ਸਿੱਖ ਇਤਿਹਾਸ ਨੂੰ ਸੰਭਾਲਣ ਲਈ ਚੇਤੰਨ ਹੋਣ ਦੀ ਲੋੜ


-ਜਸਵੰਤ ਸਿੰਘ ‘ਅਜੀਤ’
ਇਉਂ ਜਾਪਦਾ ਹੈ ਕਿ ਜਿਵੇਂ ਕੁਝ ਸ਼ਰਾਰਤੀ ਅਨਸਰ ਵਲੋਂ ਅਕਾਲੀ-ਭਾਜਪਾ ਗਠਜੋੜ ਵਿੱਚ ਸ਼ੰਕਾਵਾਂ ਦੀ ਨੀਂਹ ਰੱਖ ਦਿੱਤੀ ਗਈ ਹੈ। ਇਹ ਵਖਰੀ ਗਲ ਹੈ ਕਿ ਸ਼੍ਰੋਮਣੀ ਅਕਾਲੀ ਦਲ [ਬਾਦਲ] ਦੀ ਉਹ ਲੀਡਰਸ਼ਿਪ, ਜੋ ਇਸ ਗਠਜੋੜ ਨੂੰ ‘ਨਹੰੁ ਅਤੇ ਮਾਸ ਦਾ ਰਿਸ਼ਤਾ’ ਸਵੀਕਾਰਦਾ, ਇਸਨੂੰ ਚਟਾਨ ਵਾਂਗ ਮਜ਼ਬੂਤ ਮੰਨਦੀ ਹੈ ਅਤੇ ਭਾਜਪਾ ਦੀ ਕੌਮੀ ਲੀਡਰਸ਼ਿਪ, ਜੋ ਇਸਨੂੰ ਚਿਰਕਾਲ ਤੋਂ ਨਿਭਦਾ ਚਲਿਆ ਆ ਰਿਹਾ ਰਿਸ਼ਤਾ ਮੰਨ ਅਟੁੱਟ ਮੰਨਦੀ ਹੈ, ਸਹਿਜੇ ਹੀ ਇਸ ਗਲ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੋਵੇਗੀ। ਪ੍ਰੰਤੂ ਸੱਚ ਤਾਂ ਇਹੀ ਹੈ ਕਿ ਬੀਤੇ ਦਿਨੀਂ ਜਿਸਤਰ੍ਹਾਂ ਸੰਘ ਪਰਿਵਾਰ ਦੇ ਕੁਝ ਮੁੱਖੀਆਂ ਵਲੋਂ ਸ੍ਰੀ ਗੁਰੂ ਅਰਜਨ ਦੇਵ ਦੇ ਜੀਵਨ ਅਤੇ ਸ਼ਹਾਦਤ ਨਾਲ ਸੰਬੰਧਤ ਇਤਿਹਾਸ ਨੂੰ ਮੁੜ ਲਿਖਵਾਏ ਜਾਣ ਦੇ ਫੈਸਲੇ ਦਾ ਐਲਾਨ ਕੀਤਾ ਗਿਆ ਅਤੇ ਉਸਦੇ ਜਵਾਬ ਵਿੱਚ ਤੁਰੰਤ ਹੀ ਸੰਘ ਪਰਿਵਾਰ ਦੇ ਇਸ ਫੈਸਲੇ ਪੁਰ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੇ ਚਿਤਾਵਨੀ-ਭਰੇ ਸ਼ਬਦਾਂ ਵਿੱਚ ਕਿਹਾ ਕਿ ‘ਸਿੱਖ ਜਗਤ ਇਸ ਗਲ ਨੂੰ ਕਿਸੇ ਵੀ ਕੀਮਤ ਪੁਰ ਸਹਿਣ ਨਹੀਂ ਕਰੇਗਾ ਕਿ ਕੋਈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਅਤੇ ਸ਼ਹਾਦਤ ਨਾਲ ਸੰਬੰਧਤ ਸਥਾਪਤ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਆਪਣੀ ਸੋਚ ਅਤੇ ਨੀਤੀ ਅਧਾਰਤ ਢਾਲ ਕੇ ਉਨ੍ਹਾਂ ਨੂੰ ਪੇਸ਼ ਕਰੇ’, ਇਸ ਸ਼ੰਕਾ ਨੂੰ ਪੈਦਾ ਕਰ ਵਧਾਉਣ ਦਾ ਕਾਰਣ ਬਣ ਗਿਆ ਹੈ।

ਜਿਥੋਂ ਤਕ ਸੰਘ ਪਰਿਵਾਰ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਇਤਿਹਾਸ ਮੁੜ ਲਿਖਵਾਏ ਜਾਣ ਦੇ ਸੰਕਲਪ ਦੀ ਗਲ ਹੈ, ਉਹ ਇਹ ਸ਼ੰਕਾ ਪੈਦਾ ਕਰਦਾ ਹੈ ਕਿ ਅਜਿਹਾ ਕਰਨ ਦੇ ਪਿਛੇ ਸੰਘ ਪਰਿਵਾਰ ਦਾ ਉਦੇਸ਼ ਇਹ ਜਾਪਦਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿੱਚ ਚੰਦੂ ਦੀ ਜੋ ਭੂਮਿਕਾ ਰਹੀ ਹੈ, ਉਸਨੂੰ ਇਤਿਹਾਸ ਵਿਚੋਂ ਮਿਟਾ ਚੰਦੂ ਨੂੰ ਦੋਸ਼-ਮੁਕਤ ਕਰ ਸਾਰਾ ਦੋਸ਼ ਮੁਗਲ ਬਾਦਸ਼ਾਹ ਪੁਰ ਸੁਟ ਮੁਸਲਮਾਨਾਂ-ਸਿੱਖਾਂ ਨੂੰ ਆਪਸੀ ਦੁਸ਼ਮਣ ਵਜੋਂ ਸਥਾਪਤ ਕਰ ਦਿੱਤਾ ਜਾਏ। ਇਸ ਸੋਚ ਦੇ ਪੈਦਾ ਹੋਣ ਦਾ ਕਾਰਣ ਸ਼ਾਇਦ ਇਹ ਹੈ ਕਿ ਕਿਸੇ ਸਮੇਂ ਵਰਤਮਾਨ ਕੇਂਦ੍ਰੀ ਮੰਤ੍ਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਯੋਜਿਤ ਇੱਕ ਸਮਾਗਮ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ, ਸਿੱਖ ਇਤਿਹਾਸ ਦੀ ਸਥਾਪਤ ਮਾਨਤਾ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿੱਚ ‘ਚੰਦੂ’ ਦੀ ਮੰਨੀ ਜਾਂਦੀ ਚਲੀ ਆ ਰਹੀ ਭੂਮਿਕਾ ਨੂੰ ਨਕਾਰ, ਉਸਨੂੰ ਪੂਰੀ ਤਰ੍ਹਾਂ ਦੋਸ਼-ਮੁਕਤ ਕਰਾਰ ਦਿੰਦਿਆਂ, ਗੁਰੂ ਸਾਹਿਬ ਦੀ ਸ਼ਹਾਦਤ ਲਈ ਮੁਗਲ ਬਾਦਸ਼ਾਹ ਜਹਾਂਗੀਰ ਨੂੰ ਹੀ ਮੂਲ ਰੂਪ ਵਿੱਚ ਜ਼ਿਮੇਂਦਾਰ ਠਹਿਰਾਇਆ ਸੀ। ਜਦੋਂ ਕਿ ਸਿੱਖ ਇਤਿਹਾਸ ਦੀ ਸਥਾਪਤ ਅਤੇ ਸਪਸ਼ਟ ਮਾਨਤਾ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਵਿੱਚ ਚੰਦੂ ਦੀ ਭੂਮਿਕਾ ਬਾਦਸ਼ਾਹ ਜਹਾਂਗੀਰ ਦੀ ਭੂਮਿਕਾ ਤੋਂ ਕਿਤੇ ਵੀ ਘਟ ਨਹੀਂ ਸੀ।

ਇਹੀ ਕਾਰਣ ਹੈ ਕਿ ਸਿੱਖ ਜਗਤ ਅੱਜ ਇਹ ਮੰਨਣ ਨੂੰ ਮਜਬੂਰ ਹੋ ਰਿਹਾ ਹੈ ਕਿ ਸੰਘ ਪਰਿਵਾਰ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸੰਬੰਧਤ ਇਤਿਹਾਸ ਨੂੰ ਮੁੜ ਲਿਖਵਾਏ ਜਾਣ ਦੀ ਸੋਚ ਦੇ ਪਿਛੇ ਮੁੱਖ ਰੂਪ ਵਿੱਚ ਇਹ ਉਦੇਸ਼ ਕੰਮ ਕਰ ਰਿਹਾ ਹੈ ਕਿ ਸਿੱਖ ਇਤਿਹਾਸ ਦੀਆਂ ਸਥਾਪਤ ਮਾਨਤਾਵਾਂ ਬਦਲ, ਨਵੀਂ ਪੀੜੀ ਦੇ ਦਿਲ ਵਿੱਚ ਇਹ ਭਾਵਨਾ ਭਰ ਦਿੱਤੀ ਜਾਏ ਕਿ ਮੁਸਲਮਾਨਾਂ ਅਤੇ ਸਿੱਖਾਂ ਵਿੱਚ ਆਪਸੀ ਵੈਰ-ਵਿਰੋਧ ਦੀ ਭਾਵਨਾ ਚਿਰਕਾਲ ਤੋਂ ਚਲੀ ਆ ਰਹੀ ਹੈ। ਇਸੇ ਅਧਾਰ ਤੇ ਉਹ ਸਿੱਖ ਧਰਮ ਦੇ ਵਿਸ਼ਾਲ ਹਿੰਦੂ ਧਰਮ ਦਾ ਹੀ ਇੱਕ ਹਿਸਾ ਹੋਣ ਦੇ ਆਪਣੇ ਏਜੰਡੇ ਪੁਰ ਮੋਹਰ ਵੀ ਲਵਾ ਲੈਣਾ ਚਾਹੁੰਦਾ ਹੈ। ਇਸੀ ਸੋਚ ਦੇ ਚਲਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਅਤੇ ਸ਼ਹਾਦਤ ਨਾਲ ਸੰਬੰਧਤ ਇਤਿਹਾਸ ਨੂੰ ਮੁੜ ਲਿਖਵਾਏ ਜਾਣ ਦੇ ਸੰਘ-ਪਰਿਵਾਰ ਦੇ ਫੈਸਲੇ ਪੁਰ ਸ. ਮਨਜੀਤ ਸਿੰਘ ਜੀਕੇ ਵਲੋਂ ਦਿੱਤੀ ਗਈ ਚਿਤਾਵਨੀ ਭਰੀ ਪ੍ਰਤੀਕ੍ਰਿਆ ਨੂੰ ਸਿੱਖ ਜਗਤ ਸਮਾਂ ਰਹਿੰਦਿਆਂ ਉਠਾਇਆ ਗਿਆ ਸਾਰਥਕ ਕਦਮ ਮੰਨਦਾ ਹੈ। ਸਿੱਖ ਮੁਖੀਆਂ ਦੇ ਇੱਕ ਵਰਗ ਅਨੁਸਾਰ, ਜਦੋਂ ਸ਼੍ਰੀਮਤੀ ਸੁਸ਼ਮਾ ਸਵਰਾਜ ਨੇ ‘ਚੰਦੂ’ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿੱਚ ਭੂਮਿਕਾ ਨੂੰ ਨਕਾਰ, ਉਸਨੂੰ ਦੋਸ਼-ਮੁਕਤ ਕਰਾਰ ਦਿੱਤਾ ਸੀ, ਜੇ ਉਸੇ ਸਮੇਂ ਮੰਚ ਪੁਰ ਬਿਰਾਜਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ [ਬਾਦਲ] ਦੇ ਮੁੱਖੀ ਸ੍ਰੀਮਤੀ ਸੁਸ਼ਮਾ ਸਵਰਾਜ ਦੇ ਇਸ ਕਥਨ ਪੁਰ ਵਿਰੋਧ ਦਰਜ ਕਰਵਾਂਦੇ ਤਾਂ ਅੱਜ ਇਸੇ ਉਦੇਸ਼ ਨੂੰ ਮੁੱਖ ਰਖ, ਸੰਘ ਪਰਿਵਾਰ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਅਤੇ ਸ਼ਹਾਦਤ ਦੇ ਇਤਿਹਾਸ ਨੂੰ ਮੁੜ ਲਿਖਵਾਉਣ ਦੀ ਗਲ ਨਾ ਉਠਾਈ ਜਾਂਦੀ। ਪ੍ਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ [ਬਾਦਲ] ਦੇ ਮੁੱਖੀਆਂ ਵਲੋਂ ਉਸ ਸਮੇਂ ਵਰਤੀ ਗਈ ਕੋਤਾਹੀ ਨੇ ਹੀ ਅੱਜ ਗਲ ਇਥੋਂ ਤਕ ਪਹੁੰਚਾ ਦਿੱਤੀ।
ਹੁਣ ਤਾਂ ਉਹ ਸਿੱਖ ਵੀ, ਜੋ ਕਲ ਤਕ ਭਾਜਪਾ ਨੇਤਾਵਾਂ ਵਲੋਂ ਛੋਟੇ ਸਾਹਿਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ‘ਬਾਲ ਦਿਵਸ’ ਦੇ ਰੂਪ ਵਿੱਚ ਮਨਾਏ ਜਾਣ ਦੀ ਕੀਤੀ ਜਾਂਦੀ ਚਲੀ ਆ ਰਹੀ ਮੰਗ ਦਾ ਸਮਰਥਨ ਕਰਦੇ ਚਲੇ ਆ ਰਹੇ ਸਨ, ਉਨ੍ਹਾਂ ਦੀ ਇਸ ਮੰਗ ਨੂੰ ਸ਼ੰਕਾ ਦੀਆਂ ਨਜ਼ਰਾਂ ਨਾਲ ਵੇਖਣ ਲਗ ਪਏ ਹਨ। ਇਸ ਮੁਦੇ ਤੇ ਵੀ ਉਨ੍ਹਾਂ ਦੀ ਸ਼ੰਕਾ ਉਸੇ ਤਰ੍ਹਾਂ ਦੀ ਹੈ, ਜਿਵੇਂ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਅਤੇ ਸ਼ਹਾਦਤ ਦੇ ਇਤਿਹਾਸ ਨੂੰ ਮੁੜ ਲਿਖਵਾਏ ਜਾਣ ਦੇ ਸੰਘ ਪਰਿਵਾਰ ਦੇ ਸੰਕਲਪ ਪ੍ਰਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ ਸੰਘ ਪਰਿਵਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿੱਚ ‘ਚੰਦੂ’ ਦੀ ਭੂਮਿਕਾ ਨੂੰ ਨਕਾਰ, ਉਸਨੂੰ ਇਤਿਹਾਸ ਵਿਚੋਂ ਕਢਣਾ ਚਾਹੁੰਦਾ ਹੈ, ਉਸੇ ਤਰ੍ਹਾਂ ਉਸਦੀ ਨੀਤੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ‘ਬਾਲ ਦਿਵਸ’ ਮਨਾਏ ਜਾਣ ਦੀ ਮੰਗ ਦੇ ‘ਲਾਲੀਪਾਪ’ ਰਾਹੀਂ ਸਿੱਖਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਇਤਿਹਾਸ ਵਿਚਲੀਆਂ ‘ਗੰਗੂ’ ਬ੍ਰਾਹਮਣ [ਗੁਰੂ ਘਰ ਦੇ ਰਸੋਈਏ] ਅਤੇ ਸਰਹੰਦ ਦੇ ਹਾਕਮ ਵਜ਼ੀਰ ਖਾਂ ਦੇ ਅਹਿਲਕਾਰ ‘ਸੁਚਾ ਨੰਦ’ ਦੀਆਂ ਭੂਮਿਕਾਵਾਂ ਨੂੰ ਬਦਲਵਾ, ਉਨ੍ਹਾਂ ਨੂੰ ਵੀ ‘ਚੰਦੂ’ ਵਾਂਗ ਦੋਸ਼-ਮੁਕਤ ਕਰਵਾਉਣਾ ਹੈ।

ਹੈਰਾਨੀ ਦੀ ਗਲ ਤਾਂ ਇਹ ਵੀ ਹੈ ਕਿ ਸੰਘ-ਪਰਿਵਾਰ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਤੇ ਸ਼ਹਾਦਤ ਸਬੰਧੀ ਇਤਿਹਾਸ ਨੂੰ ਮੁੜ ਲਿਖਵਾਏ ਜਾਣ ਦੇ ਪ੍ਰਗਟ ਕੀਤੇ ਗਏ ਸੰਕਲਪ ਪ੍ਰਤੀ ਪੈਦਾ ਹੋਈ ਸ਼ੰਕਾ ਨੇ ਸੰਘ ਪਰਿਵਾਰ ਦੇ ਬੀਤੇ ਵਿੱਚ ਸਿੱਖ ਮੁੱਦਿਆਂ ਨਾਲ ਸੰਬੰਧਤ ਚੁਕੇ ਗਏ ਕਦਮਾਂ ਪ੍ਰਤੀ ਵੀ ਸ਼ੰਕਾਵਾਂ ਉਭਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਮੰਨਿਆ ਜਾਣ ਲਗਾ ਹੈ ਕਿ ਬੀਤੇ ਦਿਨੀਂ ਸੰਘ ਪਰਿਵਾਰ ਦੀ ਇੱਕ ਸਿੱਖ ਇਕਾਈ ਵਲੋਂ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਸਰਗਰਮ ਭੂਮਿਕਾ ਨਿਭਾਏ ਜਾਣ ਦੇ ਕੀਤੇ ਗਏ ਐਲਾਨ ਨੂੰ ਰਾਸ਼ਟਰੀ ਸਿੱਖ ਸੰਗਤ ਅਤੇ ਭਾਜਪਾ ਦੇ ਸਿੱਖ ਸੈੱਲ ਰਾਹੀਂ ਆਮ ਸਿੱਖਾਂ ਨੂੰ ਵਰਤ ਅਤੇ ਉਨ੍ਹਾਂ ਦਾ ਵਿਸ਼ਵਾਸ ਜਿਤ, ਸਿੱਖ ਸੰਸਥਾਵਾਂ ਪੁਰ ਆਪਣਾ ਗਲਬਾ ਸਥਾਪਤ ਕਰਨ ਦੀ ਸੋਚੀ-ਸਮਝੀ ਨੀਤੀ ਮੰਨਿਆ ਜਾਣ ਲਗਾ ਹੈ। ਇਸਦੇ ਨਾਲ ਹੀ ਇਹ ਸ਼ੰਕਾ ਵੀ ਪ੍ਰਗਟ ਕੀਤੀ ਜਾਣ ਲਗੀ ਹੈ ਕਿ ਸੰਘ ਪਰਿਵਾਰ ਰਾਸ਼ਟਰੀ ਸਿੱਖ ਸੰਗਤ ਅਤੇ ਭਾਜਪਾ ਦੇ ਸਿੱਖ ਸੈੱਲ ਰਾਹੀਂ ਸਿੱਖ ਇਤਿਹਾਸ ਅਤੇ ਸਿੱਖ ਧਰਮ ਦੀਆਂ ਸਥਾਪਤ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਨੂੰ ਬਦਲ, ਉਸਦੇ ਸਾਂਝੀਵਾਲਤਾ ਦੇ ਪੈਰੋਕਾਰ, ਜਬਰ-ਜ਼ੁਲਮ ਦੇ ਦੁਸ਼ਮਣ ਅਤੇ ਗਰੀਬ-ਮਜ਼ਲੂਮ ਦੇ ਰਖਿਅਕ ਹੋਣ ਆਦਿ ਦੇ ਗੁਣਾਂ ਨੂੰ ਉਸੇ ਤਰ੍ਹਾਂ ਮਾਨਵਤਾ ਦੇ ਦੁਸਮਣ, ਬੇਗੁਨਾਹਵਾਂ ਦੇ ਕਾਤਲ ਆਦਿ ਵਿੱਚ ਬਦਲ ਭਾਰਤੀ ਸਮਾਜ ਤੋਂ ਉਸੇ ਤਰ੍ਹਾਂ ਅਲਗ-ਥਲਗ ਕਰ ਦੇਣ ਦੀ ਨੀਤੀ ਪੁਰ ਚਲ ਰਿਹਾ ਹੈ, ਜਿਵੇਂ ਇੰਦਰਾ ਗਾਂਧੀ ਨੇ ਆਪਣੇ ਪ੍ਰਧਾਨ ਮੰਤਰੀ ਕਾਲ ਦੌਰਾਨ ਪੰਜਾਬ ਵਿਚਲੇ ਸਮਾਜ ਵਿਰੋਧੀ ਤੱਤਾਂ ਦੀ ਮਦਦ ਨਾਲ ਸਿੱਖਾਂ ਨੂੰ ਭਾਰਤੀ ਸਮਾਜ ਨਾਲੋਂ ਅਲਗ-ਥਲਗ ਕਰ ਦਿੱਤਾ ਸੀ। ੳੇੁਸੇ ਦਾ ਹੀ ਨਤੀਜਾ ਸੀ ਕਿ ਨੀਲਾ ਤਾਰਾ ਸਾਕੇ ਅਤੇ ਸਿੱਖ ਨਸਲਕੁਸ਼ੀ ਦੇ ਸਮੇਂ ਸੰਸਾਰ ਭਰ ਵਿਚੋਂ ਕੋਈ ਵੀ ਸਿੱਖਾਂ ਨਾਲ ਹਮਦਰਦੀ ਕਰਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਪੁਰ ਦੋ-ਅਥਰੂ ਵਹਾਉਣ ਲਈ ਅਗੇ ਨਹੀਂ ਸੀ ਆਇਆ।
ਉਸ ਦੌਰ ਵਿਚੋਂ ਉਭਰ ਅੱਜ ਜਦੋਂ ਸਿੱਖਾਂ ਨੇ ਆਪਣੀ ਅਣਥਕ ਮਿਹਨਤ ਨਾਲ ਸੰਸਾਰ ਭਰ ਵਿੱਚ ਆਪਣੀਆਂ ਸਰਬ-ਸਾਂਝੀਵਾਲਤਾ ਅਧਾਰਤ ਮਾਨਤਾਵਾਂ ’ਤੇ ਪਹਿਰਾ ਦਿੰਦਿਆਂ ਅਤੇ ਬਿਨਾਂ ਕਿਸੇ ਭੇਦ-ਭਾਵ ਦੇ ਮਾਨਵ ਸੇਵਾ ਦੇ ਲੋਕਪੱਖੀ ਖੇਤ੍ਰ ਵਿੱਚ ਆਪਣੀਆਂ ਸਥਾਪਤ ਪਰੰਪਰਾਵਾਂ ਨਿਭਾਦਿਆਂ ਜੋ ਇਜ਼ਤ ਤੇ ਮਾਣ ਪ੍ਰਾਪਤ ਕਰਨਾ ਸ਼ੁਰੂ ਕੀਤਾ ਹੈ, ਉਹ ਅੱਜ ਫਿਰ ਵਿਰੋਧੀਆਂ ਦੀਆਂ ਅੱਖਾਂ ਵਿੱਚ ਕੰਡੇ ਵਾਂਗ ਚੁਬਣ ਲਗਾ ਹੈ। ਇੱਕ ਪਾਸੇ ਸੰਸਾਰ ਵਿੱਚ ਮਾਣ ਪ੍ਰਾਪਤ ਕਰ ਰਹੇ ਸਿੱਖਾਂ ਨੂੰ ‘ਖਾਲਿਸਤਾਨੀ’ ਕਰਾਰ ਦੇ ਉਨ੍ਹਾਂ ਨੂੰ ਦੇਸ਼-ਦੁਸ਼ਮਣ ਵਜੋਂ ਸਥਾਪਤ ਕਰ ਦਿੱਤੇ ਜਾਣ ਦੀਆਂ ਗੋਂਦਾਂ ਗੂੰਦੀਆਂ ਜਾ ਰਹੀਆਂ ਹਨ ਅਤੇ ਦੂਜੇ ਪਾਸੇ ਸਿੱਖ ਇਤਿਹਾਸ ਦੀਆਂ ਸਥਾਪਤ ਮਾਨਤਾਵਾਂ ਨੂੰ ਬਦਲ ਉਨ੍ਹਾਂ ਨੂੰ ਜ਼ਾਲਮ, ਲੁਟੇਰੇ, ਬੇਗੁਨਾਹਾਂ ਦੇ ਕਾਤਲ, ਔਰਤਾਂ ਨੂੰ ਬੇਪਤ ਕਰਨ ਵਾਲੇ ਅਦਿ ਵਜੋਂ ਸਥਾਪਤ ਕਰ ਸਮਾਜ ਨਾਲੋਂ ਅਲਗ-ਥਲਗ ਕਰਨ ਦੀ ਸਾਜ਼ਿਸ਼ ਨੂੰ ਸਿਰੇ ਚਾੜ੍ਹਨ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ।

…ਅਤੇ ਅੰਤ ਵਿੱਚ : ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਤੋਂ ਜਾਣੂ ਸਜਣਾ ਦੀ ਮਾਨਤਾ ਹੈ ਕਿ ਅੱਜ ਭਾਵੇਂ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਜਾਂ ਉਸਦਾ ਆਗੂ ਸਿੱਖਾਂ ਦੀਆਂ ਕੁਰਬਾਨੀਆਂ, ਸੰਘਰਸ਼ਾਂ ਅਤੇ ਸ਼ਹਾਦਤਾਂ ਦੀ ਵਿਰਾਸਤ ਦਾ ਵਾਰਿਸ ਹੋਣ ਦਾ ਦਾਅਵਾ ਕਰਦਾ ਫਿਰੇ, ਪਰ ਸੱਚਾਈ ਇਹੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ, ਜਿਸਦੇ ਪਿੱਛੇ ਕੁਰਬਾਨੀਆਂ, ਸੰਘਰਸ਼ਾਂ ਅਤੇ ਸ਼ਹਾਦਤਾਂ ਦੀ ਵਿਰਾਸਤ ਹੈ, ਉਹ, ਉਸੇ ਦਿਨ ਹੀ ਖਤਮ ਹੋ ਗਿਆ ਸੀ, ਜਿਸ ਦਿਨ ਉਹ ਦੋ-ਫਾੜ ਹੋਇਆ ਤੇ ਉਸਦੇ ਇਕ ਹਿਸੇ ਦੇ ਨਾਲ ‘ਸੰਤ’ ਅਤੇ ਦੂਜੇ ਨਾਲ ‘ਮਾਸਟਰ’ ਸ਼ਬਦ ਜੋੜ ਉਨ੍ਹਾਂ ਦੀ ਵੱਖਰੀ-ਵੱਖਰੀ ਪਛਾਣ ਕਾਇਮ ਕਰ ਲਈ ਗਈ ਸੀ।

ਸ਼ੌਮਣੀ ਅਕਾਲੀ ਦਲ ਦੇ ਇਤਿਹਾਸ ਤੋਂ ਜਾਣੂ ਇਹ ਵੀ ਆਖਦੇ ਹਨ ਕਿ ਅੱਜ ਤਾਂ ਹੰਨੇ-ਹੰਨੇ ‘ਸ਼੍ਰੋਮਣੀ ਅਕਾਲੀ ਦਲ’ ਦੇ ਨਾਂ ਦੇ ਫੱਟੇ ਲਗੇ ਹੋਏ ਨਜ਼ਰੀਂ ਪੈ ਰਹੇ ਹਨ। ਇਨ੍ਹਾਂ ਫੱਟੇ ਲਗੇ ‘ਸ਼੍ਰੋਮਣੀ ਅਕਾਲੀ ਦਲਾਂ’ ਦੇ ਆਗੂ ਭਾਵੇਂ ਕਿਤਨੇ ਹੀ ਸਿੱਖਾਂ ਦੇ ਪ੍ਰਤੀਨਿਧੀ ਅਤੇ ਹਿਤਾਂ ਦੇ ਰਾਖੇ ਹੋਣ ਦੇ ਦਾਅਵੇ ਕਰਦੇ ਰਹਿਣ, ਪਰ ਇਸ ਗਲ ਨੂੰ ਉਹ ਵੀ ਝੁਠਲਾ ਨਹੀਂ ਸਕਦੇ ਕਿ ਅੱਜ ਸਾਰੇ ਦੇ ਸਾਰੇ ਅਕਾਲੀ ਦਲ ਹੀ ਨਿਜ ਸੁਆਰਥ ਦੇ ਆਧਾਰ ਤੇ ਨਿਜੀ ਕੰਪਨੀਆਂ ਬਣ ਚੁਕੇ ਹਨ, ਇਹ ਗਲ ਵੱਖਰੀ ਹੈ ਕਿ ਕਿਸੇ ‘ਕੰਪਨੀ’ ਦਾ ਸੌਦਾ ਵੱਧ ਵਿਕ ਰਿਹਾ ਹੈ ਤੇ ਕਿਸੇ ਦਾ ਘਟ ਅਤੇ ਕੋਈ ਕੰਪਨੀ ਦੇ ਨਾਂ ਦਾ ਫੱਟਾ ਲਾ ਕੇ ਹੀ ਮੁੱਛਾਂ ਨੂੰ ਤਾਅ ਦੇ ਰਿਹਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਿੱਖ ਇਤਿਹਾਸ ਨੂੰ ਸੰਭਾਲਣ ਲਈ ਚੇਤੰਨ ਹੋਣ ਦੀ ਲੋੜ