ਟੀ.ਵੀ. ਹੋਸਟ ਤੇ ਫਿਲਮ ਲੇਖਕ ਨੇ ਸ੍ਰੋਮਣੀ ਕਮੇਟੀ ਨੂੰ ਥਰਮੋਕੋਲ ਦੀ ਥਾਂ ਪੱਤਲਾਂ ਦੀ ਵਰਤੋਂ ਕਰਨ ਸਬੰਧੀ ਲਿਖਿਆ ਪੱਤਰ


ਹੁਸ਼ਿਆਰਪੁਰ 23 ਮਈ (ਪ ਪ) : ਰੇਡੀਓ ਤੇ ਟੀ ਵੀ ਹੋਸਟ, ਫਿਲਮ ਲੇਖਕ ਪਵਨਦੀਪ ਸਿੰਘ ਓਡਰਾ ਨੇ ਸ੍ਰੋਮਣੀ ਕਮੇਟੀ ਨੂੰ ਪੱਤਰ ਲਿਖ ਕੇ ਥਰਮੋਕੋਲ ਦੀ ਥਾਂ ਪੱਲਤਾਂ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਹੈ। ਜਾਰੀ ਇਕ ਚਿੱਠੀ ਵਿਚ ਉਨਾਂ ਨਿੱਜੀ ਤਜੱਰਬੇ ਦਾ ਜਿਕਰ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਦੋ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਿਹਨਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸੀ। ਹਰ ਗੁਰਦੁਆਰਾ ਸਾਹਿਬ ਦੀ ਤਰ੍ਹਾਂ ਸੰਗਤਾਂ ਇੱਥੇ ਵੀ ਕੜਾਹ ਪ੍ਰਸ਼ਾਦ ਦੀ ਦੇਗ ਅਰਦਾਸ ਕਰਵਾ ਰਹੀਆਂ ਸਨ। ਪਰ ਆਮ ਗੁਰਦੁਆਰਾ ਸਾਹਿਬਾਨ ਦੀ ਰਵਾਇਤ ਦੇ ਉਲਟ ਪੱਤਿਆਂ ਵਾਲੇ ਡੂਨੇ ਦੀ ਥਾਂ ਦੇਗ ਪ੍ਰਸ਼ਾਦ ਥਰਮੋਕੋਲ ਦੀ ਕੌਲੀ ‘ਚ ਦਿੱਤਾ ਜਾ ਰਿਹਾ ਸੀ।

ਸਾਡੇ ਗੁਰੂ ਸਾਹਿਬਾਨ ਨੇ ਹਮੇਸ਼ਾ ਕੁਦਰਤ ਨਾਲ ਇੱਕਮਿੱਕ ਹੋਣ ਤੇ ਵਾਤਾਵਰਨ ਦੀ ਸੰਭਾਲ ਕਰਨ ਦਾ ਹੋਕਾ ਦਿੱਤਾ ਏ। ਗੁਰੂ ਨਾਨਕ ਦੇਵ ਜੀ ਵਲੋਂ ‘ਬਲਿਹਾਰੀ ਕੁਦਰਤਿ ਵਸਿਆ’ ਦਾ ਸਿਧਾਂਤ ਦਿੱਤਾ ਗਿਆ ਏ। ਦੂਜੇ ਪਾਸੇ ਗੁਰੂ ਹਰਹਾਇ ਸਾਹਿਬ ਜੀ ਵਲੋਂ ਇੱਕ ਫੁੱਲ ਟੁੱਟਣ ‘ਤੇ ਸਾਰੀ ਉਮਰ ਚੋਲਾ ਸੰਭਾਲ ਕੇ ਤੁਰਨਾ ਇਸ ਸੰਕਲਪ ਦੇ ਇੰਨ ਬਿੰਨ ਧਾਰਨੀ ਹੋਣ ਵੱਲ ਇਸ਼ਾਰਾ ਕਰਦਾ ਹੈ। ਪਰ ਅਜੋਕੇ ਦੌਰ ‘ਚ ਨਾਨਕ ਨਾਮ ਲੇਵਾ ਸੰਗਤਾਂ ਦੀ ਇਸ ਸੰਕਲਪ ਤੋਂ ਦੂਰੀ ਚੰਗੀ ਗੱਲ ਨਹੀਂ ਤੇ ਓਦੋਂ ਇਹ ਹੋਰ ਵੀ ਨਕਾਰਾਤਮਕ ਹੋ ਜਾਂਦੀ ਹੈ ਜਦੋਂ ਸਿਰਮੌਰ ਸੰਸਥਾਵਾਂ ਵੀ ਇਸ ਸੰਕਲਪ ਪ੍ਰਤੀ ਗੰਭੀਰ ਨਾ ਹੋਣ। ਥਰਮੋਕੋਲ ਦੀਆਂ ਕੌਲੀਆਂ ‘ਚ ਦੇਗ ਕੁਝ ਅਜਿਹਾ ਈ ਏ।

ਸ:ਓਡਰਾ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਵਾਤਾਵਰਣ ਸੰਭਾਲ ਪ੍ਰਤੀ ਅਜਿਹੀਆਂ ਰਵਾਇਤਾਂ ਦਾ ਖ਼ਾਸ ਖਿਆਲ ਰੱਖਣ ਦੀ ਲੋੜ ਹੈ।ਉਨਾਂ ਇਸੇ ਵਿਸ਼ੇ ਨਾਲ ਜੁੜੇ ਕੁਝ ਹੋਰ ਨੁਕਤੇ ਵੀ ਆਪ ਜੀ ਦੇ ਧਿਆਨ ਵਿਚ ਲਿਆਂਦਿਆ ਲੰਗਰ ਦੀ ਪ੍ਰਥਾ ਦੀ ਗੱਲ ਕੀਤੀ ਤੇ ਕਿਹਾ ਇਹ ਪ੍ਰਥਾ ਆਪਣੇ ਆਪ ਵਿੱਚ ਨਿਵੇਕਲੀ ਤੇ ਉੱਚੀ ਸੁੱਚੀ ਹੈ। ਦੁਨੀਆਂ ਭਰ ਦੇ ਗੁਰਦੁਆਰਾ ਸਾਹਿਬਾਨ ਤੇ ਹੋਰ ਧਾਰਮਿਕ ਸਮਾਗਮਾਂ ਜਿਵੇਂ ਨਗਰ ਕੀਰਤਨ ਤੇ ਕੀਰਤਨ ਦਰਬਾਰਾਂ ਦੌਰਾਨ ਅਣਗਿਣਤ ਸੰਗਤਾਂ ਲੰਗਰ ਛਕਦੀਆਂ ਹਨ। ਪਰ ਲੰਗਰ ਵਰਤਾਉਣ ਲੱਗਿਆਂ ਵੀ ਪਲਾਸਟਿਕ ਤੇ ਪਾਲੀਥੀਨ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾਂਦੀ ਹੈ, ਜਦਕਿ ਇਹਨਾਂ ਦੇ ਸੁਖਾਲ਼ੇ ਬਦਲ ਮੌਜੂਦ ਨੇ। ਜਿੱਥੇ ਸਟੀਲ ਦੇ ਭਾਂਡੇ ਨਾ ਵਰਤੇ ਜਾ ਸਕਣ, ਉੱਥੇ ਘੱਟੋ ਘੱਟ ਪੱਤਿਆਂ ਤੋਂ ਬਣੇ ਡੂਨੇ ਪੱਤਲ ਵਰਤੇ ਜਾ ਸਕਦੇ ਹਨ।

ਸਿੱਖ ਧਰਮ ਇੱਕ ਵਿਗਿਆਨਕ ਧਰਮ ਹੈ ਜਿੱਥੇ ਗੁਰੂ ਸਾਹਿਬਾਨ ਨੇ ਸਾਨੂੰ ਤਰਕਸ਼ੀਲ ਪਹੁੰਚ ਅਪਣਾਉਣ ਦੀ ਸਿੱਖਿਆ ਦਿੱਤੀ ਹੈ। ਉਨਾਂ ਗੁਰਬਾਣੀ ਅਨੁਸਾਰ ਪਾਣੀ ਦੀ ਸੁਚੱਜੀ ਵਰਤੋਂ ਨੂੰ ਵੀ ਗੁਰੂ ਸਾਹਿਬ ਵਲੋਂ ਦਿੱਤੀਆਂ ਮੁੱਢਲੀਆਂ ਸਿੱਖਿਆਵਾਂ ‘ਚੋਂ ਇਕ ਕਿਹਾ।ਆਪਣੇ ਪੱਤਰ ਵਿਚ ਉਨ੍ਹਾਂ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਪਰ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਤੇ ਧਾਰਮਿਕ ਸਮਾਗਮਾਂ ਦੌਰਾਨ ਸ਼ਰਧਾ ਵੱਸ ਫਰਸ਼ਾਂ ਜਾਂ ਬਰਤਨਾਂ ਦੀ ਧੁਆਈ ਵਰਗੇ ਕਾਰਜਾਂ ਦੌਰਾਨ ਪਾਣੀ ਬੇਲੋੜਾ ਵਹਾਇਆ ਜਾਂਦਾ ਹੈ।ਸੰਗਤ ਨੂੰ ਇਸ ਪ੍ਰਤੀ ਵੀ ਜਾਗਰੂਕ ਹੋਣ ਦੀ ਲੋੜ ਹੈ। ਆਮ ਤੌਰ ਤੇ ਲੰਗਰ ਘਰਾਂ ‘ਚ ਪਾਣੀ ਦੀਆਂ ਤਿੰਨ ਹੌਦੀਆਂ ਹੁੰਦੀਆਂ ਹਨ। ਪਹਿਲੀ ਹੌਦੀ ‘ਚ ਬਰਤਨਾਂ ‘ਤੋਂ ਜੂਠ ਧੋਤੀ ਜਾਂਦੀ ਹੈ ਤੇ ਦੂਸਰੀ ਵਿੱਚ ਬਰਤਨ ਮਾਂਜੇ ਜਾਂਦੇ ਹਨ ਜੋ ਫਿਰ ਤੀਸਰੀ ਹੌਦੀ ‘ਚ ਸਾਫ ਪਾਣੀ ਨਾਲ ਧੋਤੇ ਜਾਂਦੇ ਹਨ।

ਦੂਸਰੀ ਹੌਦੀ ‘ਚ ਆਮ ਤੌਰ ‘ਤੇ ਸਰਫ਼ ਜਾਂ ਸਵਾਹ ਹੁੰਦੀ ਏ ਤੇ ਪਹਿਲੀ ਤੇ ਤੀਸਰੀ ਹੌਦੀ ‘ਚ ਤਾਜ਼ੇ ਪਾਣੀ ਦੀਆਂ ਟੂਟੀਆਂ। ਇੱਥੇ ਵੀ ਤੀਸਰੀ ਹੌਦੀ ਦੇ ਪਾਣੀ ਨੂੰ ਪਹਿਲੀ ਹੌਦੀ ‘ਚ ਦੁਬਾਰਾ ਵਰਤ ਕੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਏ। ਨਵੇਂ ਲੰਗਰ ਘਰਾਂ ਦੀ ਉਸਾਰੀ ਜਾਂ ਪੁਰਾਣਿਆਂ ਦੀ ਮੁਰੰਮਤ ਵੇਲੇ ਇਹ ਛੋਟਾ ਜਿਹਾ ਬਦਲਾਅ ਕੀਤਾ ਜਾ ਸਕਦਾ ਹੈ, ਇਸਤੇ ਗੌਰ ਫੁਰਮਾਉਣ ਦੀ ਅਪੀਲ ਕੀਤੀ। ਪਵਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਇਹ ਸੁਝਾਅ ਇਕ ਨਿਮਾਣੇ ਸਿੱਖ ਸਰਧਾਲੂ ਵਜੋਂ ਦਿੱਤਾ ਹੈ, ਉਨਾਂ ਉਮੀਦ ਜਿਤਾਈ ਕਿ ਸ੍ਰੋਮਣੀ ਕਮੇਟੀ ਇਸ ‘ਤੇ ਗੌਰ ਕਰੇਗੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਟੀ.ਵੀ. ਹੋਸਟ ਤੇ ਫਿਲਮ ਲੇਖਕ ਨੇ ਸ੍ਰੋਮਣੀ ਕਮੇਟੀ ਨੂੰ ਥਰਮੋਕੋਲ ਦੀ ਥਾਂ ਪੱਤਲਾਂ ਦੀ ਵਰਤੋਂ ਕਰਨ ਸਬੰਧੀ ਲਿਖਿਆ ਪੱਤਰ