ਭਾਰਤੀ ਰਾਜਨੀਤੀ, ਤਾਂ ਇਉਂ ਹੀ ਚਲੇਗੀ!


-ਜਸਵੰਤ ਸਿੰਘ ‘ਅਜੀਤ’
ਹਿੰਦੀ ਦੇ ਇੱਕ ਲੇਖਕ ਰਾਜੇਂਦਰ ਘੋੜਪਕੜ ਦੀ ਮਾਨਤਾ ਹੈ ਕਿ ਕੋਈ ਵੀ ਆਦਮੀ ਬਿਨਾ ਦ੍ਰਿੜ੍ਹ ਆਤਮ-ਵਿਸ਼ਵਾਸ ਦੇ ਨੇਤਾ ਨਹੀਂ ਬਣ ਸਕਦਾ, ਇਸਦਾ ਕਾਰਣ ਉਹ ਇਹ ਦਸਦਾ ਹੈ ਕਿ ਆਤਮ-ਵਿਸਵਾਸ ਹੀ ਉਹ ਬੁਨਿਆਦੀ ਅਧਾਰ ਹੈ, ਜਿਸਦੇ ਸਹਾਰੇ ਇਨਸਾਨ ਨੇਤਾ ਬਣ ਸਕਦਾ ਹੈ। ਕਿਸੇ ਵੀ ਇਨਸਾਨ ਦੇ ਦਿਲ ਵਿੱਚ ਇਹ ਵਿਚਾਰ ਕਿ ਉਸਨੂੰ ਲੋਕਾਂ ਦੀ ਅਗਵਾਈ ਕਰਨੀ ਚਾਹੀਦੀ ਹੈ, ਲੋੜੋਂ ਵੱਧ ਆਤਮ-ਵਿਸ਼ਵਾਸ ਦੇ ਬਿਨਾਂ ਨਹੀਂ ਆ ਸਕਦਾ ਅਤੇ ਇਤਨਾ ਆਤਮ-ਵਿਸ਼ਵਾਸ ਬਿਨਾਂ ਅਥਾਹ ਅਗਿਆਨਤਾ ਦੇ ਨਹੀਂ ਆ ਸਕਦਾ। ਕਈ ਵਿਦਵਾਨਾਂ ਦਾ ਕਹਿਣਾ ਹੈ ਕਿ ਆਤਮ-ਵਿਸ਼ਵਾਸ ਅਗਿਆਨਤਾ ਦਾ ਹੀ ਸਮਾਨੁਪਾਤੀ ਹੁੰਦਾ ਹੈ, ਅਰਥਾਤ ਅਗਿਆਨ ਜਿਤਨਾ ਜ਼ਿਆਦਾ ਹੋਵੇਗਾ, ਉਤਨਾ ਹੀ ਜ਼ਿਆਦਾ ਆਤਮ-ਵਿਸ਼ਵਾਸ ਹੋਵੇਗਾ। ਜਿਉਂ-ਜਿਉਂ ਗਿਆਨ ਵਧਦਾ ਜਾਂਦਾ ਹੈ, ਤਿਉਂ-ਤਿਉਂ ਇਨਸਾਨ ਵਿੱਚ ਆਪਣੇ ਵਿੱਚ ਕਮੀਆਂ [ਕਮਜ਼ੋਰੀਆਂ] ਹੋਣ ਦਾ ਅਹਿਸਾਸ ਵਧਦਾ ਅਤੇ ਆਤਮ-ਵਿਸ਼ਵਾਸ ਘਟਦਾ ਜਾਂਦਾ ਹੈ। ਜਿਤਨਾ ਹੀ ਵਧੇਰੇ ਗਿਆਨ ਪੈਦਾ ਹੋਵੇਗਾ ਉਤਨਾ ਹੀ ਵੱਧੇਰੇ ਕਨਫਿਊਜ਼ਨ ਪੈਦਾ ਹੋ ਜਾਇਗਾ। ਮਤਲਬ ਇਹ ਕਿ ਜਿਤਨਾ ਘਟ ਗਿਆਨ, ਉਤਨਾ ਹੀ ਘਟ ਕਨਫਿਊਜ਼ਨ। ਇਸਲਈ ਸਾਨੂੰ ਨੇਤਾਵਾਂ ਦੇ ਬੇ-ਤੁਕੇ ਬਿਆਨਾਂ ਦੀ ਅਲੋਚਨਾ ਨਹੀੰ ਕਰਨੀ ਚਾਹੀਦੀ। ਜਦਕਿ ਅਸੀਂ ਜਾਣਦੇ ਹਾਂ ਕਿ ਉਹ ਲੋੜੋਂ ਵੱਧ ਪੈਦਾ ਹੋਏ ਅਗਿਆਨ ਦੇ ਆਤਮ-ਵਿਸ਼ਵਾਸ ਦੇ ਕਾਰਣ ਹੀ ਨੇਤਾ ਬਣੇ ਹੋਏ ਹਨ।

ਇਸ ਹਾਲਤ ਵਿੱਚ ਅਸੀਂ ਉਨ੍ਹਾਂ ਪਾਸੋਂ ਸਮਝਦਾਰੀ ਭਰੇ ਬਿਆਨਾਂ ਦੀ ਆਸ ਕਿਵੇਂ ਤੇ ਕਿਉਂ ਰਖੀਏ? ਜੇ ਅਜਿਹਾ ਨਾ ਹੁੰਦਾ ਤਾਂ ਆਇੰਨਸਟਾਈਨ ਅਤੇ ਰਾਹੁਲ ਸਾਂਸਕ੍ਰਿਤਿਆਇਨ ਜਿਹੇ ਵਿਦਵਾਨ ਸਾਡੇ ਨੇਤਾ ਹੁੰਦੇ। ਉਨ੍ਹਾਂ ਨੂੰ ਤਾਂ ਅਸਾਂ ਆਪਣਾ ਨੇਤਾ ਬਣਇਆ ਹੀ ਨਹੀਂ। ਇਸ ਹਾਲਤ ਵਿੱਚ ਜਿਨ੍ਹਾਂ ਨੂੰ ਅਸਾਂ ਆਪਣਾ ਨੇਤਾ ਬਣਾਇਆ ਹੈ, ਉਨ੍ਹਾਂ ਵਿੱਚ ਗਿਆਨ ਤੇ ਵਿਦਵਤਾ ਦੀ ਚਮਕ ਕਿਉਂ ਢੂੰਡੀਏ? ਅਜਿਹਾ ਸੋਚਣ ਅਤੇ ਸਮਝਣ ਦੀ ਸਾਡੀ ਆਦਤ ਬਹੁਤ ਹੀ ਖਰਾਬ ਹੈ, ਕਿਉਂਕਿ ਅਜ਼ਾਦੀ ਦੇ ਅੰਦੋਲਣ ਵਿੱਚ ਸਾਨੂੰ ਅਜਿਹੇ ਲੋਕੀ ਮਿਲ ਗਏ ਸਨ, ਜੋ ਨੇਤਾ ਵੀ ਸਨ ਅਤੇ ਪੜ੍ਹੇ-ਲਿਖੇ ਵੀ। ਤਿਲਕ, ਗਾਂਧੀ, ਨਹਿਰੂ, ਮੌਲਾਨਾ ਅਜ਼ਾਦ, ਅੰਬੇਡਕਰ ਆਦਿ ਅਜਿਹੇ ਨੇਤਾ ਸਨ, ਜੋ ਪੜ੍ਹੇ-ਲਿਖੇ ਤੇ ਨੇਤਾ ਵੀ ਸਨ। ਉਸ ਦੌਰ ਵਿੱਚ ਜੋ ਅਗਿਆਨੀ ਅਤੇ ਆਤਮ-ਵਿਸ਼ਵਾਸ ਵਿੱਚ ਭਰੇ ਲੋਕੀ ਸਨ, ਉਹ ਅੰਗ੍ਰੇਜ਼ਾਂ ਦੇ ਡਰੋਂ ਨੇਤਾ ਬਣਨ ਦਾ ਖਤਰਾ ਉਠਾਣਾ ਨਹੀਂ ਸੀ ਚਾਹੁੰਦੇ। ਇਸੇ ਲਈ ਇਨ੍ਹਾਂ ਪੜ੍ਹੇ-ਲਿਖੇ ਲੋਕਾਂ ਨੂੰ ਹੀ ਨੇਤਾ ਬਣਾਉਣਾ ਪਿਆ। ਇਨ੍ਹਾਂ ਦੇ ਕਾਰਣ ਹੀ ਗਲਤਫਹਿਮੀ ਪੈਦਾ ਹੋ ਗਈ ਕਿ ਨੇਤਾ ਲੋਕੀ ਵਿਦਵਾਨ ਹੁੰਦੇ ਹਨ ਅਤੇ ਉਨ੍ਹਾਂ ਨੂੰ ਸਮਝਦਾਰੀ ਦੀਆਂ ਗਲਾਂ ਕਰਨੀਆਂ ਚਾਹੀਦੀਆਂ ਹਨ। ਇਹੀ ਕਾਰਣ ਹੈ ਕਿ ਅੱਜਕਲ ਦੇ ਨੇਤਾ ਗਾਂਧੀ-ਨਹਿਰੂ ਦੇ ਨਾਂ ਤੋਂ ਚਿੜ੍ਹਦੇ ਹਨ। ਇਸਲਈ ਦੇਸ਼ ਵਾਸੀਆਂ ਨੂੰ ‘ਨਿਮਰਤਾ’ ਸਹਿਤ ਬੇਨਤੀ ਹੈ ਕਿ ਉਹ ਅੱਜ ਦੇ ਨੇਤਾਵਾਂ ਦੇ ਬੇ-ਤੁਕੇ ਬਿਆਨਾਂ ਦੀ ਅਲੋਚਨਾ ਨਾ ਕਰਨ। ਜੇ ਉਨ੍ਹਾਂ ਨੂੰ ਸਮਝਦਾਰੀ ਦੀਆਂ ਗਲਾਂ ਸੁਣਨ ਦਾ ਸ਼ੌਕ ਹੈ ਤਾਂ ਉਹ ਰਾਜਨੀਤੀ ਛੱਡ ਕਿਸੇ ਦੂਜੇ ਖੇਤ੍ਰ ਵਿੱਚ ਚਲੇ ਜਾਣ! ਸਾਡੀ ਰਾਜਨੀਤੀ ਤਾਂ ਇਸੇ ਹੀ ਤਰ੍ਹਾਂ ਚਲੇਗੀ।

ਰਣਨੀਤਕ ਬਿਆਨ : ਕੁਝ ਲੋਕਾਂ ਦਾ ਕਹਿਣਾ ਹੈ ਕਿ ਕਾਂਗ੍ਰਸ ਪ੍ਰਧਾਨ ਰਾਹੁਲ ਅਤੇ ਉਸਦੀ ਮਾਂ ਸੋਨੀਆ ਗਾਂਧੀ ਪੁਰ ਇਹ ਦੋਸ਼ ਨਹੀਂ ਲਾਇਆ ਜਾ ਸਕਦਾ ਕਿ ਉਨ੍ਹਾਂ ਵਿੱਚ ਪ੍ਰਧਾਨ ਮੰਤਰੀ ਬਣਨ ਦੀ ਚਾਹਤ ਹੈ। ਸੰਨ-2004 ਦੀਆਂ ਆਮ ਚੋਣਾਂ ਵਿੱਚ ਯੂਪੀਏ ਨੂੰ ਮਿਲੇ ਬਹੁਮਤ ਦੇ ਬਾਅਦ, ਜਦੋਂ ਕਈ ਪਾਰਟੀਆਂ ਨੇ ਆਪਣੇ ਸਮਰਥਨ ਦੀ ਚਿੱਠੀ ਸੋਨੀਆ ਗਾਂਧੀ ਦੇ ਨਾਂ ਪੁਰ ਦੇ ਦਿੱਤੀ ਅਤੇ ਜਦੋਂ ਭਾਜਪਾ ਦੀਆਂ ਸੁਸ਼ਮਾ ਸਵਰਾਜ ਅਤੇ ਉਮਾ ਭਾਰਤੀ ਜਿਹੀਆਂ ਨੇਤਾਵਾਂ ਸੋਨੀਆ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ’ਤੇ ਸਿਰ ਮੁੰਡਾਣ ਤਕ ਦੀਆਂ ਗਲਾਂ ਕਰ ਰਹੀਆਂ ਸਨ, ਉਸ ਸਮੇਂ ਸੋਨੀਆ ਨੇ ਉਹ ਅਹੁਦਾ ਛੱਡ, ਉਸ ਸਮੇਂ ਦੀ ਚਲ ਰਹੀ ਸਾਰੀ ਰਾਜਨੀਤੀ ਨੂੰ ਅੰਗੂਠਾ ਅਤੇ ਸ਼ੀਸ਼ਾ ਵਿਖਾ ਦਿੱਤਾ ਸੀ। ਸਾਲ 2009 ਵਿੱਚ ਜਦੋਂ ਕਾਂਗ੍ਰਸ ਦੁਬਾਰਾ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਆਈ, ਤਾਂ ਕਈ ਉਤਸਾਹੀ ਕਾਂਗ੍ਰਸੀਆਂ ਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਮੰਗ ਰਖ ਦਿੱਤੀ ਸੀ, ਤਾਂ ਉਸ ਸਮੇਂ ਰਾਹੁਲ ਗਾਂਧੀ ਨੇ ਬਹੁਤ ਹੀ ਸ਼ਾਲੀਨਤਾ ਨਾਲ ਇਸ ਪ੍ਰਸਤਾਵ ਨੂੰ ਅਸਵੀਕਾਰ ਕਰ ਦਿੱਤਾ ਸੀ। ਇਸਲਈ ਕਰਨਾਟਕ ਵਿੱਚ ਰਾਹੁਲ ਨੇ ਜਦੋਂ ਕਾਂਗ੍ਰਸ ਦੇ ਸਭ ਤੋਂ ਵੱਡੀ ਪਾਰਟੀ ਬਣਨ ਦੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਬਣਨ ਦੀ ਗਲ ਕੀਤੀ, ਤਾਂ ਇਸਨੂੰ ਉਨ੍ਹਾਂ ਦੀ ਨਿਜੀ ਚਾਹਤ ਤੋਂ ਜ਼ਿਆਦਾ ਰਾਜਨੈਤਿਕ ਰਣਨੀਤੀ ਦੇ ਰੁਪ ਵਿੱਚ ਵੇਖਿਆ ਜਾਣਾ ਚਾਹੀਦਾ ਹੈ। ਲੀਡਰਸ਼ਿਪ ਪਹਿਲਾਂ ਤੋਂ ਹੀ ਤੈਅ ਨਾ ਹੋਣ ਦੀ ਸਥਿਤੀ ਵਿੱਚ ਕੀ ਹੁੰਦਾ ਹੈ? ਬੀਤੇ ਵਿੱਚ ਇਹ ਅਸੀਂ ਕਈ ਵਾਰ ਵੇਖ ਚੁਕੇ ਹਾਂ। ਰਾਹੁਲ ਦੇ ਬਿਆਨ ਨੇ ਇਹ ਦੁਬਿੱਧਾ ਦੂਰ ਕਰ ਦਿੱਤੀ ਹੈ। ਵਿਰੋਧੀ ਗਠਜੋੜ ਦੇ ਸਾਹਮਣੇ ਇਹ ਗਲ ਸਾਫ ਹੈ ਕਿ ੳੇੁਸਨੂੰ ਭਾਜਪਾ ਦੇ ਵਿਰੁਧ ਰਾਹੁਲ ਨੂੰ ਹੀ ਚੁਣਨਾ ਹੋਵੇਗਾ। ਪ੍ਰੰਤੂ ਰਾਹੁਲ ਦੇ ਇਸ ਬਿਆਨ ਨਾਲ ਉਸਦੀ ਇਹ ਚੁਨੌਤੀ ਵੀ ਸ਼ੁਰੂ ਹੋ ਜਾਂਦੀ ਹੈ ਕਿ ਉਹ ਲੋਕਸਭਾ ਚੋਣਾਂ ਵਿੱਚ ਕਾਂਗ੍ਰਸ ਦੀਆਂ 100 ਤੋਂ ਵੱਧ ਸੀਟਾਂ ਲੈ ਜਾਏ।

ਇਤਿਹਾਸ ਕਿਸਦਾ : ਹਿੰਦੀ ਦੇ ਇੱਕ ਵਿਅੰਗ ਲੇਖਕ ਅਲੋਕ ਪੁਰਾਣਿਕ ਅਨੁਸਾਰ ਇਤਿਹਾਸ ਉਥਲ-ਪੁਥਲ ਮਚਾਣ ਵਾਲਾ ਹੀ ਵਿਸ਼ਾ ਹੈ। ਇਸਦਾ ਕਾਰਣ ਉਹ ਇਹ ਦਸਦਾ ਹੈ ਕਿ ਇਤਿਹਾਸ ਬਨਾਣ ਵਾਲੇ ਤਾਂ ਚਲੇ ਜਾਂਦੇ ਹਨ, ਉਨ੍ਹਾਂ ਦੇ ਪਿਛੇ ਰੋਣ ਵਾਲੇ ਰੌਂਦੇ ਰਹਿੰਦੇ ਹਨ। ਜਿਨਹਾ ਆਪ ਤਾਂ ਪਾਕਿਸਤਾਨ ਚਲਿਆ ਗਿਆ, ਪਰ ਆਪਣੀ ਤਸਵੀਰ ਇਥੇ ਹੀ ਛੱਡ ਗਿਆ। ਜਿਸਦੇ ਚਲਦਿਆਂ ਇਥੇ ਹੁਣ ਉਸਦੇ ਨਾਂ ਪੁਰ ਮਾਰ-ਧਾੜ ਹੋ ਰਹੀ ਹੈ। ਉਹ ਕਹਿੰਦੇ ਹਨ ਕਿ ਅੱਜਕਲ ਲੋੜ ਇਸ ਗਲ ਦੀ ਹੈ ਕਿ ਇਤਿਹਾਸ ਨੂੰ ਵੀ ਆਈਪੀਐਲ ਦੀ ਤਰਜ਼ ਤੇ ਪੜ੍ਹਾਇਆ ਜਾਏ। ਇਸਦੇ ਨਾਲ ਹੀ ਉਹ ਆਈਪੀਐਲ ਅਤੇ ਉਸ ਨਾਲ ਸੰਬੰਧਤ ਅਰਥਸ਼ਾਸਤ੍ਰ ਦਾ ਜ਼ਿਕਰ ਕਰਦਿਆਂ ਦਸਦੇ ਹਨ ਕਿ ਅਰਥਸ਼ਾਸਤ੍ਰ ਇੱਕ ਬਹੁਤ ਪਿਆਰਾ ਵਿਸ਼ਾ ਹੈ, ਉਸ ਵਿੱਚ ਸਭ ਕੁਝ ਸਪਸ਼ਟ ਹੈ ਵੱਧ ਤੋਂ ਵੱਧ ਪੈਸਾ ਕਮਾ ਲਉ। ਇਹੀ ਕਾਰਣ ਹੈ ਕਿ ਜਿਥੇ ਅਰਥਸ਼ਾਸਤ੍ਰ ਚਲਦਾ ਹੈ, ਉਥੇ ਕੋਈ ਮਾਰ-ਧਾੜ ਨਹੀਂ ਹੁੰਦੀ। ਆਈਪੀਐਲ ਨੂੰ ਹੀ ਵੇਖੋ। ਖਿਡਾਰੀਆਂ ਦੀ ਨਿਲਾਮੀ ਹੋ ਜਾਂਦੀ ਹੈ। ਦਿੱਲੀ ਦੇ ਵਿਰਾਟ ਕੋਹਲੀ ਨਿਲਾਮੀ ਵਿੱਚ ਬੇਂਗਲੂਰ ਦੇ ਅਤੇ ਸ਼ਿਖਰ ਧਵਨ ਹੈਦਰਾਬਾਦ ਦੇ ਹੋ ਜਾਂਦੇ ਹਨ। ਕੌਣ ਕਿਥੋਂ ਦਾ? ਜਿਥੋਂ ਬਹੁਤਾ ਪੈਸਾ ਆਏ, ਉਥੋਂ ਦਾ! ਇਸੇ ਤਰਜ਼ ਤੇ ਜਿਨਹਾ ਚੋਟੀ ਦੇ ਨੇਤਾ ਬਣਨ ਦੇ ਚਕੱੱਰ ਵਿੱਚ ਭਾਰਤ ਤੋਂ ਨਿਕਲ ਚਲ ਦਿੱਤਾ ਸੀ। ਉਹ ਹੋਰ ਕਹਿੰਦੇ ਹਨ ਕਿ ਆਈਪੀਐਲ ਵਿੱਚ ਜਿਵੇਂ ਹਰ ਸਾਲ ਖਿਡਾਰੀਆਂ ਦੀ ਨਿਲਾਮੀ ਹੁੰਦੀ ਹੈ, ਉਸੇ ਹੀ ਤਰ੍ਹਾਂ ਇਤਿਹਾਸ ਦੀ ਵੀ ਹਰ ਸਾਲ ਨਿਲਾਮੀ ਹੋਇਆ ਕਰੇ, ਜਿਵੇਂ ‘ਇਸ ਵਾਰ ਤਾਜਮਹੱਲ ਕਿਸਦਾ ਹੈ’? ਜੇ ਕੋਈ ਚਵਨਪ੍ਰਾਸ਼ ਵਾਲਾ ਸਭ ਤੋਂ ਵੱਧ ਬੋਲੀ ਲਾ ਦੇਵੇ, ਤਾਂ ਉਸ ਸਾਲ ਇਹ ਪੜ੍ਹਾਇਆ ਜਾਏ ਕਿ ਇਸ ਚਵਨਪ੍ਰਾਸ਼ ਵਾਲੇ ਨੇ ਤਾਜਮਹੱਲ ਬਣਵਾਇਆ ਸੀ। ਇਸ ਤੇ ਕਿਸੇ ਨੂੰ ਇਤਰਾਜ਼ ਹੋਵੇ ਤਾਂ ਉਸਨੂੰ ਸਾਫ ਦਸ ਦਿੱਤਾ ਜਾਏ ਕਿ ਜੇ ਇਸ ਨਾਲ ਤੇਰੇ ਪੇਟ ਵਿੱਚ ਦਰਦ ਉਠਦਾ ਹੈ ਤਾਂ ਇਸ [ਤਾਜਮਹੱਲ] ਨੂੰ ਤੂੰ ਖ੍ਰੀਦ ਲੈ। ਇਸਤਰ੍ਹਾਂ ਤਾਜਮਹੱਲ ‘ਬਨਾਣ’ ਵਾਲੇ ਹਰ ਸਾਲ ਹੀ ਬਦਲਦੇ ਰਹਿਣਗੇ ਤੇ ਸਰਕਾਰ ਦਾ ਖਜ਼ਾਨਾ ਵੀ ਭਰਦਾ ਰਹੇਗਾ। ਇਸਲਈ ਇਸ ਨਾਲੋਂ ਕਿ ਇਤਿਹਾਸ ਦੇ ਨਾਂ ਤੇ ਖੂਨ ਡੁਲ੍ਹੇ, ਇਹੀ ਚੰਗਾ ਹੈ ਕਿ ਸਰਕਾਰ ਦਾ ਖਜ਼ਾਨਾ ਭਰਦਾ ਰਹੇ!

ਇਸੇ ਕੜੀ ਵਿੱਚ ਇਕ ਹੋਰ ਕਾਲਮਨਵੀਸ ਲਿਖਦੇ ਹਨ ਕਿ ਭਾਰਤ ਵਿੱਚ ਆਰਐਸਐਸ ਅਤੇ ਉਸ ਨਾਲ ਜੁੜੇ ਸਹਿਯੋਗੀ ਸੰਗਠਨ ਇਸਤਰ੍ਹਾਂ ਦੀ ਕੌਸ਼ਿਸ਼ ਕਰਦੇ ਰਹਿੰਦੇ ਹਨ ਕਿ ਭਾਰਤੀ ਇਤਿਹਾਸ ਦੀ ਅਜਿਹੀ ਤਸਵੀਰ ਪੇਸ਼ ਹੋਵੇ, ਜਿਹੋ-ਜਿਹੀ ਉਹ ਚਾਹੁੰਦੇ ਹਨ। ਅਜਿਹਾ ਉਹ ਚਿਰਕਾਲ ਤੋਂ ਆਪਣੀਆਂ ਕਿਤਾਬਾਂ ਅਤੇ ਇੰਟਰਨੈੱਟ ਪੁਰ ਤਾਂ ਖੂਬ ਕਰਦੇ ਚਲੇ ਆ ਰਹੇ ਹਨ। ਪਰ ਵਿਦਿਅਕ ਸੰਸਥਾਵਾਂ ਵਿੱਚ ਪੜ੍ਹਾਈਆਂ ਜਾਂਦੀਆਂ ਅਧਿਕਾਰਤ ਪਾਠ-ਪੁਸਤਕਾਂ ਵਿੱਚ ਅਜਿਹਾ ਹੇਰ-ਫੇਰ ਸ਼ਾਇਦ ਪਹਿਲੀ ਵਾਰ ਹੋਇਆ ਹੈ। ਉਹ ਮੰਨਦੇ ਹਨ ਕਿ ਅਜਿਹਾ ਕਰਨਾ ਆਪਣੇ ਗੁਆਂਢੀ ਦੇਸ਼, ਪਾਕਿਸਤਾਨ ਦੀ ਨਕਲ ਕਰਨ ਵਾਂਗ ਹੈ, ਜਿਥੇ ਵਿਦਿਆਰਥੀਆਂ ਲਈ ਤਿਆਰ ਕੀਤੀਆਂ ਜਾਂਦੀਆਂ ਪਾਠ-ਪੁਸਤਕਾਂ ਵਿੱਚ ਇਤਿਹਾਸ ਨੂੰ ਇਸਤਰ੍ਹਾਂ ਪੇਸ਼ ਕੀਤਾ ਜਾਂਦਾ ਹੈ, ਜਿਸ ਨਾਲ ਵਿਦਿਆਰਥੀਆਂ ਵਿੱਚ ਭਾਰਤ-ਵਿਰੋਧੀ ਅਤੇ ਫਿਰਕੂ ਵਿਚਾਰਧਾਰਾ ਫੈਲ ਸਕੇ। ਇਹ ਗਲ ਭਾਰਤ ਦੇ ਲੋਕਤਾਂਤ੍ਰਿਕ, ਧਰਮ-ਨਿਰਪੇਖ ਅਤੇ ਬਹੁਲਤਾਵਾਦੀ ਸਮਾਜ ਲਈ ਕਿਸੇ ਵੀ ਕੀਮਤ ਤੇ ਚੰਗੀ ਗਲ ਨਹੀਂ ਕਿ ਇਥੋਂ ਦੀ ਕੋਈ ਸਰਕਾਰ ਏਕਾਧਿਕਾਰਵਾਦੀ ਜਾਂ ਫਿਰਕੂ ਅਧਾਰ ਤੇ ਚਲ ਰਹੀਆਂ ਸਰਕਾਰਾਂ ਦੀ ਨਕਲ ਕਰੇ। ਇਹ ਉਨ੍ਹਾਂ ਵਿਦਿਆਰਥੀਆਂ ਨਾਲ ਵੀ ਅਨਿਆਇ ਹੈ, ਜਿਨ੍ਹਾਂ ਨੂੰ ਪੜ੍ਹਾਉਣ ਦੀ ਜ਼ਿਮੇਂਦਾਰੀ ਸਰਕਾਰ ਦੀ ਹੈ। ਇਸ ਕਾਲਮਨਵੀਸ ਅਨੁਸਾਰ ਰਾਜਸਥਾਨ ਸਰਕਾਰ ਅਜਿਹਾ ਹੀ ਗਲਤ ਅਤੇ ਅਧੂਰਾ ਇਤਿਹਾਸ ਪੜ੍ਹਾ ਕੇ ਵਿਦਿਆਰਥੀਆ ਦੇ ਭਵਿਖ ਨਾਲ ਖਿਲਵਾੜ ਕਰ ਰਹੀ ਹੈ।

…ਅਤੇ ਅੰਤ ਵਿੱਚ : ਕੁਝ ਹੀ ਸਮਾਂ ਹੋਇਆ ਹੈ ਕਿ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਲੋਕਸਭਾ ਵਿੱਚ ਇੱਕ ਲਿਖਤ ਪ੍ਰਸ਼ਨ ਦਾ ਉੱਤਰ ਦਿੰਦਿਆਂ ਦਸਿਆ ਕਿ 31 ਦਸੰਬਰ, 2013 ਨੂੰ ਦੇਸ਼ ਦੇ ਭਿੰਨ-ਭਿੰਨ ਬੈਂਕਾਂ ਵਿੱਚ ਇੱਕ ਕਰੋੜ 45 ਲੱਖ 54 ਹਜ਼ਾਰ 950 ਅਜਿਹੇ ਖਾਤੇ ਸਨ, ਜੋ ਬੀਤੇ ਦਸ ਵਰ੍ਹਿਆਂ ਤੋਂ ਜਾਂ ਉਸਤੋਂ ਵੀ ਵੱਧ ਸਮੇਂ ਤੋਂ ਆਪਰੇਟ ਨਹੀਂ ਹੋ ਰਹੇ। ਇਨ੍ਹਾਂ ਖਾਤਿਆਂ ਵਿੱਚ ਜਮ੍ਹਾ 51 ਅਰਬ 24 ਕਰੋੜ 98 ਲੱਖ ਤੋਂ ਵੱਧ ਰੁਪਿਆਂ ਦਾ ਕੋਈ ਦਾਅਵੇਦਾਰ ਸਾਹਮਣੇ ਨਹੀਂ ਆਇਆ। ਉਨ੍ਹਾਂ ਇਹ ਵੀ ਦਸਿਆ ਕਿ ਸੰਨ 2005 ਵਿੱਚ ਅਜਿਹੀ ਰਕਮ ਸਿਰਫ 9 ਅਰਬ 29 ਕਰੋੜ 54 ਲੱਖ ਹੀ ਸੀ। ਜੋ ਉਸਤੋਂ ਅਗਲੇ ਅੱਠ ਵਰ੍ਹਿਆਂ ਵਿੱਚ 5.5 ਗੁਣਾਂ ਤੋਂ ਵੀ ਵੱਧ ਗਈ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਭਾਰਤੀ ਰਾਜਨੀਤੀ, ਤਾਂ ਇਉਂ ਹੀ ਚਲੇਗੀ!