ਸੁਸ਼ੀਲ ਕੁਮਾਰ ਅਤੇ ਰਾਹੁਲ ਅਵਾਰੇ ਨੇ ਜਿੱਤੇ ਸੋਨ ਤਗ਼ਮੇ, ਬਬੀਤਾ ਨੇ ਚਾਂਦੀ


ਗੋਲਡ ਕੋਸਟ, 12 ਅਪਰੈਲ (ਏਜੰਸੀ) : ਵੇਟਲਿਫਟਿੰਗ ਅਤੇ ਨਿਸ਼ਾਨੇਬਾਜ਼ੀ ਮਗਰੋਂ ਭਾਰਤ ਨੇ ਅੱਜ ਕੁਸ਼ਤੀ ਮੁਕਾਬਲੇ ਵਿੱਚ ਵੀ ਸੁਨਹਿਰੀ ਆਗਾਜ਼ ਕੀਤਾ ਹੈ। ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਸੁਸ਼ੀਲ ਕੁਮਾਰ ਨੇ ਉਮੀਦ ਅਨੁਸਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤਿਆ, ਜਦਕਿ ਰਾਹੁਲ ਅਵਾਰੇ ਨੇ 21ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਪਲੇਠਾ ਸੁਨਹਿਰੀ ਤਗ਼ਮਾ ਆਪਣੇ ਨਾਮ ਕੀਤਾ ਹੈ। ਹਾਲਾਂਕਿ ਮੌਜੂਦਾ ਚੈਂਪੀਅਨ ਬਬੀਤਾ ਫੋਗਾਟ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ, ਜਦੋਂਕਿ ਕਿਰਨ ਨੇ ਮਹਿਲਾਵਾਂ ਦੇ 76 ਕਿਲੋ ਵਰਗ ਵਿੱਚ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ ਹੈ। ਸੁਸ਼ੀਲ ਕੁਮਾਰ (74 ਕਿਲੋ) ਅਤੇ ਰਾਹੁਲ ਅਵਾਰੇ (57 ਕਿਲੋ) ਦੇ ਸੋਨ ਤਗ਼ਮਿਆਂ ਸਣੇ ਭਾਰਤ ਨੇ ਅੱਜ ਕੁੱਲ ਸੱਤ ਤਗ਼ਮੇ ਜਿੱਤੇ ਅਤੇ ਗੋਲਡ ਕੋਸਟ ਵਿੱਚ ਆਪਣੇ 14 ਸੋਨ ਤਗ਼ਮੇ ਪੂਰੇ ਕਰ ਲਏ ਹਨ।

ਭਾਰਤ ਪਿਛਲੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ 15 ਸੋਨ ਤਗ਼ਮਿਆਂ ਤੋਂ ਹੁਣ ਸਿਰਫ਼ ਇੱਕ ਤਗ਼ਮਾ ਪਿੱਛੇ ਹੈ। ਭਾਰਤ ਦਾ ਸੋਨ ਤਗ਼ਮਿਆਂ ਦੇ ਲਿਹਾਜ਼ ਨਾਲ ਇਹ ਹੁਣ ਤਕ ਦਾ ਪੰਜਵਾਂ ਸਰਵੋਤਮ ਪ੍ਰਦਰਸ਼ਨ ਹੈ, ਜਦਕਿ ਅਜੇ ਖੇਡਾਂ ਵਿੱਚ ਤਿੰਨ ਦਿਨ ਬਾਕੀ ਹਨ। ਭਾਰਤ ਨੇ 1990 ਵਿੱਚ ਆਕਲੈਂਡ ਵਿੱਚ 13 ਤਗ਼ਮੇ ਜਿੱਤੇ ਸਨ। ਭਾਰਤ ਦੇ ਗੋਲ ਕੋਸਟ ਵਿੱਚ ਹੁਣ 14 ਸੋਨੇ, ਸੱਤ ਚਾਂਦੀ ਅਤੇ 10 ਕਾਂਸੇ ਸਣੇ 31 ਤਗ਼ਮੇ ਹੋ ਚੁੱਕੇ ਹਨ। ਡਿਸਕਸ ਥਰੋਅਰ ਸੀਮਾ ਪੂਨੀਆ ਅਤੇ ਨਵਜੀਤ ਢਿੱਲੋਂ ਨੇ ਅਥਲੈਟਿਕਸ ਮੁਕਾਬਲਿਆਂ ਵਿੱਚ ਭਾਰਤ ਦੇ ਤਗ਼ਮੇ ਦੀ ਉਡੀਕ ਖ਼ਤਮ ਕਰਦਿਆਂ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤੇ ਹਨ। ਸੀਮਾ ਦਾ ਇਹ ਲਗਾਤਾਰ ਚੌਥਾ ਰਾਸ਼ਟਰਮੰਡਲ ਖੇਡ ਤਗ਼ਮਾ ਹੈ।

ਸਾਬਕਾ ਵਿਸ਼ਵ ਚੈਂਪੀਅਨ ਤੇਜਸਵਿਨੀ ਨੇ ਮਹਿਲਾਵਾਂ ਦੇ 50 ਮੀਟਰ ਰਾਈਫਲ ਪ੍ਰੋਨ ਦਾ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ। 37 ਸਾਲ ਦੀ ਭਾਰਤੀ ਨਿਸ਼ਾਨੇਬਾਜ਼ 618.9 ਦੇ ਸਕੋਰ ਨਾਲ ਦੂਜੇ ਨੰਬਰ ’ਤੇ ਰਹੀ। ਭਾਰਤ ਦੀ ਸਟਾਰ ਖਿਡਾਰਨ ਮਾਨਿਕਾ ਬੱਤਰਾ ਨੇ ਮਹਿਲਾ ਡਬਲਜ਼ ਵਿੱਚ ਮਾਉਮਾ ਦਾਸ ਨਾਲ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਭਾਰਤ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ, ਸਾਇਨਾ ਨੇਹਵਾਲ, ਐਚ ਐਸ ਪ੍ਰਣਯ ਅਤੇ ਕਿਦੰਬੀ ਸ੍ਰੀਕਾਂਤ ਨੇ ਆਪਣੇ-ਆਪਣੇ ਸਿੰਗਲਜ਼ ਮੈਚ ਜਿੱਤ ਕੇ ਬੈਡਮਿੰਟਨ ਮੁਕਾਬਲਿਆਂ ਦੇ ਆਖ਼ਰੀ ਅੱਠ ਵਿੱਚ ਥਾਂ ਬਣਾ ਲਈ ਹੈ। ਭਾਰਤੀ ਸ਼ਟਲਰਾਂ ਨੇ ਅੱਜ ਆਪਣੇ ਸਾਰੇ ਵਰਗਾਂ ਦੇ ਕੁੱਲ ਨੌਂ ਮੈਚ ਜਿੱਤ ਲਏ। ਇਸ ਦੌਰਾਨ ਮਹਿਲਾ ਹਾਕੀ ਟੀਮ ਨੂੰ ਸੈਮੀ ਫਾਈਨਲ ਵਿੱਚ ਆਸਟਰੇਲੀਆ ਹੱਥੋਂ ਇੱਕ ਗੋਲ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਟੀਮ ਹੁਣ ਕਾਂਸੇ ਦੇ ਤਗ਼ਮੇ ਲਈ ਇੰਗਲੈਂਡ ਨਾਲ ਖੇਡੇਗੀ।

ਸੋਨ ਤਗ਼ਮੇ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਸੁਸ਼ੀਲ ਕੁਮਾਰ ਨੇ ਉਮੀਦਾਂ ’ਤੇ ਖਰਾ ਉਤਰਦਿਆਂ ਦੱਖਣੀ ਅਫਰੀਕਾ ਦੇ ਜੋਹਾਨੈੱਸ ਬੋਥਾ ਨੂੰ ਸਿਰਫ਼ 80 ਸੈਕਿੰਡ ਵਿੱਚ 4-0 ਨਾਲ ਹਰਾਇਆ। ਉਸ ਨੇ ਇਸ ਤੋਂ ਪਹਿਲਾਂ ਕੈਨੇਡਾ ਦੇ ਜੇਵੋਨ ਵਾਲਫੋਰ ਅਤੇ ਪਾਕਿਸਤਾਨ ਦੇ ਮੁਹੰਮਦ ਅਸਦ ਬਟ ਨੂੰ ਤਕਨੀਕ ਦੇ ਆਧਾਰ ’ਤੇ ਮਾਤ ਦਿੱਤੀ ਸੀ। ਇਸ ਮਗਰੋਂ ਆਸਟਰੇਲੀਆ 01 copyਦੇ ਕੋਨੋਰ ਇਵਾਂਸ ਨੂੰ ਹਰਾਇਆ। ਰਾਹੁਲ ਅਵਾਰੇ (57 ਕਿਲੋ) ਨੇ ਕੈਨੇਡਾ ਦੇ ਸਟੀਵਨ ਤਾਕਾਹਾਸ਼ੀ ਨੂੰ 15-7 ਨਾਲ ਸ਼ਿਕਸਤ ਦਿੱਤੀ। ਸੱਟ ਨਾਲ ਜੂਝ ਰਹੇ ਅਵਾਰੇ ਨੇ ਹਾਰ ਨਹੀਂ ਮੰਨੀ ਅਤੇ ਜ਼ਬਰਦਸਤ ਖੇਡ ਵਿਖਾਉਂਦਿਆਂ ਭਾਰਤ ਨੂੰ ਪਲੇਠਾ ਸੋਨ ਤਗ਼ਮਾ ਦਿਵਾਇਆ। ਉਨ੍ਹਾਂ ਤੋਂ ਪਹਿਲਾਂ ਇੰਗਲੈਂਡ ਦੇ ਜਾਰਜ ਰਾਮ, ਆਸਟਰੇਲੀਆ ਦੇ ਥਾਮਸ ਸਿਚਿਨੀ ਅਤੇ ਪਾਕਿਸਤਾਨ ਦੇ ਮੁਹੰਮਦ ਬਿਲਾਲ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ।

ਦੂਜੇ ਪਾਸੇ ਬਬੀਤਾ ਫੋਗਾਟ ਨੂੰ 53 ਕਿਲੋ ਮਹਿਲਾ ਕੁਸ਼ਤੀ ਦੇ ਖ਼ਿਤਾਬੀ ਮੁਕਾਬਲੇ ਵਿੱਚ ਕੈਨੇਡਾ ਦੀ ਡਾਇਨਾ ਵੇਕਰ ਨੂੰ ਹਰਾ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਬਬੀਤਾ ਨੇ 2010 ਦਿੱਲੀ ਖੇਡਾਂ ਵਿੱਚ ਚਾਂਦੀ ਅਤੇ ਗਲਾਸਗੋ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਹ ਅੱਜ 2-5 ਨਾਲ ਹਾਰ ਗਈ। ਬਬੀਤਾ ਨੇ ਫਾਈਨਲ ਦਾ ਰਾਹ ਬਣਾਉਣ ਲਈ ਨਾਈਜੀਰੀਆ ਦੀ ਸੈਮੂਅਲ ਬੋਸ, ਸ੍ਰੀਲੰਕਾ ਦੀ ਦੀਪਿਕਾ ਦਿਲਹਾਨੀ ਅਤੇ ਅਸਟਰੇਲੀਆ ਦੀ ਕੈਰਿਸਾ ਹਾਲੈਂਡ ਨੂੰ ਹਰਾਇਆ। ਭਾਰਤ ਨੇ ਕੁਸ਼ਤੀ ਦੇ ਪਹਿਲੇ ਦਿਨ ਸਾਰੇ ਚਾਰ ਵਜ਼ਨ ਵਰਗਾਂ ਵਿੱਚ ਤਗ਼ਮੇ ਹਾਸਲ ਕੀਤੇ ਹਨ। ਕੁਸ਼ਤੀ ਦੇ ਦੂਜੇ ਦਿਨ ਸ਼ੁਕਰਵਾਰ ਨੂੰ ਬਜਰੰਗ (65 ਕਿਲੋ), ਮੌਸਮੀ ਖੱਤਰੀ (97 ਕਿਲੋ), ਪੂਜਾ ਢਾਂਡਾ (58 ਕਿਲੋ) ਅਤੇ ਦਿਵਿਆ ਕਾਕਰਾਨ (69 ਕਿਲੋ) ਆਪਣੇ ਵੱਲੋਂ ਚੁਣੌਤੀ ਪੇਸ਼ ਕਰਨਗੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸੁਸ਼ੀਲ ਕੁਮਾਰ ਅਤੇ ਰਾਹੁਲ ਅਵਾਰੇ ਨੇ ਜਿੱਤੇ ਸੋਨ ਤਗ਼ਮੇ, ਬਬੀਤਾ ਨੇ ਚਾਂਦੀ