ਸਮਿੱਥ ਅਤੇ ਵਾਰਨਰ ਦੀ ਛੁੱਟੀ


ਮੈਲਬਰਨ, 25 ਮਾਰਚ (ਏਜੰਸੀ) : ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਕ੍ਰਿਕਟ ਟੈਸਟ ਦੌਰਾਨ ‘ਗੇਂਦ ਨਾਲ ਛੇਡ਼ਛਾਡ਼’ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਅਸਟਰੇਲਿਆਈ ਟੀਮ ਦੇ ਕਪਤਾਨ ਸਟੀਵਨ ਸਮਿੱਥ ਨੂੰ ਕਪਤਾਨੀ ਅਤੇ ਡੇਵਿਡ ਵਾਰਨਰ ਨੂੰ ਉਪ ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ। ਵਿਕਟਕੀਪਰ ਟਿਮ ਪੇਅਨੇ ਨੂੰ ਟੈਸਟ ਦੇ ਬਾਕੀ ਬਚੇ ਦੋ ਦਿਨ ਲਈ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਸਾਲ 2015 ਤੋਂ ਅਾਸਟਰੇਲਿਆਈ ਟੀਮ ਦੀ ਕਪਤਾਨੀ ਕਰ ਰਹੇ ਅਤੇ ਇਸ ਸਮੇਂ ਦੁਨੀਆਂ ਦੇ ਨੰਬਰ ਇੱਕ ਟੈਸਟ ਬੱਲੇਬਾਜ਼ ਸਮਿਥ ਨੇ ਕੇਪਟਾੳੂਨ ਵਿੱਚ ਸ਼ਨਿਚਰਵਾਰ ਨੂੰ ਪੱਤਰਕਾਰਾਂ ਸਾਹਮਣੇ ਖ਼ੁਦ ਹੀ ਸੀਨੀਅਰ ਖਿਡਾਰੀਆਂ ਨਾਲ ਮਿਲ ਕੇ ਗੇਂਦ ਨਾਲ ਛੇਡ਼ਛਾਡ਼ ਕਰਨ ਦੀ ਗੱਲ ਕਬੂਲ ਕੀਤੀ ਸੀ।

ਮਾਈਕਲ ਕਲਾਰਕ ਦੇ ਸੰਨਿਆਸ ਮਗਰੋਂ ਸਮਿਥ ਨੂੰ ਕਪਤਾਨੀ ਮਿਲੀ ਸੀ। ਕੇਪਟਾੳੂਨ ਵਿੱਚ ਤੀਜੇ ਟੈਸਟ ਦੇ ਤੀਜੇ ਦਿਨ ਇਹ ਮਾਮਲਾ ਸਾਹਮਣੇ ਆਉਣ ਮਗਰੋਂ ਸਮਿਥ ਨੂੰ ਕਪਤਾਨੀ ਤੋਂ ਹਟਾਉਣ ਦੀ ਮੰਗ ਉੱਠੀ ਸੀ। ਕ੍ਰਿਕਟ ਆਸਟਰੇਲੀਆ (ਸੀਏ) ਮੁਖੀ ਜੇਮਜ਼ ਸਦਰਲੈਂਡ ਨੇ ਬਿਆਨ ਵਿੱਚ ਕਿਹਾ, ‘‘ਸਟੀਵ ਸਮਿਥ ਅਤੇ ਡੇਵਿਡ ਵਾਰਨਰ ਗੱਲਬਾਤ ਮਗਰੋਂ, ਬਾਕੀ ਟੈਸਟ ਵਿੱਚੋਂ ਕ੍ਰਮਵਾਰ ਕਪਤਾਨੀ ਅਤੇ ਉਪ ਕਪਤਾਨੀ ਛੱਡਣ ਲਈ ਤਿਆਰ ਹੋ ਗਏ ਹਨ।’’ ਸਦਰਲੈਂਡ ਨੇ ਕਿਹਾ ਕਿ ਟਿਮ ਪੇਅਨੇ ਬਚੇ ਹੋਏ ਟੈਸਟ ਵਿੱਚ ਕਾਰਜਕਾਰੀ ਕਪਤਾਨ ਹੋਵੇਗਾ।

ਟੀਵੀ ਫੁਟੇਜ਼ ਵਿੱਚ ਵਿਖਾਇਆ ਗਿਆ ਸੀ ਕਿ ਸਮਿਥ ਦੇ ਸਾਥੀ 25 ਸਾਲਾ ਕੈਮਰਨ ਬੈਨਕਰਾਫਟ ਨੇ ਲੰਚ ਮਗਰੋਂ ਸੈਸ਼ਨ ਵਿੱਚ ਫੀਲਡਿੰਗ ਕਰਦਿਆਂ ਆਪਣੀ ਜੇਬ ਵਿੱਚੋਂ ਇੱਕ ਪੀਲੀ ਵਸਤੂ ਕੱਢੀ ਅਤੇ ਇਸ ਨੂੰ ਗੇਂਦ ’ਤੇ ਰਗਡ਼ ਦਿੱਤਾ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਸਮਿਥ ਨੇ ਗ਼ਲਤੀ ਕਬੂਲ ਕੀਤੀ ਸੀ। ਸਮਿਥ ਨੇ ਕਿਹਾ, ‘‘ਮੈਂ ਗ਼ਲਤ ਸਮੇਂ ਗ਼ਲਤ ਥਾਂ ’ਤੇ ਸੀ। ਮੈਂ ਆਪਣੇ ਵੱਲੋਂ ਕੀਤੀ ਗ਼ਲਤੀ ਦੀ ਜ਼ਿੰਮੇਵਾਰੀ ਲੈਂਦਾ ਹਾਂ।’’ ਸਮਿਥ ਨੇ ਕਿਹਾ ਕਿ ਕੋਚ ਡੈਰੇਨ ਲਿਮੈਨ ਨੂੰ ਇਸ ਬਾਰੇ ਨਹੀਂ ਪਤਾ ਸੀ, ਹਾਲਾਂਕਿ ਤਸਵੀਰ ਵਿੱਚ ਇਹ ਵੀ ਵਿਖਾਈ ਦਿੱਤਾ ਕਿ ਕੋਚ ਨੇ ਇਸ ਘਟਨਾ ਤੋਂ ਪਹਿਲਾਂ ਫੁਟੇਜ਼ ਮਗਰੋਂ 12ਵੇਂ ਖਿਡਾਰੀ ਪੀਟਰ ਹੈਂਡਜ਼ਕੋਂਬ ਨੂੰ ਸੁਨੇਹਾ ਦੇਣ ਲਈ ਭੇਜਿਆ ਸੀ।

ਵੱਡੇ ਪਰਦੇ ’ਤੇ ਵਿਖਾਏ ਜਾਣ ਮਗਰੋਂ ਦਰਸ਼ਕਾਂ ਨੇ ਇਸ ਦੀ ਨਿਖੇਧੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਮਗਰੋਂ ਬੈਨਕਰਾਫ਼ਟ ਇਸ ਨੂੰ ਆਪਣੀ ਪੈਂਟ ਵਿੱਚ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਮਗਰੋਂ ਪਤਾ ਚੱਲਿਆ ਕਿ ਇਹ ਪੀਲੀ ਚਿਪਚਿਪੀ ਟੇਪ ਸੀ, ਜੋ ਪਿੱਚ ਤੋਂ ਗੰਦਗੀ ਹਟਾਉਣ ਲਈ ਵਰਤੀ ਜਾਂਦੀ ਹੈ। ਆਸਟਰੇਲਿਆਈ ਟੀਮ ਦੀ ਇਸ ਮਾਮਲੇ ਨੂੰ ਲੈ ਕੇ ਚਾਰੇ ਪਾਸਿਓਂ ਨਿਖੇਧੀ ਹੋਣ ਲੱਗੀ ਹੈ। ਆਸਟਰੇਲਿਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਕਿਹਾ, ‘‘ਅਸੀਂ ਅੱਜ ਦੱਖਣੀ ਅਫਰੀਕਾ ਵੱਲੋਂ ਇਹ ਨਿਰਾਸ਼ਾਜਨਕ ਅਤੇ ਸ਼ਰਮਸਾਰ ਕਰਨ ਵਾਲੀ ਖ਼ਬਰ ਸੁਣੀ। ਉੱਚੇ ਮਿਆਰ ਰੱਖਣ ਵਾਲੀ ਆਸਟਰੇਲੀਆ ਕ੍ਰਿਕਟ ਟੀਮ ੲਿਸ ਤਰ੍ਹਾਂ ਦੀ ਧੋਖਾਧਡ਼ੀ ਵਿੱਚ ਸ਼ਾਮਲ ਹੋ ਸਕਦੀ ਹੈ, ਮੈਨੂੰ ਯਕੀਨ ਨਹੀਂ ਆ ਰਿਹਾ।’’

ਮਾਈਕਲ ਕਲਾਰਕ ਨੇ ਕਿਹਾ, ‘‘ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਟੀਮ ਦੇ ਸੀਨੀਅਰ ਖਿਡਾਰੀਆਂ ਨੇ ਇਹ ਫ਼ੈਸਲਾ ਕੀਤਾ। ਇਸ ਨੇ ਸਾਨੂੰ ਸਾਰਿਆਂ ਨੂੰ ਸ਼ਰਮਿੰਦਾ ਕੀਤਾ ਹੈ ਅਤੇ ਸਾਨੂੰ ਇਹ ਮਨਜ਼ੂਰ ਨਹੀਂ।’’ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਕਿਹਾ ਇਹ ਕਾਫੀ ਹੈਰਾਨੀ ਦੀ ਗੱਲ ਹੈ ਕਿ ਇੱਕ ਨੌਜਵਾਨ ਖਿਡਾਰੀ (ਬੈਨਕਰਾਫਟ) ਨੂੰ ਇਹ ਕੰਮ ਸੌਂਪਿਆ ਗਿਆ ਤਾਂ ਕਿ ਬਾਕੀ ਸੀਨੀਅਰ ਖਿਡਾਰੀ ਇਸ ਦੋਸ਼ ਤੋਂ ਬਚੇ ਰਹਿਣ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਮਿੱਥ ਅਤੇ ਵਾਰਨਰ ਦੀ ਛੁੱਟੀ