ਕੈਪਟਨ ਨੇ ਅੱਖੀਂ ਦੇਖੀ ਸਤਲੁਜ ’ਚ ਹੁੰਦੀ ਮਾਈਨਿੰਗ


ਜਲੰਧਰ, 6 ਮਾਰਚ (ਏਜੰਸੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈਲੀਕਾਪਟਰ ਰਾਹੀਂ ਜਦੋਂ ਜੰਗ-ਏ-ਆਜ਼ਾਦੀ ਯਾਦਗਾਰ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣ ਆ ਰਹੇ ਸਨ ਤਾਂ ਸਤਲੁਜ ਦਰਿਆ ਕੰਢੇ ਹੋ ਰਹੀ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਉਨ੍ਹਾਂ ਪਹਿਲੀ ਵਾਰ ਅੱਖੀਂ ਦੇਖਿਆ। ਜਾਣਕਾਰੀ ਅਨੁਸਾਰ ਸਤਲੁਜ ਦਰਿਆ ਤੋਂ ਲੰਘਦਿਆਂ ਉਨ੍ਹਾਂ ਹੋ ਰਹੀ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਹੋਰ ਨੇੜਿਓਂ ਦੇਖਣ ਲਈ ਹੈਲੀਕਾਪਟਰ ਨੂੰ ਹੇਠਾਂ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ। ਸਤਲੁਜ ਦਰਿਆ ਦੇ ਕੰਢਿਆਂ ਦੁਆਲੇ ਲੱਗੀਆਂ ਕਰੇਨਾਂ, ਟਿੱਪਰ, ਜੇਸੀਬੀ ਮਸ਼ੀਨਾਂ ਤੇ ਟਰੈਕਟਰ ਟਰਾਲੀਆਂ ਦੇਖਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਐੱਸਐੱਸਪੀਜ਼ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਇਸ ਵਿਰੁੱਧ ਤੁਰੰਤ ਕਾਰਵਾਈ ਕਰਨ।

ਮੁੱਖ ਮੰਤਰੀ ਵੱਲੋਂ ਮਾਈਨਿੰਗ ਵਿਰੁੱਧ ਮਿਲੇ ਆਦੇਸ਼ਾਂ ਕਾਰਨ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਨਵਾਂਸ਼ਹਿਰ ਇਲਾਕੇ ਵਿੱਚੋਂ ਮੌਕੇ ’ਤੇ ਹੀ 30 ਟਿੱਪਰ, 21 ਕਰੇਨਾਂ, 5 ਜੇਸੀਬੀ ਮਸ਼ੀਨਾਂ, ਇਕ ਟਰੈਕਟਰ ਟਰਾਲੀ ਜ਼ਬਤ ਕਰ ਲਏ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਆਉਂਦਿਆਂ ਹੋਇਆਂ ਜੋ ਮਾਈਨਿੰਗ ਦਾ ਨਜ਼ਾਰਾ ਅਸਮਾਨ ’ਚੋਂ ਤੱਕਿਆ ਉਸ ਦੀਆਂ ਤਸਵੀਰਾਂ ਉਨ੍ਹਾਂ ਟਵੀਟਰ ’ਤੇ ਸਾਂਝੀਆਂ ਕੀਤੀਆਂ, ਜਿਸ ਨਾਲ ਅਧਿਕਾਰੀਆਂ ਤੇ ਮਾਈਨਿੰਗ ਅਫਸਰਾਂ ਨੂੰ ਭਾਜੜਾਂ ਪੈ ਗਈਆਂ।

ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਮਾਈਨਿੰਗ ਕਰਨ ਵਾਲੇ ਕੌਣ ਬੰਦੇ ਸਨ ਤੇ ਕਿਸੇ ਨੂੰ ਵੀ ਬਖਸ਼ਿਆ ਨਾ ਜਾਵੇ। ਮਾਈਨਿੰਗ ਵਿੱਚ ਆ ਰਹੀਆਂ ਖਾਮੀਆਂ ਨੂੰ ਵੀ ਦੂਰ ਕਰਨ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨੂੰ ਤੁਰੰਤ ਠੀਕ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਲੰਘੀ 28 ਫਰਵਰੀ ਨੂੰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਈਨਿੰਗ ’ਤੇ ਕੰਟਰੋਲ ਕਰਨ ਲਈ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਐੱਸਐੱਸਪੀਜ਼ ਦੀ ਮੀਟਿੰਗ ਸੱਦ ਕੇ ਹਦਾਇਤਾਂ ਕੀਤੀਆਂ ਸਨ ਕਿ ਉਹ ਇਸ ਨੂੰ ਕੰਟਰੋਲ ਕਰਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਤੇ ਨਵਾਂਸ਼ਹਿਰ ਦੇ ਐੱਸਐੱਸਪੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਵੱਲੋਂ ਮਾਛੀਵਾੜਾ ਨੇੜੇ ਵਗਦੇ ਸਤਲੁਜ ਦਰਿਆ ਵਿੱਚ ਵੱਖ ਵੱਖ ਸਰਕਾਰੀ ਰੇਤ ਖੱਡਾਂ ’ਚ ਛਾਪੇ ਮਾਰੇ ਗਏ। ਜ਼ਿਲ੍ਹਾ ਨਵਾਂਸ਼ਹਿਰ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਸਤਲੁਜ ਦਰਿਆ ’ਚ ਚੱਲਦੀਆਂ ਸਰਕਾਰੀ ਰੇਤ ਖੱਡਾਂ ਮਲਕਪੁਰ, ਲੁਬਾਣਗੜ੍ਹ, ਬੈਰਸਾਲ, ਸਿਕੰਦਰਪੁਰ ’ਚ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਰੇਤ ਦੀ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ ਜਿਸ ’ਤੇ ਪੁਲੀਸ ਨੇ ਛਾਪਾ ਮਾਰ ਕੇ ਇਨ੍ਹਾਂ ਖੱਡਾਂ ’ਚੋਂ ਕਰੀਬ ਦੋ ਦਰਜਨ ਟਿੱਪਰ, 10 ਪੋਕਲੈਂਡ ਅਤੇ 3 ਜੇਸੀਬੀ ਮਸ਼ੀਨਾਂ ਜ਼ਬਤ ਕਰ ਲਈਆਂ ਹਨ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਪਟਨ ਨੇ ਅੱਖੀਂ ਦੇਖੀ ਸਤਲੁਜ ’ਚ ਹੁੰਦੀ ਮਾਈਨਿੰਗ