ਸ਼ਾਹਕੋਟ : ਲਾਡੀ ’ਤੇ ਨਾਜਾਇਜ਼ ਮਾਈਨਿੰਗ ਦਾ ਪਰਚਾ ਦਰਜ


ਜਲੰਧਰ, 4 ਮਈ (ਏਜੰਸੀ) : ਚੋਣ ਕਮਿਸ਼ਨ ਵੱਲੋਂ ਸ਼ਾਹਕੋਟ ਹਲਕੇ ਦੇ ਮਹਿਤਪੁਰ ਥਾਣੇ ’ਚ ਤਾਇਨਾਤ ਕੀਤੇ ਗਏ ਐਸਐਚਓ ਪਰਮਿੰਦਰ ਸਿੰਘ ਬਾਜਵਾ ਨੇ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਗ਼ੈਰਕਾਨੂੰਨੀ ਮਾਈਨਿੰਗ ਦਾ ਪਰਚਾ ਦਰਜ ਕੀਤਾ ਹੈ। ਟਿਕਟ ਮਿਲਣ ਦੇ ਦੂਜੇ ਦਿਨ ਹੀ ਲਾਡੀ ਖ਼ਿਲਾਫ਼ ਪਰਚਾ ਦਰਜ ਹੋਣ ਨਾਲ ਕਾਂਗਰਸ ਸਰਕਾਰ ਸਿਆਸੀ ਸੰਕਟ ’ਚ ਫਸ ਗਈ ਹੈ। ਉਧਰ ਲਾਡੀ ਸ਼ੇਰੋਵਾਲੀਆਂ ਨੇ ਇਸ ਨੂੰ ਵਿਰੋਧੀਆਂ ਦੀ ਚਾਲ ਕਰਾਰ ਦਿੰਦਿਆਂ ਅੰਦੇਸ਼ਾ ਪ੍ਰਗਟ ਕੀਤਾ ਕਿ ਪਾਰਟੀ ਅੰਦਰਲੇ ਕਿਸੇ ਵਿਰੋਧੀ ਨੇ ਹੀ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਘੜੀ ਹੈ। ਇਸ ਦੌਰਾਨ ਪਰਚਾ ਦਰਜ ਕਰਨ ਵਾਲੇ ਐਸਐਚਓ ਨੂੰ ਦੋ ਦਿਨਾਂ ਦੀ ਛੁੱਟੀ ’ਤੇ ਭੇਜ ਦਿੱਤਾ ਗਿਆ ਹੈ ਜਦਕਿ ਐਸਐਸਪੀ ਦਿਹਾਤੀ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਉਸ ਦਾ ਬਲੱਡ ਪ੍ਰੈਸ਼ਰ ਵਧ ਗਿਆ ਹੈ ਜਿਸ ਕਰਕੇ ਉਸ ਨੂੰ ਛੁੱਟੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਮੁਕੰਮਲ ਹੋਣ ਤਕ ਲਾਡੀ ਸ਼ੇਰੋਵਾਲੀਆ ਦੀ ਗ੍ਰਿਫ਼ਤਾਰੀ ਨਹੀਂ ਹੋਵੇਗੀ। ਐਸਐਚਓ ਬਾਜਵਾ ਵੱਲੋਂ ਲਿਖਿਆ ਗਿਆ ਅਸਤੀਫ਼ਾ ਵੀ ਵਾਇਰਲ ਹੋਇਆ ਹੈ ਪਰ ਬਾਅਦ ’ਚ ਨਾਟਕੀ ਢੰਗ ਨਾਲ ਉਨ੍ਹਾਂ ਇਸ ਨੂੰ ਗਲਤ ਕਰਾਰ ਦਿੱਤਾ ਅਤੇ ਇਕ ਹੋਰ ਚਿੱਠੀ ਲਿਖ ਕੇ ਆਪਣੀ ਨੌਕਰੀ ਬਰਕਰਾਰ ਰੱਖਣ ਦੀ ਗੱਲ ਆਖੀ। ਐਸਐਸਪੀ ਨੂੰ ਲਿਖੀ ਪਹਿਲੀ ਚਿੱਠੀ ’ਚ ਸ੍ਰੀ ਬਾਜਵਾ ਨੇ ਜਾਂ ਤਾਂ ਅਸਤੀਫ਼ਾ ਮਨਜ਼ੂਰ ਕਰਨ ਅਤੇ ਜਾਂ ਫਿਰ ਇਸੇ ਦਿਨ ਤੋਂ ਛੁੱਟੀ ਭੇਜਣ ਦੀ ਗੱਲ ਲਿਖੀ ਸੀ।

ਐਸਐਸਪੀ ਦਿਹਾਤੀ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਪਰਚਾ ਦਰਜ ਕਰਨ ਸਮੇਂ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ ਅਤੇ ਸਾਰੇ ਮਾਮਲੇ ਦੀ ਜਾਂਚ ਹੋਵੇਗੀ। ਜ਼ਿਕਰਯੋਗ ਹੈ ਕਿ ਅੱਜ ਤੜਕੇ ਸਾਢੇ 4 ਵਜੇ ਦੇ ਕਰੀਬ ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਅਣਕਿਆਸੇ ਦਰਜ ਹੋਏ ਇਸ ਪਰਚੇ ਨੇ ਸਰਕਾਰੀ ਤੰਤਰ ਨੂੰ ਭੱਜ-ਨੱਠ ਪਾ ਦਿੱਤੀ ਹੈ। ਲਾਡੀ ਸ਼ੇਰੋਵਾਲੀਆ ਅਤੇ ਦੋ ਠੇਕੇਦਾਰਾਂ ਸੁਰਿੰਦਰ ਸਿੰਘ ਅਤੇ ਅਸਵਿੰਦਰ ਸਿੰਘ ਖ਼ਿਲਾਫ਼ ਮਾਈਨਜ਼ ਐਂਡ ਮਿਨਰਲ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ 1957 ਦੀ ਧਾਰਾ 21 ਅਤੇ ਆਈਪੀਸੀ 1860 ਦੀ ਧਾਰਾ 379 ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਭੱਠਾ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਮੋਹਨ ਸਿੰਘ ਨੇ ਥਾਣਾ ਨਕੋਦਰ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਲਾਡੀ ਸ਼ੇਰੋਵਾਲੀਆ ਦੀ ਸ਼ਹਿ ’ਤੇ ਹਲਕੇ ’ਚ ਗ਼ੈਰਕਾਨੂੰਨੀ ਮਾਈਨਿੰਗ ਦਾ ਕੰਮ ਧੜੱਲੇ ਨਾਲ ਚੱਲ ਰਿਹਾ ਹੈ। ਚੋਣ ਕਮਿਸ਼ਨ, ਡਿਪਟੀ ਕਮਿਸ਼ਨਰ, ਐਸਐਸਪੀ ਅਤੇ ਸ਼ਾਹਕੋਟ ਦੇ ਡੀਐਸਪੀ ਤੋਂ ਹੁੰਦੀ ਹੋਈ ਇਹ ਸ਼ਿਕਾਇਤ ਥਾਣਾ ਮਹਿਤਪੁਰ ਪਹੁੰਚੀ ਸੀ।

ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਦਰਜ ਹੋਏ ਪਰਚੇ ਬਾਰੇ ਐਸਐਸਪੀ ਦਿਹਾਤੀ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਮਾਈਨਿੰਗ ਸਬੰਧੀ ਆਉਂਦੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਨ ਤੋਂ ਪਹਿਲਾਂ ਜਾਂਚ ’ਚ ਮਾਈਨਿੰਗ ਵਿਭਾਗ ਅਤੇ ਰੈਵੇਨਿਊ ਵਿਭਾਗ ਦੀ ਸਹਾਇਤਾ ਲੈਣੀ ਹੁੰਦੀ ਹੈ ਪਰ ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਪਹਿਲਾਂ ਅਜਿਹੀ ਕੋਈ ਸਹਾਇਤਾ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਨੇ ਸਿਰਫ਼ ਗ਼ੈਰਕਾਨੂੰਨੀ ਮਾਈਨਿੰਗ ਸਬੰਧੀ ਪੜਤਾਲ ਕਰਕੇ 24 ਘੰਟੇ ਅੰਦਰ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਸਨ, ਨਾ ਕਿ 24 ਘੰਟੇ ਅੰਦਰ ਪਰਚਾ ਦਰਜ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਸ਼ਾਹਕੋਟ ਦੇ ਡੀਐਸਪੀ ਦਿਲਬਾਗ ਸਿੰਘ, ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਆਈ ਸ਼ਿਕਾਇਤ ਦੀ ਜਾਂਚ ਕਰਨਗੇ ਜਦਕਿ ਐਸਪੀ (ਡੀ) ਬਲਕਾਰ ਸਿੰਘ ਐਸਐਚਓ ਬਾਜਵਾ ਵੱਲੋਂ ਦਰਜ ਕੀਤੀ ਗਈ ਐਫਆਈਆਰ ਦੀ ਜਾਂਚ ਕਰਨਗੇ।

ਜਾਣਕਾਰੀ ਅਨੁਸਾਰ ਪਰਚਾ ਦਰਜ ਕਰਨ ਮਗਰੋਂ ਸਵੇਰੇ ਪੌਣੇ 10 ਵਜੇ ਐਸਐਚਓ ਬਾਜਵਾ ਆਪਣਾ ਅਸਤੀਫ਼ਾ ਥਾਣੇ ’ਚ ਰੱਖ ਗਏ ਅਤੇ ਖੁਦ ਲਾਪਤਾ ਹੋ ਗਏ। ਉਹ ਆਪਣਾ ਮੋਬਾਈਲ ਵੀ ਥਾਣੇ ਅੰਦਰ ਹੀ ਛੱਡ ਗਏ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਭਾਲ ਕਰਕੇ ਨੌਕਰੀ ’ਤੇ ਬਹਾਲ ਰਹਿਣ ਲਈ ਦੂਸਰੀ ਚਿੱਠੀ ਲਿਖਵਾਈ ਗਈ। ਸ੍ਰੀ ਭੁੱਲਰ ਮੁਤਾਬਕ ਥਾਣਾ ਛੱਡ ਕੇ ਜਾਣ ਦੇ ਮਾਮਲੇ ਦੀ ਵੀ ਜਾਂਚ ਹੋਵੇਗੀ। ਜ਼ਿਕਰਯੋਗ ਹੈ ਕਿ ਐਸਐਚਓ ਪਰਮਿੰਦਰ ਸਿੰਘ ਦਾ ਤਬਾਦਲਾ 23 ਅਪਰੈਲ ਨੂੰ ਮਹਿਤਪੁਰ ਥਾਣੇ ’ਚ ਹੋਇਆ ਸੀ ਅਤੇ 26 ਅਪਰੈਲ ਨੂੰ ਜ਼ਿਮਨੀ ਚੋਣ ਦਾ ਐਲਾਨ ਹੋ ਗਿਆ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸ਼ਾਹਕੋਟ : ਲਾਡੀ ’ਤੇ ਨਾਜਾਇਜ਼ ਮਾਈਨਿੰਗ ਦਾ ਪਰਚਾ ਦਰਜ