀ ਦਾ ਐਲਾਨ