ਜਨਰਲ ਬਾਜਵਾ ਵੱਲੋਂ ਭਾਰਤ ਨਾਲ ਗੱਲਬਾਤ ਦੀ ਹਮਾਇਤ


ਇਸਲਾਮਾਬਾਦ, 15 ਅਪਰੈਲ (ਏਜੰਸੀ) : ਪਾਕਿਸਤਾਨੀ ਥਲ ਸੈਨਾ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ (57) ਨੇ ਕਿਹਾ ਹੈ ਕਿ ਭਾਰਤ-ਪਾਕਿਸਤਾਨ ਦਰਮਿਆਨ ਕਸ਼ਮੀਰ ਸਮੇਤ ਹੋਰ ਝਗੜਿਆਂ ਦਾ ਸ਼ਾਂਤੀਪੂਰਬਕ ਹੱਲ ਵਿਆਪਕ ਅਤੇ ਅਰਥ ਭਰਪੂਰ ਗੱਲਬਾਤ ਰਾਹੀਂ ਕੱਢਿਆ ਜਾ ਸਕਦਾ ਹੈ। ਬਾਜਵਾ ਨੇ ਇਹ ਗੱਲ ਕਾਕੁਲ ’ਚ ਕੱਲ੍ਹ ਪਾਕਿਸਤਾਨ ਮਿਲਟਰੀ ਅਕੈਡਮੀ ਦੇ ਰੰਗਰੂਟਾਂ ਦੀ ਪਾਸਿੰਗ ਆਊਟ ਪਰੇਡ ਦੌਰਾਨ ਦਿੱਤੇ ਗਏ ਭਾਸ਼ਨ ਦੌਰਾਨ ਆਖੀ। ਉਨ੍ਹਾਂ ਕਿਹਾ,‘‘ਪਾਕਿਸਤਾਨ ਅਜਿਹੀ ਵਾਰਤਾ ਲਈ ਵਚਨਬੱਧ ਹੈ ਪਰ ਇਹ ਖੁਦਮੁਖਤਿਆਰ ਬਰਾਬਰੀ, ਮਰਿਆਦਾ ਅਤੇ ਸਨਮਾਨ ਦੇ ਆਧਾਰ ’ਤੇ ਹੋਵੇ।’’

ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਵੱਲੋਂ ਜਾਰੀ ਬਿਆਨ ਮੁਤਾਬਕ ਬਾਜਵਾ ਨੇ ਕੈਡੇਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਸ਼ਾਂਤੀ ਪਸੰਦ ਮੁਲਕ ਹੈ ਅਤੇ ਉਹ ਆਪਣੇ ਗੁਆਂਢੀਆਂ ਸਮੇਤ ਸਾਰੇ ਮੁਲਕਾਂ ਨਾਲ ਸ਼ਾਂਤੀਪੂਰਬਕ ਸਹਿ-ਹੋਂਦ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਦੀ ਇਸ ਇੱਛਾ ਨੂੰ ਕਿਸੇ ਦੀ ਕਮਜ਼ੋਰੀ ਨਹੀਂ ਸਮਝਿਆ ਜਾਣਾ ਚਾਹੀਦਾ। ‘ਸਾਡੀਆਂ ਬਹਾਦਰ ਸੈਨਾਵਾਂ ਕਿਸੇ ਵੀ ਚੁਣੌਤੀ ਦਾ ਮੂੰਹ ਤੋੜ ਜਵਾਬ ਦੇਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ।’ ਥਲ ਸੈਨਾ ਮੁਖੀ ਨੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਸਵੈ ਨਿਰਣੇ ਦੇ ਮੂਲ ਹੱਕ ਲਈ ਸਿਆਸੀ ਅਤੇ ਨੈਤਿਕ ਹਮਾਇਤ ਦੇਣ ਦੀ ਗੱਲ ਦੁਹਰਾਈ।

ਉਨ੍ਹਾਂ ਕਿਹਾ,‘‘ਪਾਕਿਸਤਾਨ ਨੇ ਮੁਲਕ ’ਚੋਂ ਅਤਿਵਾਦ ਅਤੇ ਕੱਟੜਤਾ ਨੂੰ ਖ਼ਤਮ ਕਰਨ ਲਈ ਹੰਭਲੇ ਮਾਰੇ ਹਨ ਜਿਸ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਅਸੀਂ ਕਿਸੇ ਮਜਬੂਰੀ ਵੱਸ ਇਹ ਕਦਮ ਨਹੀਂ ਉਠਾ ਰਹੇ ਸਗੋਂ ਪਾਕਿਸਤਾਨ ਨੂੰ ਸੁਰੱਖਿਅਤ, ਖੁਸ਼ਹਾਲ ਅਤੇ ਤਰੱਕੀ ਪਸੰਦ ਮੁਲਕ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।’’ ਬਾਜਵਾ ਨੇ ਕਿਹਾ ਕਿ ਪਾਕਿਸਤਾਨ ਨੂੰ ਅੰਦਰੋਂ ਕਮਜ਼ੋਰ ਕਰਨ ਲਈ ਉਨ੍ਹਾਂ ’ਤੇ ‘ਹਾਈਬ੍ਰਿਡ ਜੰਗ’ ਥੋਪੀ ਗਈ ਹੈ ਕਿਉਂਕਿ ਦੁਸ਼ਮਣ ਜਾਣਦਾ ਹੈ ਕਿ ਉਹ ਆਹਮੋ-ਸਾਹਮਣੇ ਦੀ ਜੰਗ ’ਚ ਉਨ੍ਹਾਂ ਨੂੰ ਮਾਤ ਨਹੀਂ ਦੇ ਸਕਦਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜਨਰਲ ਬਾਜਵਾ ਵੱਲੋਂ ਭਾਰਤ ਨਾਲ ਗੱਲਬਾਤ ਦੀ ਹਮਾਇਤ