ਮੁਖਰਜੀ ਵਲੋਂ ਸੰਘ ਦਾ ਸੱਦਾ ਪ੍ਰਵਾਨ, ਕਾਂਗਰਸੀ ਹੈਰਾਨ

ਮੁੰਬਈ, 29 ਮਈ (ਏਜੰਸੀ) : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੁਆਰਾ ਸੰਘ ਦੇ ਸਮਾਗਮ ਵਿਚ ਜਾਣ ਦਾ ਸੱਦਾ ਪ੍ਰਵਾਨ ਕਰਨ ਦੇ ਫ਼ੈਸਲੇ ਤੋਂ ਖ਼ੁਦ ਕਾਂਗਰਸ ਆਗੂ ਹੈਰਾਨ ਹਨ। ਇਥੋਂ ਤਕ ਕਿਹਾ ਜਾ ਰਿਹਾ ਹੈ ਕਿ ਪ੍ਰਣਬ ਮੁਖਰਜੀ ਦੀ ਅਗਵਾਈ ਵਿਚ ਹੀ ਸੰਘ ਦੇ ਸੰਗਠਨਾਂ ਦੇ ਅਤਿਵਾਦੀ ਲਿੰਕਾਂ ਦੀ ਜਾਂਚ ਬਾਰੇ ਮਤਾ ਪਾਸ ਕੀਤਾ ਗਿਆ ਸੀ। ਇਸ ਹਾਲਤ ਵਿਚ ਉਨ੍ਹਾਂ ਦਾ ਸੰਘ ਦੇ ਸਮਾਗਮ ਵਿਚ ਜਾਣਾ ਹੈਰਾਨੀ ਵਾਲੀ ਗੱਲ ਹੈ।

ਸੰਘ ‘ਤੇ ਕਾਫ਼ੀ ਹਮਲਾਵਰ ਰਹਿਣ ਵਾਲੇ ਰਾਹੁਲ ਗਾਂਧੀ ਅਪਣੀ ਮਾਂ ਸੋਨੀਆ ਗਾਂਧੀ ਦੇ ਇਲਾਜ ਲਈ ਅਮਰੀਕਾ ਵਿਚ ਹਨ, ਇਸ ਲਈ ਉਨ੍ਹਾਂ ਦਾ ਨਜ਼ਰੀਆ ਹਾਲੇ ਸਾਹਮਣੇ ਨਹੀਂ ਆਇਆ। ਕਾਂਗਰਸ ਆਗੂ ਇਸ ਗੱਲ ਤੋਂ ਹੈਰਾਨ ਹਨ ਕਿ ਮੁਖਰਜੀ ਆਖ਼ਰ ਸੰਘ ਦੇ ਸਮਾਗਮ ਵਿਚ ਕਿਉਂ ਜਾ ਰਹੇ ਹਨ ਪਰ ਕੋਈ ਖੁਲ੍ਹ ਕੇ ਬੋਲਣ ਨੂੰ ਤਿਆਰ ਨਹੀਂ। ਉਧਰ, ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੰਘ ਦੇ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਪ੍ਰਵਾਨ ਕਰਨ ਦੇ ਮੁਖਰਜੀ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਚੰਗੀ ਸ਼ੁਰੂਆਤ ਦਸਿਆ ਅਤੇ ਕਿਹਾ ਕਿ ‘ਰਾਜਨੀਤਕ ਛੂਆ-ਛਾਤ’ ਚੰਗੀ ਗੱਲ ਨਹੀਂ ਹੈ। ਨਾਗਪੁਰ ਤੋਂ ਸੰਸਦ ਮੈਂਬਰ ਗਡਕਰੀ ਨੇ ਕਿਹਾ ਕਿ ਸੰਘ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਦਾ ਨਹੀਂ ਸਗੋਂ ਰਾਸ਼ਟਰਵਾਦੀਆਂ ਦਾ ਸੰਗਠਨ ਹੈ।

ਮੁਖਰਜੀ ਨੂੰ ਸੰਘ ਦੇ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਸੱਦਾ ਦਿਤਾ ਗਿਆ ਹੈ। ਸਮਾਗਮ ਸੱਤ ਜੂਨ ਨੂੰ ਹੋਣਾ ਹੈ। ਸੰਘ ਦੇ ਸੀਨੀਅਰ ਅਹੁਦੇਦਾਰ ਨੇ ਕਲ ਕਿਹਾ ਸੀ ਕਿ ਮੁਖਰਜੀ ਨੇ ਸੱਦਾ ਪ੍ਰਵਾਨ ਕਰ ਲਿਆ ਹੈ। ਸਾਬਕਾ ਰਾਸ਼ਟਰਪਤੀ ਦੁਆਰਾ ਸੰਘ ਦਾ ਸੱਤਾ ਪ੍ਰਵਾਨ ਕਰਨ ‘ਤੇ ਕਾਂਗਰਸ ਦੇ ਕਥਿਤ ਇਤਰਾਜ਼ਾਂ ਬਾਰੇ ਪੁੱਛਣ ‘ਤੇ ਗਡਕਰੀ ਨੇ ਕਿਹਾ, ‘ਮੁਖਰਜੀ ਦੁਆਰਾ ਸੱਦਾ ਪ੍ਰਵਾਨ ਕਰਨਾ ਚੰਗਾ ਸ਼ੁਰੂਆਤ ਹੈ। ਰਾਜਨੀਤਕ ਛੂਆ-ਛਾਤ ਚੰਗੀ ਗੱਲ ਨਹੀਂ ਹੈ। ਮੁਖਰਜੀ ਦੇ ਫ਼ੈਸਲੇ ਬਾਰੇ ਕਾਂਗਰਸ ਨੇ ਹਾਲੇ ਕੋਈ ਬਿਆਨ ਨਹੀਂ ਦਿਤਾ ਪਰ ਪਾਰਟੀ ਦੇ ਕਈ ਆਗੂਆਂ ਨੇ ਹੈਰਾਨੀ ਜ਼ਰੂਰ ਪ੍ਰਗਟ ਕੀਤੀ ਹੈ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)