ਹਾਕੀ : ਭਾਰਤ ਵੱਲੋਂ ਇੰਗਲੈਂਡ ਨੂੰ 4-3 ਦੀ ਸ਼ਿਕਸਤ


ਗੋਲਡ ਕੋਸਟ, 11 ਅਪਰੈਲ (ਏਜੰਸੀ) : ਭਾਰਤ ਨੇ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਦੀ ਮਜ਼ਬੂਤ ਟੀਮ ਨੂੰ ਬਹੁਤ ਹੀ ਦਿਲਚਸਪ ਮੁਕਾਬਲੇ ਵਿੱਚ ਅੱਜ 4-3 ਗੋਲਾਂ ਨਾਲ ਹਰਾ ਕੇ 21ਵੀਆਂ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ਦੇ ਪੂਲ ਬੀ ਵਿੱਚ ਚੋਟੀ ’ਤੇ ਥਾਂ ਬਣਾ ਲਈ ਹੈ। ਭਾਰਤ ਦੀ ਚਾਰ ਮੈਚਾਂ ਵਿੱਚ ਇਹ ਤੀਜੀ ਜਿੱਤ ਹੈ ਅਤੇ ਉਸ ਦੇ 10 ਅੰਕ ਹਨ। ਇੰਗਲੈਂਡ ਚਾਰ ਮੈਚਾਂ ਵਿੱਚ ਸੱਤ ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ। ਦੋਵੇਂ ਟੀਮਾਂ ਸੈਮੀ ਫਾਈਨਲ ਵਿੱਚ ਪਹੁੰਚ ਗਈਆਂ ਹਨ। ਮੌਜੂਦਾ ਦੋ ਵਾਰ ਦੀ ਉਪ ਜੇਤੂ ਭਾਰਤ ਦਾ ਸੈਮੀ ਫਾਈਨਲ ਵਿੱਚ ਪੂਲ ਏ ਦੀ ਦੂਜੇ ਨੰਬਰ ਦੀ ਟੀਮ ਨਿਊਜ਼ੀਲੈਂਡ ਨਾਲ ਮੁਕਾਬਲਾ ਹੋਵੇਗਾ, ਜਦਕਿ ਇੰਗਲੈਂਡ ਦਾ ਪੂਲ ਏ ਦੀ ਨੰਬਰ ਇੱਕ ਟੀਮ ਅਤੇ ਪਿਛਲੇ ਪੰਜ ਵਾਰ ਦੀ ਚੈਂਪੀਅਨ ਆਸਟਰੇਲੀਆ ਨਾਲ ਹੋਵੇਗਾ।

ਭਾਰਤ ਨੂੰ ਆਸਟਰੇਲੀਆ ਨਾਲ ਸੈਮੀ ਫਾਈਨਲ ਖੇਡਣ ਤੋਂ ਬਚਣ ਲਈ ਇੰਗਲੈਂਡ ਤੋਂ ਇਹ ਮੈਚ ਜਿੱਤਣਾ ਜ਼ਰੂਰੀ ਸੀ ਅਤੇ ਮਨਪ੍ਰੀਤ ਸਿੰਘ ਦੀ ਟੀਮ ਨੇ ਇਹ ਕਾਮਯਾਬੀ ਹਾਸਲ ਕਰ ਵੀ ਲਈ ਹੈ। ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਟੀਮ ਨੂੰ ਦਿੱਲੀ (2010) ਵਿੱਚ ਆਸਟਰੇਲੀਆ ਤੋਂ ਫਾਈਨਲ ਵਿੱਚ 0-8 ਨਾਲ ਅਤੇ ਗਲਾਸਗੋ (2014) ਵਿੱਚ 0-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਪੁਰਸ਼ ਟੀਮ ਤਾਂ ਆਸਟਰੇਲੀਆ ਨਾਲ ਭਿੜਨ ਤੋਂ ਬਚ ਗਈ, ਪਰ ਭਾਰਤੀ ਮਹਿਲਾ ਟੀਮ ਦਾ ਵੀਰਵਾਰ ਨੂੰ ਸੈਮੀ ਫਾਈਨਲ ਵਿੱਚ ਮੁਕਾਬਲਾ ਮੇਜ਼ਬਾਨ ਟੀਮ ਨਾਲ ਹੋਵੇਗਾ। ਪੁਰਸ਼ ਸੈਮੀ ਫਾਈਨਲ 13 ਅਪਰੈਲ ਨੂੰ ਖੇਡੇ ਜਾਣਗੇ। ਭਾਰਤ ਲਈ ਕਪਤਾਨ ਮਨਪ੍ਰੀਤ ਸਿੰਘ ਨੇ 33ਵੇਂ, ਰੁਪਿੰਦਰਪਾਲ ਸਿੰਘ ਨੇ 51ਵੇਂ, ਵਰੁਣ ਕੁਮਾਰ ਨੇ 59ਵੇਂ ਅਤੇ ਮਨਦੀਪ ਸਿੰਘ ਨੇ 60ਵੇਂ ਅਤੇ ਆਖ਼ਰੀ ਮਿੰਟ ਵਿੱਚ ਗੋਲ ਕੀਤੇ। ਭਾਰਤ ਅਤੇ ਇੰਗਲੈਂਡ ਮੁਕਾਬਲੇ ਨੂੰ ਜੇਕਰ ਟੂਰਨਾਮੈਂਟ ਦਾ ਸਰਵੋਤਮ ਮੁਕਾਬਲਾ ਕਿਹਾ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ। ਦੋਵੇਂ ਟੀਮਾਂ ਨੇ ਮੈਚ ਵਿੱਚ ਜਿੱਤਣ ਲਈ ਆਪਣਾ ਸਭ ਕੁੱਝ ਦਾਅ ’ਤੇ ਲਾ ਰੱਖਿਆ ਸੀ।

ਆਖ਼ਰੀ ਕੁਆਰਟਰ ਦਾ ਮੁਕਾਬਲਾ ਤਾਂ ਬਹੁਤ ਹੀ ਜ਼ਬਰਦਸਤ ਰਿਹਾ ਅਤੇ ਲੀਡ ਇੱਕ ਪਾਲੇ ਤੋਂ ਦੂਜੇ ਪਾਲੇ ਵਿੱਚ ਬਦਲਦੀ ਰਹੀ। ਇੰਗਲੈਂਡ ਦੇ ਖਿਡਾਰੀਆਂ ਡੇਵਿਡ ਕੋਂਡੋਨ (17ਵੇਂ), ਲਿਆਮ ਐਂਸੇਲ (52ਵੇਂ) ਅਤੇ ਸੈਮ ਵਾਰਡ (56ਵੇਂ) ਵੱਲੋਂ ਗੋਲ ਕੀਤੇ ਗਏ। ਭਾਰਤ ਦੇ ਜੇਤੂ ਗੋਲ ਮਗਰੋਂ ਇੰਗਲੈਂਡ ਨੇ ਆਖ਼ਰੀ ਸੈਕਿੰਡ ਵਿੱਚ ਭਾਰਤੀ ਖ਼ੇਮੇ ਵਿੱਚ ਪੈਨਲਟੀ ਕਾਰਨਰ ਲਈ ਰੈਫਰਲ ਤਕ ਮੰਗ ਲਿਆ, ਪਰ ਰੈਫਰੀ ਨੇ ਇੰਗਲਿਸ਼ ਖਿਡਾਰੀਆਂ ਦੀ ਮੰਗ ਨੂੰ ਰੱਦ ਕਰ ਦਿੱਤਾ। ਭਾਰਤ ਇੱਕ ਸ਼ਾਨਦਾਰ ਜੇਤੂ ਵਜੋਂ ਇਸ ਮੈਚ ਤੋਂ ਬਾਹਰ ਨਿਕਲਿਆ ਅਤੇ ਹੁਣ ਉਹ ਸੈਮੀ ਫਾਈਨਲ ਵਿੱਚ ਨਿਊਜ਼ੀਲੈਂਡ ਦੀ ਚੁਣੌਤੀ ਨੂੰ ਤਬਾਹ ਕਰ ਕੇ ਫਾਈਨਲ ਵਿੱਚ ਥਾਂ ਬਣਾਉਣ ਦੇ ਇਰਾਦੇ ਨਾਲ ਉਤਰੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਹਾਕੀ : ਭਾਰਤ ਵੱਲੋਂ ਇੰਗਲੈਂਡ ਨੂੰ 4-3 ਦੀ ਸ਼ਿਕਸਤ