ਸਿੱਧੂ ਦੇ ‘ਛੱਕੇ’ ਨਾਲ ਦੁਆਬਾ ਦੇ ਅੱਧਾ ਦਰਜਨ ਕਾਂਗਰਸੀ ਵਿਧਾਇਕ ਢੇਰ


ਜਲੰਧਰ, 11 ਮਾਰਚ (ਏਜੰਸੀ) : ਕਈ ਵਾਰ ਅਜਿਹਾ ਲੱਗਦਾ ਹੈ ਕਿ ਪੰਜਾਬ ਕੈਬਨਿਟ ਦੇ ਸੀਨੀਅਰ ਮੰਤਰੀ ਨਵਜੋਤ ਸਿੱਧੂ ਜਿਹੜੀਆਂ ਗੱਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੀਆਂ ਨਹੀਂ ਕਹਿ ਪਾਉਂਦੇ, ਉਹ ਗੱਲਾਂ ਮੀਡੀਆ ਰਾਹੀਂ ਨਸ਼ਰ ਕਰਦੇ ਹਨ। ਅਕਸਰ ਵਿਧਾਇਕਾਂ ਤੇ ਆਪਣੇ ਮੇਅਰਾਂ ਨਾਲ ਘਿਰੇ ਰਹਿਣ ਵਾਲੇ ਨਵਜੋਤ ਸਿੱਧੂ ਐਤਵਾਰ ਨੂੰ ਜਲੰਧਰ ਵਿੱਚ ਇਕੱਲੇ ਪ੍ਰੈੱਸ ਕਾਨਫਰੰਸ ਕਰਨ ਆ ਗਏ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੱਧੂ ਨੇ ਅਜਿਹਾ ਸ਼ੌਟ ਲਾਇਆ ਜਿਸ ਨਾਲ ਦੁਆਬਾ ਦੇ ਅੱਧਾ ਦਰਜਨ ਤੋਂ ਵੱਧ ਕਾਂਗਰਸੀ ਵਿਧਾਇਕ ਆਪਣੇ ਉੱਪਰੋਂ ਜਾਂਦੀ ਗੇਂਦ ਨੂੰ ਹੀ ਵੇਖੀ ਜਾ ਰਹੇ ਹਨ।

ਕਦੇ ਟੀਮ ਇੰਡੀਆ ਦੇ ਮਸ਼ਹੂਰ ਓਪਨਰ ਰਹੇ ਸਿੱਧੂ ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਦਿਲੀ ਖਾਹਿਸ਼ ਹੈ ਕਿ ਪੰਜਾਬ ਨੂੰ ਚੰਗਾ ਖੇਡ ਮੰਤਰੀ ਮਿਲੇ। ਗੱਲਬਾਤ ਉਨ੍ਹਾਂ ਦੇ ਦੋਸਤ ਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਤੱਕ ਜਾਣੀ ਹੀ ਸੀ ਤੇ ਗਈ ਵੀ। ਪਹਿਲਾਂ ਸਿੱਧੂ ਨੇ ਕਿਹਾ, “ਮੈਂ ਪਰਗਟ ਸਿੰਘ ਤੋਂ ਬਹੁਤ ਥੱਲੇ ਹਾਂ। ਉਹ ਸ਼ਾਨਦਾਰ ਖਿਡਾਰੀ ਹਨ। ਹਾਕੀ ਦੇ ਡਿਫੈਂਡਰ। ਡਿਫੈਂਡ ਕਰਦੇ-ਕਰਦੇ ਗੋਲ ਵੀ ਕਰ ਜਾਂਦੇ ਹਨ। ਬੜੇ ਸ਼ਰਾਰਤੀ ਹਨ।” ਦੂਜੀ ਗੱਲ ਆਖੀ, “ਮੈਂ ਤਾਂ ਥਾਂ-ਥਾਂ ਉਨ੍ਹਾਂ ਨੂੰ ਰਿਕਮੈਂਡ ਕਰਦਾ ਰਹਿੰਦਾ ਹਾਂ, ਅੱਜ ਵੀ ਕਰ ਰਿਹਾ ਹਾਂ। ਬਾਕੀ ਫੈਸਲਾ ਰਾਹੁਲ ਗਾਂਧੀ ਜੀ ਨੇ ਲੈਣਾ ਹੈ। ਉਹੀ ਸਾਡੇ ਬੌਸ ਨੇ।”

ਸਿੱਧੂ ਤੇ ਪਰਗਟ ਸਿੰਘ ਕਾਂਗਰਸ ਵਿੱਚ ਸਿੱਧਾ ਰਾਹੁਲ ਗਾਂਧੀ ਨਾਲ ਹੱਥ ਮਿਲਾ ਕੇ ਆਏ ਸਨ। ਸਿੱਧੂ ਜਦੋਂ ਪਰਗਟ ਸਿੰਘ ਬਾਰੇ ਜਲੰਧਰ ਵਿੱਚ ਬੈਟਿੰਗ ਕਰ ਰਹੇ ਸੀ ਤਾਂ ਉਸ ਵੇਲੇ ਉਨ੍ਹਾਂ ਨਾਲ ਜਲੰਧਰ ਦਾ ਕੋਈ ਵੀ ਵਿਧਾਇਕ ਮੌਜੂਦ ਨਹੀਂ ਸੀ। ਲੱਗਦਾ ਹੈ ਜਿਵੇਂ ਸਿੱਧੂ ਪਰਗਟ ਸਿੰਘ ਬਾਰੇ ਹੀ ਗੱਲ ਕਰਨ ਆਏ ਹੋਣ। ਇਸੇ ਲਈ ਬਾਕੀ ਵਿਧਾਇਕਾਂ ਨੂੰ ਆਪਣੀ ਜਲੰਧਰ ਫੇਰੀ ਤੋਂ ਦੂਰ ਹੀ ਰੱਖਿਆ।

ਪਰਗਟ ਸਿੰਘ ਤੋਂ ਇਲਾਵਾ ਜਲੰਧਰ ਵੈਸਟ ਤੋਂ ਪਹਿਲੀ ਵਾਰ ਵਿਧਾਇਕ ਬਣੇ ਸੁਸ਼ੀਲ ਰਿੰਕੂ ਵੀ ਮੰਤਰੀ ਬਣਨ ਦੀ ਦੌੜ ਵਿੱਚ ਲੱਗੇ ਹਨ। ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਕਰੀਬੀ ਰਿੰਕੂ ਲਈ ਮੰਤਰੀ ਬਣਨ ਦਾ ਰਸਤਾ ਸਿੱਧੂ ਦੇ ਇਸ ਸ਼ੌਟ ਤੋਂ ਬਾਅਦ ਥੋੜਾ ਔਖਾ ਜ਼ਰੂਰ ਹੋ ਗਿਆ ਲੱਗਦਾ ਹੈ। ਰਿੰਕੂ ਤੋਂ ਇਲਾਵਾ ਜਲੰਧਰ ਦੀ ਕਰਤਾਰਪੁਰ ਸੀਟ ਤੋਂ ਵਿਧਾਇਕ ਚੌਧਰੀ ਸੁਰਿੰਦਰ ਦੇ ਪਿਤਾ ਸਵਰਗੀ ਚੌਧਰੀ ਜਗਜੀਤ ਸਿੰਘ ਕੈਪਟਨ ਦੇ ਸਭ ਤੋਂ ਕਰੀਬੀਆਂ ਵਿੱਚੋਂ ਇੱਕ ਸਨ। ਸੁਰਿੰਦਰ ਚੌਧਰੀ ਵੀ ਦਲਿਤ ਕੋਟੇ ਤੋਂ ਆਪਣਾ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।

ਕ੍ਰਿਕਟ ਨਾਲ ਰਾਜਨੀਤੀ ਦੇ ਵੀ ਮਾਹਿਰ ਬਣਦੇ ਜਾ ਰਹੇ ਸਿੱਧੂ ਦੇ ਇਸ ਸ਼ੌਟ ਨੇ ਗੇਂਦ ਨੂੰ ਦੁਆਬਾ ਵਿੱਚ ਟਿਕਟ ਦੇ ਕਈ ਚਾਹਵਾਨਾਂ ਦੇ ਉੱਪਰੋਂ ਲੰਘਾ ਦਿੱਤਾ ਹੈ। ਸੁਲਤਾਨਪੁਰ ਲੋਧੀ ਤੋਂ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਨਵਤੇਜ ਸਿੰਘ ਚੀਮਾ ਨੂੰ ਸਿੱਧੂ ਦੀ ਇਸ ਸ਼ੌਟ ਤੋਂ ਬਾਅਦ ਚੰਡੀਗੜ੍ਹ ਲਈ ਦੌੜ ਹੋਰ ਤੇਜ਼ ਕਰਨੀ ਪੈ ਸਕਦੀ ਹੈ। ਸਿੱਧੂ ਪਰਗਟ ਸਿੰਘ ਲਈ ਚੰਗੀ ਬੈਟਿੰਗ ਤਾਂ ਕਰ ਰਹੇ ਹਨ ਪਰ ਪਰਗਟ ਦੀ ਰਾਹ ਵਿੱਚ ਉੜਮੁੜ ਸੀਟ ਤੋਂ ਵਿਧਾਇਕੀ ਦਾ ਚੌਕਾ ਲਾਉਣ ਵਾਲੇ ਸੰਗਤ ਸਿੰਘ ਗਿਲਜੀਆਂ ਵੀ ਮੌਜੂਦ ਹਨ। ਸਿੱਧੂ ਨੂੰ ਗੇਂਦ ਗਿਲਜੀਆਂ ਦੇ ਨਾਲ-ਨਾਲ ਹੁਸ਼ਿਆਰਪੁਰ ਤੋਂ ਦੂਜੀ ਵਾਰ ਵਿਧਾਇਕ ਬਣੇ ਸੁੰਦਰ ਸ਼ਾਮ ਅਰੋੜਾ ਦੇ ਉੱਤੋਂ ਵੀ ਲੰਘਾਉਣੀ ਪੈਣੀ ਹੈ।

ਕਾਂਗਰਸ ਨੇ ਇਸ ਵਾਰ ਜਲੰਧਰ ਦੀਆਂ 9 ਵਿਧਾਨ ਸਭਾ ਸੀਟਾਂ ਵਿੱਚੋਂ ਪੰਜ ਸੀਟਾਂ ਜਿੱਤੀਆਂ ਸਨ। ਦੁਆਬਾ ਵਿੱਚੋਂ 23 ਵਿੱਚੋਂ 15 ਸੀਟਾਂ ਮਿਲੀਆਂ। ਸੁੰਦਰ ਸ਼ਾਮ ਅਰੋੜਾ ਪੰਜਾਬ ਪ੍ਰਭਾਰੀ ਆਸ਼ਾ ਕੁਮਾਰੀ ਦੇ ਕਾਫੀ ਕਰੀਬੀ ਹਨ। ਇਸ ਤੋਂ ਇਲਾਵਾ ਕਾਂਗਰਸ ਇੱਥੋਂ ਬੀਜੇਪੀ ਨੂੰ ਥੱਲੇ ਲਾਉਣ ਲਈ ਵੀ ਅਰੋੜਾ ਨੂੰ ਮੰਤਰੀ ਬਣਾ ਸਕਦੀ ਹੈ। ਅਵਿਨਾਸ਼ ਰਾਏ ਖੰਨਾ ਤੇ ਤੀਕਸ਼ਣ ਸੂਦ ਇੱਥੋਂ ਬੀਜੇਪੀ ਦੇ ਵੱਡੇ ਲੀਡਰ ਹਨ। ਪੰਜਾਬ ਦੇ ਮੰਤਰੀ ਮੰਡਲ ਦੇ ਵਿਸਥਾਰ ਦਾ ਅਸਰ ਆਖਰ 2019 ਦੀਆਂ ਲੋਕ ਸਭਾ ਚੋਣਾਂ ‘ਤੇ ਤਾਂ ਪੈਣਾ ਹੀ ਹੈ।

ਅਜਿਹਾ ਵੀ ਹੋ ਸਕਦਾ ਹੈ ਕਿ ਕੈਪਟਨ ਪਰਗਟ ਦੇ ਨਾਲ ਦੁਆਬਾ ਵਿੱਚੋਂ ਇੱਕ ਹੋਰ ਮੰਤਰੀ ਬਣਾ ਕੇ ਕਈ ਲੋਕਾਂ ਨੂੰ ਖੁਸ਼ ਕਰ ਦੇਣ ਜਾਂ ਸਿੱਧੂ ਦੀ ਇਸ ਛੱਕੇ ਵਾਲੀ ਸ਼ੌਟ ਨੂੰ ਬਾਉਂਡਰੀ ‘ਤੇ ਕੈਚ ਕਰ ਲਿਆ ਜਾਵੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਿੱਧੂ ਦੇ ‘ਛੱਕੇ’ ਨਾਲ ਦੁਆਬਾ ਦੇ ਅੱਧਾ ਦਰਜਨ ਕਾਂਗਰਸੀ ਵਿਧਾਇਕ ਢੇਰ