ਗੌਤਮ ਗੰਭੀਰ ਨੇ ਦਿੱਲੀ ਦੀ ਕਪਤਾਨੀ ਛੱਡੀ, ਸ਼੍ਰੇਅਸ ਅਈਅਰ ਨੇ ਸੰਭਾਲੀ ਕਮਾਨ


ਨਵੀਂ ਦਿੱਲੀ, 25 ਅਪਰੈਲ (ਏਜੰਸੀ) : ਅਨੁਭਵੀ ਬੱਲੇਬਾਜ਼ ਗੌਤਮ ਗੰਭੀਰ ਨੇ ਦਿੱਲੀ ਡੇਅਰਡੈਵਿਲਜ਼ ਦੇ ਆਈਪੀਐਲ-11 ਵਿੱਚ ਨਮੋਸ਼ੀਜਨਕ ਪ੍ਰਦਰਸ਼ਨ ਅਤੇ ਲਗਾਤਾਰ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ, ਜਿਸ ਮਗਰੋਂ ਸ਼੍ਰੇਅਸ ਅਈਅਰ ਨੂੰ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਹੈ। ਦਿੱਲੀ ਦੇ ਘਰੇਲੂ ਖਿਡਾਰੀ ਗੰਭੀਰ ਨੇ ਅੱਜ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ। ਉਸ ਨੇ ਆਈਪੀਐਲ ਵਿੱਚ ਟੀਮ ਦੇ ਲਗਾਤਾਰ ਖ਼ਰਾਬ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਵੀ ਲਈ। ਦਿੱਲੀ ਨੇ ਹੁਣ ਤਕ ਛੇ ਮੈਚਾਂ ਵਿੱਚ ਸਿਰਫ਼ ਇੱਕ ਹੀ ਜਿੱਤ ਦਰਜ ਕੀਤੀ ਹੈ, ਜਦੋਂਕਿ ਪੰਜ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਹ ਸੂਚੀ ਵਿੱਚ ਸਭ ਤੋਂ ਹੇਠਾਂ ਅੱਠਵੇਂ ਸਥਾਨ ’ਤੇ ਹੈ।

ਗੰਭੀਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਹੋ ਸਕਦਾ ਹੈ ਕਿ ਮੈਨੂੰ ਚੀਜ਼ਾਂ ਨੂੰ ਬਦਲਣ ਦੀ ਕਾਹਲ ਸੀ ਅਤੇ ਉਸ ਦਾ ਅਸਰ ਉਲਟਾ ਹੋ ਗਿਆ। ਇਹ ਇੱਕ ਕਾਰਨ ਹੋ ਸਕਦਾ ਹੈ। ਮੈਂ ਦਬਾਅ ਨਹੀਂ ਝੱਲ ਪਾ ਰਿਹਾ ਸੀ ਅਤੇ ਜਦੋਂ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਤੁਸੀਂ ਜ਼ਿੰਮੇਵਾਰੀ ਲੈਣੀ ਹੁੰਦੀ ਹੈ।’’ ਇਸ ਮੌਕੇ ਫ਼ਰੈਂਚਾਈਜ਼ੀ ਦੇ ਸੀਈਓ ਹੇਮੰਤ ਦੁਆ ਅਤੇ ਕੋਚ ਰਿੱਕੀ ਪੋਂਟਿੰਗ ਵੀ ਮੌਜੂਦ ਸਨ। ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਵਜੋਂ ਦੋ ਵਾਰ ਖ਼ਿਤਾਬ ਜਿੱਤਣ ਵਾਲੇ ਗੰਭੀਰ ਦਾ ਖ਼ੁਦ ਦਾ ਪ੍ਰਦਰਸ਼ਨ ਵੀ ਚੰਗਾ ਨਹੀਂ ਰਿਹਾ।

ਉਸ ਨੇ ਪੰਜ ਪਾਰੀਆਂ ਵਿੱਚ ਸਿਰਫ਼ 85 ਦੌੜਾਂ ਬਣਾਈਆਂ, ਜਿਸ ਵਿੱਚ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਪਹਿਲੇ ਮੈਚ ਵਿੱਚ ਖੇਡੀ ਗਈ 55 ਦੌੜਾਂ ਦੀ ਪਾਰੀ ਵੀ ਸ਼ਾਮਲ ਹੈ। ਉਹ ਪਿਛਲੀਆਂ ਚਾਰ ਪਾਰੀਆਂ ਵਿੱਚ ਦੁਹਰੇ ਅੰਕ ਤਕ ਪਹੁੰਚਣ ਵਿੱਚ ਅਸਫਲ ਰਿਹਾ ਹੈ। ਦੂਜੇ ਪਾਸੇ, 23 ਸਾਲਾ ਅਈਅਰ ਨੇ ਚੋਟੀ ਦੇ ਕ੍ਰਮ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸ ਨੇ ਪਿਛਲੇ ਦੋਵੇਂ ਮੈਚਾਂ ਵਿੱਚ ਅਰਧ ਸੈਂਕੜੇ ਮਾਰੇ ਹਨ, ਪਰ ਇਨ੍ਹਾਂ ਵਿੱਚ ਟੀਮ ਨੂੰ ਹਾਰ ਝੱਲਣੀ ਪਈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਗੌਤਮ ਗੰਭੀਰ ਨੇ ਦਿੱਲੀ ਦੀ ਕਪਤਾਨੀ ਛੱਡੀ, ਸ਼੍ਰੇਅਸ ਅਈਅਰ ਨੇ ਸੰਭਾਲੀ ਕਮਾਨ