ਕੈਪਟਨ ਅਮਰਿੰਦਰ ਨੂੰ ਮਿਲੇ ਨੌਂ ਨਵੇਂ ਜਰਨੈਲ

ਨਵੀਂ ਦਿੱਲੀ, 20 ਅਪਰੈਲ (ਏਜੰਸੀ) : ਪੰਜਾਬ ਸਰਕਾਰ ਦੀ ਕੈਬਨਿਟ ਵਿੱਚ ਵਾਧੇ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਮਨਜ਼ੂਰੀ ਮਿਲ ਗਈ ਹੈ। ਕੱਲ੍ਹ ਨੂੰ ਪੰਜਾਬ ਨੂੰ ਨੌਂ ਨਵੇਂ ਕੈਬਨਿਟ ਮੰਤਰੀ ਮਿਲ ਜਾਣਗੇ। ਭਲਕੇ ਪੰਜਾਬ ਦੇ ਗਵਰਨਰ ਵੀਪੀ ਸਿੰਘ ਬਦਨੌਰ ਨਵੇਂ ਮੰਤਰੀਆਂ ਨੂੰ ਸ਼ਾਮ ਨੂੰ ਛੇ ਵਜੇ ਸਹੁੰ ਚੁਕਵਾਉਣਗੇ। ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠਕਰਾਲ ਨੇ ਇਸ ਦੀ ਜਾਣਕਾਰੀ ਟਵੀਟ ਰਾਹੀਂ ਦਿੱਤੀ। ਕੈਪਟਨ ਦੇ ਮੀਡੀਆ ਸਲਾਹਕਾਰ ਦੇ ਟਵੀਟਸ ਤੋਂ ਪਤਾ ਲੱਗਦਾ ਹੈ ਕਿ ਕਈ ਮੌਜੂਦਾ ਮੰਤਰੀਆਂ ਨੂੰ ਕੁਰਸੀ ਤੋਂ ਲਾਹਿਆ ਵੀ ਜਾ ਸਕਦਾ ਹੈ।

ਇੱਕ ਹੋਰ ਟਵੀਟ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਮੰਤਰੀਆਂ ਦੇ ਨਾਂ ਵੀ ਨਸ਼ਰ ਕੀਤੇ ਹਨ। ਹਾਲਾਂਕਿ ਉਨ੍ਹਾਂ ਦੇ ਵਿਭਾਗ ਨਹੀਂ ਦੱਸੇ ਹਨ। ਨਵੇਂ ਬਣੇ ਮੰਤਰੀਆਂ ਵਿੱਚ ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ, ਸੁੰਦਰ ਸ਼ਿਆਮ ਅਰੋੜਾ, ਓ.ਪੀ. ਸੋਨੀ, ਰਾਣਾ ਗੁਰਮੀਤ ਸਿੰਘ ਸੋਢੀ, ਗੁਰਪ੍ਰੀਤ ਕਾਂਗੜ ਤੇ ਬਲਬੀਰ ਸਿੱਧੂ ਸ਼ਾਮਲ ਹਨ। ਸਲਾਹਕਾਰ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ ਹੈ ਕਿ ਰਾਜ ਮੰਤਰੀ ਰਜ਼ੀਆ ਸੁਲਤਾਨਾ ਤੇ ਅਰੁਣਾ ਚੌਧਰੀ ਨੂੰ ਵੀ ਪਦਉੱਨਤੀ ਮਿਲੀ ਹੈ। ਉਨ੍ਹਾਂ ਦੋਵਾਂ ਨੂੰ ਵੀ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਜਾ ਰਿਹਾ ਹੈ।

ਇਨ੍ਹਾਂ ਮੰਤਰੀਆਂ ਸਮੇਤ ਪੰਜਾਬ ਵਜ਼ਾਰਤ ਵਿੱਚ ਕੁੱਲ 18 ਮੰਤਰੀ ਹੋ ਜਾਣਗੇ। ਫਿਲਹਾਲ ਕੈਪਟਨ ਸਮੇਤ ਪੰਜਾਬ ਵਿੱਚ ਨੌਂ ਮੰਤਰੀ ਹਨ। ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਹਨ ਤੇ ਕਾਂਗਰਸ ਨੇ 77 ਹਲਕਿਆਂ ਵਿੱਚ ਜਿੱਤ ਦਰਜ ਕੀਤੀ ਹੈ। ਸੋ, ਨਿਯਮਾਂ ਮੁਤਾਬਕ ਪੰਜਾਬ ਦੇ 17 ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਇਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 42 ਵਿਭਾਗ ਸੰਭਾਲ ਰਹੇ ਹਨ। ਨਵੇਂ ਮੰਤਰੀਆਂ ਦੇ ਆਉਣ ਤੋਂ ਬਾਅਦ ਉਨ੍ਹਾਂ ਦਾ ਭਾਰ ਵੀ ਵੰਡਾਇਆ ਜਾਵੇਗਾ।

ਸ਼ੁੱਕਰਵਾਰ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਕੈਬਨਿਟ ਵਿੱਚ ਵਾਧੇ ਦੀ ਗੱਲ ਆਖੀ ਹੈ। ਹਾਲਾਂਕਿ, ਬੀਤੇ ਕੱਲ੍ਹ ਰਾਹੁਲ ਗਾਂਧੀ ਤੇ ਕੈਪਟਨ ਦੀ ਚਾਰ ਘੰਟੇ ਚੱਲੀ ਬੈਠਕ ਵਿੱਚ ਕੁਝ ਨਾਵਾਂ ‘ਤੇ ਸਹਿਮਤੀ ਨਹੀਂ ਬਣੀ ਸੀ। ਸੂਤਰ ਦੱਸਦੇ ਹਨ ਕਿ ਅੱਜ ਵੀ ਕੈਪਟਨ ਦੀ ਪਸੰਦ ਨੂੰ ਰਾਹੁਲ ਗਾਂਧੀ ਨੇ ਕੈਬਨਿਟ ਮੰਤਰੀ ਬਣਾਉਣ ਲਈ ਹਾਮੀ ਨਹੀਂ ਭਰੀ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੂੰ ਰਾਜ ਕੁਮਾਰ ਵੇਰਕਾ ਤੇ ਰਾਜਾ ਵੜਿੰਗ ‘ਤੇ ਆਪਣੀ ਸਹਿਮਤੀ ਨਹੀਂ ਜਤਾਈ ਸੀ।

Leave a Reply

Your email address will not be published.