ਖਾਲਿਸਤਾਨੀ ਹਰਮਿੰਦਰ ਸਿੰਘ ਮਿੰਟੂ ਦੀ ਮੌਤ, ਕੌਣ ਸੀ ਮਿੰਟੂ ਤੇ ਕੀ ਸੀ ਉਸ ਦੇ ਜੁਰਮ


ਪਟਿਆਲਾ, 18 ਅਪਰੈਲ (ਏਜੰਸੀ) : ਨਾਭਾ ਜੇਲ ਬ੍ਰੇਕ ਕਾਂਡ ਦੇ ਸਹਿ-ਦੋਸ਼ੀ ਤੇ ਖਾਲਿਸਤਾਨੀ ਕਮਾਂਡੋ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦੀ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ। ਮਿੰਟੂ ਨੂੰ ਸੀਨੇ ਵਿੱਚ ਦਰਦ ਦੀ ਸ਼ਿਕਾਇਤ ‘ਤੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮਿੰਟੂ ਦੀ ਮ੍ਰਿਤਕ ਦੇਹ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾਈ ਗਈ ਹੈ। ਇਨ੍ਹੀਂ ਦਿਨੀਂ ਉਹ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਕੈਦ ਸੀ।

ਹਰਮਿੰਦਰ ਸਿੰਘ ਮਿੰਟੂ ਉਸ ਸਮੇਂ ਸੁਰਖੀਆਂ ਵਿੱਚ ਆਇਆ ਜਦ ਨਵੰਬਰ 2016 ਵਿੱਚ ਉਹ ਪੰਜਾਬ ਦੇ ਨਾਮੀਂ ਗੈਂਗਸਟਰ ਵਿੱਕੀ ਗੌਂਡਰ ਸਮੇਤ ਚਾਰ ਬਦਮਾਸ਼ਾਂ ਨਾਲ ਨਾਭਾ ਜੇਲ੍ਹ ਵਿੱਚੋਂ ਫਰਾਰ ਹੋਇਆ ਸੀ। ਫਰਾਰ ਹੋਏ ਕੈਦੀਆਂ ਵਿੱਚੋਂ ਮਿੰਟੂ ਨੂੰ ਪੁਲਿਸ ਨੇ ਸਭ ਤੋਂ ਪਹਿਲਾਂ ਕਾਬੂ ਕਰ ਲਿਆ ਸੀ ਜਦਕਿ ਬਾਕੀ ਦੇਰ ਬਾਅਦ ਪੁਲਿਸ ਹੱਥ ਲੱਗੇ ਸਨ, ਜਦਕਿ ਵਿੱਕੀ ਗੌਂਡਰ ਨੂੰ ਪੁਲਿਸ ਨੇ 26 ਜਨਵਰੀ, 2018 ਨੂੰ ਰਾਜਸਥਾਨ ਤੇ ਪੰਜਾਬ ਦੀ ਹੱਦ ‘ਤੇ ਮੁਕਾਬਲੇ ਵਿੱਚ ਮਾਰ ਮੁਕਾਇਆ ਸੀ।

ਕੌਣ ਹੈ ਹਰਮਿੰਦਰ ਸਿੰਘ ਮਿੰਟੂ : ਨਵੰਬਰ 2014 ਵਿੱਚ, 47 ਸਾਲਾ ਹਰਮਿੰਦਰ ਸਿੰਘ ਮਿੰਟੂ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਪੰਜਾਬ ਪੁਲਿਸ ਨੇ ਉਦੋਂ ਗ੍ਰਿਫਤਾਰ ਕੀਤਾ ਸੀ, ਜਦ ਉਹ ਥਾਈਲੈਂਡ ਤੋਂ ਵਾਪਸ ਆ ਰਿਹਾ ਸੀ। ਗ੍ਰਿਫ਼ਤਾਰੀ ਦੇ ਸਮੇਂ ਮਿੰਟੂ ‘ਤੇ 10 ਵੱਖ-ਵੱਖ ਦਹਿਸ਼ਤੀ ਮਾਮਲਿਆਂ ਵਿੱਚ ਸ਼ਮੂਲੀਅਤ ਹੋਣ ਦਾ ਇਲਜ਼ਾਮ ਸੀ। ਇਨ੍ਹਾਂ ਵਿੱਚ ਇੱਕ ਮਾਮਲਾ ਡੇਰਾ ਸਿਰਸਾ ਦੇ ‘ਬਲਾਤਕਾਰੀ’ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਤੇ ਤਿੰਨ ਸ਼ਿਵ ਸੈਨਾ ਆਗੂਆਂ ‘ਤੇ ਹੋਣ ਹਮਲੇ ਨਾਲ ਸਬੰਧਤ ਹੈ। ਹਰਮਿੰਦਰ ਸਿੰਘ ਮਿੰਟੂ ‘ਤੇ ਪਾਬੰਦੀਸ਼ੁਦਾ ਸੰਸਥਾ ਖਾਲਿਸਤਾਨ ਲਿਬਰੇਸ਼ਨ ਫੋਰਸ ਲਈ ਫੰਡ ਇਕੱਠੇ ਕਰਨ ਦਾ ਇਲਜ਼ਾਮ ਹੈ। ਜਾਂਚ ਏਜੰਸੀਆਂ ਮੁਤਾਬਕ ਮਿੰਟੂ ਕਈ ਤਰ੍ਹਾਂ ਦੇ ਆਨਲਾਈਨ ਹਥਕੰਡੇ ਵਰਤ ਕੇ ਖਾਲਿਸਤਾਨ ਪੱਖੀ ਹਰ ਤਰ੍ਹਾਂ ਦੇ ਸਮਰਥਨ ਇਕੱਠਾ ਕਰਦਾ ਸੀ ਤੇ ਨੌਜਵਾਨਾਂ ਨੂੰ ਇਸ ਦੀ ਪ੍ਰਾਪਤੀ ਲਈ ਉਕਸਾਉਂਦਾ ਸੀ। ਮਿੰਟੂ ‘ਤੇ ਜਾਅਲੀ ਮਲੇਸ਼ੀਅਨ ਪਾਸਪੋਰਟ ਤੇ ਪਛਾਣ ਪੱਤਰ ‘ਤੇ ਯੂਰਪ ਤੇ ਦੱਖਣ ਪੂਰਬੀ ਏਸ਼ੀਆ ਵਿੱਚ ਆਪਣਾ ਸੰਪਰਕ ਸਥਾਪਤ ਕਰਨ ਲਈ ਕਾਫੀ ਦੌਰੇ ਕਰਨ ਦਾ ਇਲਜ਼ਾਮ ਹੈ। ਮਿੰਟੂ ਨੇ ਫੰਡ ਤੇ ਮਦਦ ਜੁਟਾਉਣ ਲਈ ਕਈ ਦੌਰੇ ਪਾਕਿਸਤਾਨ ਦੇ ਵੀ ਕੀਤੇ ਹਨ।

ਖਾਲਿਸਤਾਨ ਲਿਬਰੇਸ਼ਨ ਫੋਰਸ : 1986 ਵਿੱਚ ਅਰੂੜ ਸਿੰਘ ਤੇ ਸੁਖਵਿੰਦਰ ਸਿੰਘ ਬੱਬਰ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਗਠਨ ਕੀਤਾ ਸੀ। 1995 ਵਿੱਚ ਸਰਕਾਰ ਨੇ ਕੇਐਲਐਫ ਨੂੰ ਖਾਲਿਸਤਾਨ ਲਹਿਰ ਦੀਆਂ ਮੁੱਖ ਜਥੇਬੰਦੀਆਂ ਵਿੱਚ ਸ਼ਾਮਲ ਕਰ ਦਿੱਤਾ। ਇਸ ਜਥੇਬੰਦੀ ‘ਤੇ ਵਿਸ਼ੇਸ਼ ਤੌਰ ‘ਤੇ ਪੰਜਾਬ ਵਿੱਚ ਕਈ ਦਹਿਸ਼ਤੀ ਕਾਰਵਾਈਆਂ ਤੇ ਕਤਲ ਕਰਨ ਦੇ ਇਲਜ਼ਾਮ ਹਨ।

ਸਜ਼ਾਵਾਂ ਤੇ ਰਾਹਤ : 2016 ਵਿੱਚ ਜਦ ਮਿੰਟੂ ਨੂੰ ਦਿੱਲੀ ਪੁਲਿਸ ਨੇ ਮੁੜ ਤੋਂ ਗ੍ਰਿਫ਼ਤਾਰ ਕੀਤਾ ਸੀ ਤਾਂ ਪੁਲਿਸ ਮੁਤਾਬਕ ਉਸ ਨੇ ਮੁਲਾਜ਼ਮਾਂ ‘ਤੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੋਸ਼ ਵਿੱਚ ਦਿੱਲੀ ਦੀ ਅਦਾਲਤ ਨੇ 12 ਅਪ੍ਰੈਲ, 2018 ਨੂੰ ਤਿੰਨ ਮਹੀਨੇ ਦੀ ਸਜ਼ਾ ਦਾ ਹੁਕਮ ਸੁਣਾਇਆ ਸੀ। ਇਸ ਤੋਂ ਪਹਿਲਾਂ 31 ਮਾਰਚ 2018 ਨੂੰ ਲੁਧਿਆਣਾ ਤੋਂ ਧਮਾਕਾਖੇਜ ਸਮੱਗਰੀ (ਆਰਡੀਐਕਸ) ਦੀ ਬਰਾਮਦਗੀ ਵਾਲੇ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਸੀ। ਇਹ ਮਾਮਲਾ 2008 ਵਿੱਚ ਜਗਰਾਉਂ ਪੁਲਿਸ ਨੇ ਦਰਜ ਕੀਤਾ ਸੀ, ਜਿਸ ਵਿੱਚ ਪੰਜ ਮੁਲਜ਼ਮ ਸਨ, ਜਿਨ੍ਹਾਂ ਵਿੱਚ ਦੋ ਦੋਸ਼ੀ ਪਾਏ ਗਏ ਤੇ ਤਿੰਨ ਬਰੀ ਕਰ ਦਿੱਤੇ ਗਏ। ਪੰਜਾਬ ਵਿੱਚ ਪਿੱਛੇ ਜਿਹੇ ਹੋਏ ਹਿੰਦੂ ਲੀਡਰਾਂ ‘ਤੇ ਕਾਤਲਾਨਾ ਹਮਲਿਆਂ ਸਬੰਧੀ ਵੀ ਕੌਮੀ ਜਾਂਚ ਏਜੰਸੀ ਮਿੰਟੂ ਤੋਂ ਪੁੱਛਗਿੱਛ ਕਰ ਚੁੱਕੀ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਖਾਲਿਸਤਾਨੀ ਹਰਮਿੰਦਰ ਸਿੰਘ ਮਿੰਟੂ ਦੀ ਮੌਤ, ਕੌਣ ਸੀ ਮਿੰਟੂ ਤੇ ਕੀ ਸੀ ਉਸ ਦੇ ਜੁਰਮ