ਸੋਚੀ ’ਚ ਭਾਰਤ-ਰੂਸ ਦੋਸਤੀ ਨੂੰ ਹੁਲਾਰਾ


ਸੋਚੀ, 21 ਮਈ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਕਿਹਾ ਕਿ ਭਾਰਤ ਅਤੇ ਰੂਸ ਦੀ ਰਣਨੀਤਕ ਭਾਈਵਾਲੀ ਹੁਣ ਤਰੱਕੀ ਕਰ ਕੇ ‘ਖ਼ਾਸ ਤਰਜੀਹੀ ਰਣਨੀਤਕ ਭਾਈਵਾਲੀ’ ਬਣ ਗਈ ਹੈ। ਉਹ ਕਾਲੇ ਸਾਗਰ ਦੇ ਸਾਹਿਲ ’ਤੇ ਸਥਿਤ ਇਸ ਸ਼ਹਿਰ ਵਿੱਚ ਰੂਸ ਦੇ ਸਦਰ ਵਲਾਦੀਮੀਰ ਪੂਤਿਨ ਨਾਲ ਗ਼ੈਰਰਸਮੀ ਸਿਖਰ ਸੰਮੇਲਨ ਮੌਕੇ ਬੋਲ ਰਹੇ ਸਨ। ਆਪਣੇ ਸ਼ੁਰੂਆਤੀ ਬੋਲਾਂ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਰੂਸ ਬਹੁਤ ਪੁਰਾਣੇ ਦੋਸਤ ਹਨ ਅਤੇ ਉਨ੍ਹਾਂ ਦੀ ਦੋਸਤੀ ਅਟੁੱਟ ਹੈ। ਉਨ੍ਹਾਂ ਕਿਹਾ, ‘‘ਮੈਂ ਸਦਰ ਪੂਤਿਨ ਦਾ ਧੰਨਵਾਦੀ ਹਾਂ, ਜਿਨ੍ਹਾਂ ਮੈਨੂੰ ਗ਼ੈਰਰਸਮੀ ਮੁਲਾਕਾਤ ਲਈ ਸੱਦਿਆ ਅਤੇ ਇਸ ਤਰ੍ਹਾਂ ਸਾਡੀ ਪੁਰਾਣੀ ਦੋਸਤੀ ਦੌਰਾਨ ਸਾਡੇ ਰਿਸ਼ਤਿਆਂ ਵਿੱਚ ਇਕ ਨਵਾਂ ਪੱਖ ਜੁੜ ਗਿਆ ਹੈ।’’ ਉਨ੍ਹਾਂ ਕਿਹਾ, ‘‘ਤੁਸੀਂ (ਦੋਵਾਂ ਮੁਲਕਾਂ ਦੇ) ਦੁਵੱਲੇ ਰਿਸ਼ਤਿਆਂ ਵਿੱਚ ਗ਼ੈਰਰਸਮੀ ਸਿਖਰ ਸੰਮੇਲਨ ਦਾ ਇਕ ਨਵਾਂ ਪੱਖ ਜੋੜ ਦਿੱਤਾ ਹੈ, ਜੋ ਮੇਰੇ ਖ਼ਿਆਲ ਵਿੱਚ ਇਕ ਵਧੀਆ ਮੌਕਾ ਹੈ, ਜਿਸ ਨਾਲ ਭਰੋਸਾ ਵਧੇਗਾ।’’

ਉਨ੍ਹਾਂ ਇਸ ਮੌਕੇ 2001 ਵਿੱਚ ਉਦੋਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਆਪਣੀ ਪਹਿਲੀ ਰੂਸ ਫੇਰੀ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਪੂਤਿਨ ਅਜਿਹੇ ਪਹਿਲੇ ਆਲਮੀ ਆਗੂ ਸਨ, ਜਿਨ੍ਹਾਂ ਨਾਲ ਉਨ੍ਹਾਂ ਗੁਜਰਾਤ ਦਾ ਮੁੱਖ ਮੰਤਰੀ ਬਣਨ ਪਿੱਛੋਂ ਮੁਲਾਕਾਤ ਕੀਤੀ ਸੀ। ਉਨ੍ਹਾਂ ਸ੍ਰੀ ਪੂਤਿਨ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਮੇਰੇ ਸਿਆਸੀ ਕਰੀਅਰ ਵਿੱਚ ਰੂਸ ਤੇ ਤੁਹਾਡੀ ਬਹੁਤ ਅਹਿਮੀਅਤ ਹੈ।’’ ਉਨ੍ਹਾਂ ਕਿਹਾ ਕਿ ਉਸ ਫੇਰੀ ਦੌਰਾਨ ਸ੍ਰੀ ਵਾਜਵਾਈ ਤੇ ਸ੍ਰੀ ਪੂਤਿਨ ਨੇ ਜਿਸ ‘ਰਣਨੀਤਕ ਭਾਈਵਾਲੀ’ ਦੇ ਬੀਜ ਬੀਜੇ ਸਨ, ਉਹ ਹੁਣ ਵਧ-ਫੁੱਲ ਕੇ ‘ਵਿਸ਼ੇਸ਼ ਤਰਜੀਹੀ ਰਣਨੀਤਕ ਭਾਈਵਾਲੀ’ ਦਾ ਰੂਪ ਲੈ ਚੁੱਕੇ ਹਨ, ਜੋ ਆਪਣੇ-ਆਪ ਵਿੱਚ ‘ਇਕ ਵੱਡਾ ਹਾਸਲ’ ਹੈ।

ਉਨ੍ਹਾਂ ਭਾਰਤ ਦੇ ਸ਼ੰਘਾਈ ਸਹਿਯੋਗ ਸੰਸਥਾ (ਐਸਸੀਓ) ਦਾ ਪੱਕਾ ਮੈਂਬਰ ਬਣਨ ਲਈ ਰੂਸ ਵੱਲੋਂ ਨਿਭਾਏ ਮੁੱਖ ਕਿਰਦਾਰ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘ਅਸੀਂ ਕੌਮਾਂਤਰੀ ਉਤਰ-ਦੱਖਣ ਟਰਾਂਸਪੋਰਟ ਲਾਂਘੇ (ਆਈਐਨਐਸਟੀਸੀ) ਅਤੇ ਬਰਿਕਸ ਸਬੰਧੀ ਵੀ ਮਿਲ ਕੇ ਕੰਮ ਕਰ ਰਹੇ ਹਾਂ।’’ ਉਨ੍ਹਾਂ ਭਾਰੀ ਬਹੁਮਤ ਨਾਲ ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਬਣਨ ਲਈ ਸ੍ਰੀ ਪੂਤਿਨ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਸ੍ਰੀ ਪੂਤਿਨ ਨੇ ਦੋਵਾਂ ਮੁਲਕਾਂ ਦੀ ਵਫ਼ਦ-ਪੱਧਰੀ ਗੱਲਬਾਤ ਤੋਂ ਪਹਿਲਾਂ ਸੋਚੀ ਸਥਿਤ ਬੋਸ਼ਰੇਵ ਕਰੀਕ ਵਿੱਚ ਸ੍ਰੀ ਮੋਦੀ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰੂਸ ਫੇਰੀ ਨਾਲ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਤਾਜ਼ਾਪਣ ਮਿਲਿਆ ਹੈ। ਉਨ੍ਹਾਂ ਕਿਹਾ, ‘‘ਸਾਡੇ ਰੱਖਿਆ ਮੰਤਰਾਲਿਆਂ ਦਾ ਬੜਾ ਕਰੀਬੀ ਸੰਪਰਕ ਤੇ ਸਹਿਯੋਗ ਹੈ। ਇਸ ਤੋਂ ਸਾਡੀ ਬਹੁਤ ਉੱਚ-ਪੱਧਰੀ ਰਣਨੀਤਕ ਭਾਈਵਾਲੀ ਦਾ ਪਤਾ ਲੱਗਦਾ ਹੈ।’’

ਉਨ੍ਹਾਂ ਆਲਮੀ ਸਿਆਸਤ ਵਿੱਚ, ਖ਼ਾਸਕਰ ਸੰਯੁਕਤ ਰਾਸ਼ਟਰ, ਬਰਿਕਸ (ਬਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫ਼ਰੀਕਾ ਸੰਘ) ਤੇ ਐਸਸੀਓ ਵਿੱਚ, ਦੋਵਾਂ ਮੁਲਕਾਂ ਵੱਲੋਂ ਮਿਲ ਕੇ ਕੰਮ ਕਰਨ ਦੀ ਵੀ ਸ਼ਲਾਘਾ ਕੀਤੀ। ਸ੍ਰੀ ਪੂਤਿਨ ਨੇ ਕਿਹਾ ਕਿ ਪਿਛਲੇ ਵਰ੍ਹੇ ਦੋਵਾਂ ਮੁਲਕਾਂ ਦੇ ਆਪਸੀ ਵਪਾਰ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਇਸ ਵਰ੍ਹੇ ਹੁਣ ਤੱਕ ਇਹ 17 ਫ਼ੀਸਦੀ ਹੋਰ ਵਧਿਆ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਇਸ ਗ਼ੈਰਰਸਮੀ ਸਿਖਰ ਸੰਮੇਲਨ ਦਾ ਮਕਸਦ ਦੋਵਾਂ ਮੁਲਕਾਂ ਦੀ ਦੋਸਤੀ ਤੇ ਭਰੋਸੇ ਨੂੰ ਅਹਿਮ ਆਲਮੀ ਤੇ ਇਲਾਕਾਈ ਮੁੱਦਿਆਂ ’ਤੇ ਸਾਂਝੀ ਸੋਚ ਬਣਾਉਣ ਲਈ ਵਰਤਣਾ ਹੈ। ਉਨ੍ਹਾਂ ਕਿਹਾ ਕਿ ਆਗੂ ‘ਏਜੰਡਾ ਰਹਿਤ’ ਗੱਲਬਾਤ ਦੌਰਾਨ ਕਰੀਬ ਚਾਰ ਤੋਂ ਛੇ ਘੰਟੇ ਤੱਕ ਵਿਚਾਰ-ਵਟਾਂਦਰਾ ਕਰਨਗੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸੋਚੀ ’ਚ ਭਾਰਤ-ਰੂਸ ਦੋਸਤੀ ਨੂੰ ਹੁਲਾਰਾ