ਕੈਨੇਡਾ ਦੁਨੀਆ ਦਾ 7ਵਾਂ ਖੁਸ਼ਹਾਲ ਦੇਸ਼, ਫਿਨਲੈਂਡ ਪਹਿਲੇ ਨੰਬਰ ‘ਤੇ


ਰੋਮ, 15 ਮਾਰਚ (ਏਜੰਸੀ) : ਸੰਯੁਕਤ ਰਾਸ਼ਟਰ ਵਲੋਂ ਪੇਸ਼ ਕੀਤੀ ਗਈ ਵਰਲਡ ਹੈਪੀਨੈਸ ਰਿਪੋਰਟ ‘ਤੇ ਯਕੀਨ ਕਰੀਏ ਤਾਂ ਖੁਸ਼ਹਾਲੀ ਵਿਚ ਭਾਰਤ ਗੁਆਂਢੀ ਦੇਸ਼ ਪਾਕਿਸਤਾਨ ਅਤੇ ਚੀਨ ਤੋਂ ਵੀ ਕਾਫੀ ਪਿੱਛੇ ਹੈ। ਸੰਯੁਕਤ ਰਾਸ਼ਟਰ ਦੀ ਇਹ ਰਿਪੋਰਟ ਦੇਸ਼ ਦੇ ਸ਼ਾਸਨ ਅਤੇ ਪ੍ਰਸ਼ਾਸਨ ‘ਤੇ ਇੱਕ ਵੱਡਾ ਸਵਾਲ ਖੜ੍ਹਾ ਕਰਦਾ ਹੈ। ਹਾਲਾਂਕਿ, ਸੰਯੁਕਤ ਰਾਸ਼ਟਰ ਦੀ ਇਸ ਰਿਪੋਰਟ ਵਿਚ ਨਾਰਵੇ ਨੂੰ ਪਛਾੜ ਕੇ ਫਿਨਲੈਂਡ ਖੁਸ਼ਹਾਲੀ ਦੇ ਮਾਮਲੇ ਵਿਚ ਪਹਿਲਾ ਨੰਬਰ ਹਾਸਲ ਕਰਨ ਵਿਚ ਕਾਮਯਾਬ ਰਿਹਾ।

ਸੰਯੁਕਤ ਰਾਸ਼ਟਰ ਨੇ ਸਾਲ 2018 ਦੇ ਲਈ ਵਰਲਡ ਹੈਪੀਨੈਸ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਵਿਚ ਸ਼ਾਮਲ 156 ਦੇਸ਼ਾਂ ਵਿਚ ਯੂਰਪੀ ਦੇਸ਼ ਫਿਨਲੈਂਡ, ਨਾਰਵੇ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਬਣ ਗਿਆ ਹੈ। ਇਸੇ ਤਰ੍ਹਾਂ ਕੈਨੇਡਾ ਇਸ ਸੂਚੀ ‘ਚ 7ਵੇਂ ਤੇ ਅਮਰੀਕਾ 18ਵੇਂ ਨੰਬਰ ‘ਤੇ ਹੈ। ਲੇਕਿਨ ਇਸ ਮਾਮਲੇ ਵਿਚ ਭਾਰਤ ਦੀ ਹਾਲਤ ਹੋਰ ਵਿਗੜੀ ਹੈ। ਪਿਛਲੇ ਸਾਲ ਉਹ 122ਵਾਂ ਸਭ ਤੋਂ ਖੁਸ਼ਹਾਲ ਦੇਸ਼ ਸੀ। ਇਸ ਵਾਰ 11 ਸਥਾਨ ਥੱਲੇ ਖਿਸਕ ਕੇ 133ਵੇਂ ਨੰਬਰ ‘ਤੇ ਆ ਗਿਆ।

ਸੰਯੁਕਤ ਰਾਸ਼ਟਰ ਵਲੋਂ ਪੇਸ਼ ਕੀਤੀ ਗਈ ਰਿਪੋਰਟ ਵਿਚ ਫਿਨਲੈਂਡ, ਨਾਰਵੇ, ਡੈਨਮਾਰਕ, ਆਈਸਲੈਂਡ, ਸਵਿਟਜ਼ਰਲੈਂਡ, ਨੀਦਰਲੈਂਡਸ, ਕੈਨੇਡਾ, ਨਿਊਜ਼ੀਲੈਂਡ, ਸਵੀਡਨ ਅਤੇ ਆਸਟ੍ਰੇਲੀਆ ਨੂੰ ਸਭ ਤੋਂ ਜ਼ਿਆਦਾ ਖੁਸ਼ਹਾਲ ਦੇਸ਼ਾਂ ਦੀ ਸੂਚੀ ਵਿਚ ਟੌਪ ਟੈਨ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਪਿਛਲੇ ਸਾਲ ਫਿਨਲੈਂਡ ਪੰਜਵੇਂ ਸਥਾਨ ‘ਤੇ ਸੀ। ਫਿਨਲੈਂਡ ਇਸ ਲਈ ਪਹਿਲੇ ਸਥਾਨ ‘ਤੇ ਹੈ ਕਿਉਂਕਿ ਕੁਦਰਤ, ਸੁਰੱਖਿਆ, ਬੱਚਿਆਂ ਦੀ ਦੇਖਭਾਲ, ਚੰਗੇ ਸਕੂਲ ਅਤੇ ਮੁਫ਼ਤ ਇਲਾਜ ਦੇਸ਼ ਦੇ ਲੋਕਾਂ ਨੂੰ ਖੁਸ਼ਹਾਲ ਰਖਦੇ ਹਨ।

ਰਿਪੋਰਟ ਅਨੁਸਾਰ ਦੁਨੀਆ ਦੇ ਸਭ ਤੋਂ ਘੱਟ ਖੁਸ਼ਹਾਲ ਦੇਸ਼ਾਂ ਵਿਚ ਬਰੂਨੇਈ, ਸੈਂਟਰਲ ਅਫ਼ਰੀਕਨ ਰਿਪਬਲਿਕ, ਦੱਖਣੀ ਸੂਡਾਨ, ਤਨਜਾਨੀਆ, ਯਮਨ, ਰਵਾਂਡਾ ਅਤੇ ਸੀਰੀਆ ਆਦਿ ਸ਼ਾਮਲ ਹਨ। ਅਮਰੀਕਾ ਪਿਛਲੇ ਸਾਲ 14ਵਾਂ ਸਭ ਤੋਂ ਖੁਸ਼ਹਾਲ ਦੇਸ਼ ਸੀ। ਇਸ ਵਾਰ ਖਿਸਕ ਕੇ 18ਵੇਂ ਨੰਬਰ ‘ਤੇ ਆ ਗਿਆ ਹੈ, ਬਰਤਾਨੀਆ 19ਵੇਂ ਅਤੇ ਸੰਯੁਕਤ ਅਰਬ ਅਮੀਰਾਤ 20ਵੇਂ ਨੰਬਰ ‘ਤੇ ਹੈ।

ਸੰਯੁਕਤ ਰਾਸ਼ਟਰ ਨੇ ਦੁਨੀਆ ਦੇ ਦੇਸ਼ਾਂ ਦੀ ਖੁਸ਼ਹਾਲੀ ਦਾ ਪਤਾ ਲਗਾਉਣ ਲਈ ਅਪਣੇ ਅਧਿਐਨ ਵਿਚ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ, ਸਮਾਜਕ ਸਮਰਥਨ, ਸਮਾਜਕ ਆਜ਼ਾਦੀ, ਭਰੋਸਾ, ਭ੍ਰਿਸ਼ਟਾਚਾਰ ਦੀ ਗੈਰ ਮੌਜੂਦਗੀ ਅਤੇ ਉਦਾਰਤਾ ਨੂੰ ਖੁਸ਼ਹਾਲੀ ਦਾ ਆਧਾਰ ਬਣਾਇਆ ਹੈ। ਇਸ ਵਾਰ ਰਿਪੋਰਟ ਵਿਚ ਪਰਵਾਸੀਆਂ ਦੇ ਲਈ ਦੁਨੀਆ ਦੇ ਸਭ ਤੋਂ ਜ਼ਿਆਦਾ ਖੁਸ਼ਹਾਲ ਦੇਸ਼ਾਂ ਦੀ ਵੀ ਸੂਚੀ ਜਾਰੀ ਕੀਤੀ ਗਈ ਹੈ। ਇਸ ਮਾਮਲੇ ਵਿਚ ਵੀ ਫਿਨਲੈਂਡ ਨੇ ਬਾਜ਼ੀ ਮਾਰੀ ਹੈ। ਫਿਨਲੈਂਡ ਪਰਵਾਸੀਆਂ ਦੇ ਲਈ ਵੀ ਸਭ ਤੋਂ ਖੁਸ਼ਹਾਲ ਦੇਸ਼ ਹੈ। 55 ਲੱਖ ਵਾਲੇ ਇਸ ਦੇਸ਼ ਵਿਚ ਤਿੰਨ ਲੱਖ ਵਿਦੇਸ਼ੀ ਰਹਿੰਦੇ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਨੇਡਾ ਦੁਨੀਆ ਦਾ 7ਵਾਂ ਖੁਸ਼ਹਾਲ ਦੇਸ਼, ਫਿਨਲੈਂਡ ਪਹਿਲੇ ਨੰਬਰ ‘ਤੇ