ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਤੋਂ ਪੱਕੀ ਰਾਹਤ


ਨਵੀਂ ਦਿੱਲੀ, 15 ਮਈ (ਏਜੰਸੀ) : ਸੁਪਰੀਮ ਕੋਰਟ ਨੇ ਪੰਜਾਬ ਦੇ ਟੂਰਿਜ਼ਮ ਮੰਤਰੀ ਅਤੇ ਉਘੇ ਕ੍ਰਿਕਟ ਖਿਡਾਰੀ ਨਵਜੋਤ ਸਿੰਘ ਸਿੱਧੂ ਨੂੰ 30 ਸਾਲ ਪੁਰਾਣੇ ਰੋਡਰੇਜ ਮਾਮਲੇ ਵਿੱਚ ਵੱਡੀ ਰਾਹਤ ਦਿੰਦਿਆਂ ਕੋਈ ਸਜ਼ਾ ਨਹੀਂ ਦਿੱਤੀ ਪਰ ਅਪਰਾਧ ਦੇ ਲਈ ਇੱਕ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਅਦਾਲਤ ਨੇ ਸ੍ਰੀ ਸਿੱਧੂ ਨੂੰ ਭਾਰਤੀ ਦੰਡਾਵਲੀ ਦੀ ਧਾਰਾ 323 ਤਹਿਤ ਦੋਸ਼ੀ ਮੰਨਿਆ ਪਰ ਨਾਲ ਹੀ ਧਾਰਾ 304 ਤਹਿਤ ਦਰਜ ਗ਼ੈਰ-ਇਰਾਦਤਨ ਕਤਲ ਦੇ ਦੋਸ਼ ਤੋਂ ਉਸ ਨੂੰ ਬਰੀ ਕਰ ਦਿੱਤਾ। ਜਸਟਿਸ ਜੇ. ਚੇਲਾਮੇਸ਼ਵਰ ਤੇ ਜਸਟਿਸ ਸੰਜੇ ਕਿਸ਼ਨ ਕੌਲ ਦੇ ਬੈਂਚ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਧਾਰਾ 323, ਜਿਸ ਤਹਿਤ ਨਵਜੋਤ ਸਿੰਘ ਸਿੱਧੂ ਸਵੈ-ਇੱਛਾ ਨਾਲ ਸੱਟ ਮਾਰਨ ਦਾ ਦੋਸ਼ੀ ਹੈ ਤੇ ਉਸ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ ਪਰ ਇੱਕ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਂਦਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਦੇ ਸਾਥੀ ਰੁਪਿੰਦਰ ਸਿੰਘ ਸੰਧੂ ਨੂੰ ਸੁਪਰੀਮ ਕੋਟ ਨੇ ਦੋਸ਼ਮੁਕਤ ਕਰਾਰ ਦਿੰਦਿਆਂ ਬਰੀ ਕਰ ਦਿੱਤਾ ਹੈ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਉਲਟਾ ਦਿੱਤਾ ਹੈ। ਧਾਰਾ 323 ਤਹਿਤ ਕਿਸੇ ਨਾਲ ਕੁੱਟਮਾਰ ਕਰਕੇ ਜ਼ਖ਼ਮੀ ਕਰਨਾ ਤੇ ਧਾਰਾ 304 ਹੇਠ ਗ਼ੈਰ-ਇਰਾਦਾ ਕਤਲ ਦਾ ਮਾਮਲਾ ਬਣਦਾ ਹੈ। ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਨਜ਼ਦੀਕ 27 ਦਸੰਬਰ 1988 ਨੂੰ ਵਾਪਰੀ ਇੱਕ ਘਟਨਾ ਦੌਰਾਨ ਗੁਰਨਾਮ ਸਿੰਘ (65) ਦੀ ਸੜਕ ਹਾਦਸੇ ਬਾਅਦ ਕੁੱਟਮਾਰ ਕਰਕੇ ਸਿੱਧੂ ਤੇ ਉਸ ਦਾ ਸਾਥੀ ਖਿਸਕ ਗਏ ਸਨ ਅਤੇ ਗੁਰਨਾਮ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ।

ਇਸ ਕੇਸ ਵਿੱਚ ਮੁਕੱਦਮੇ ਦੀ ਸੁਣਵਾਈ ਕਰਨ ਵਾਲੀ ਅਦਾਲਤ ਨੇ ਸਿੱਧੂ ਨੂੰ ਬਰੀ ਕਰ ਦਿੱਤਾ ਸੀ ਪਰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਦਸੰਬਰ 2006 ਵਿੱਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਉਲਟਾਉਂਦਿਆਂ ਆਈਪੀਸੀ ਦੀ ਧਾਰਾ 304 (2) ਤਹਿਤ ਸਿੱਧੂ ਨੂੰ ਗ਼ੈਰ-ਇਰਾਦਾ ਕਤਲ ਦਾ ਦੋਸ਼ੀ ਪਾਇਆ ਸੀ ਅਤੇ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਸਿੱਧੂ ਨੇ ਇਸ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਕੀਤੀ ਸੀ। ਟੂਰਿਜ਼ਮ ਮੰਤਰੀ ਵੱਲੋਂ ਸੀਨੀਅਰ ਵਕੀਲ ਆਰ.ਐਸ. ਚੀਮਾ ਪੇਸ਼ ਹੋਏ ਸਨ ਜਿਨ੍ਹਾਂ ਗੁਰਨਾਮ ਸਿੰਘ ਦੀ ਮੌਤ ਬਾਰੇ ਮੈਡੀਕਲ ਰਿਪੋਰਟ ਨੂੰ ਅਸਪਸ਼ਟ ਦੱਸਿਆ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਤੋਂ ਪੱਕੀ ਰਾਹਤ