ਅੰਤ੍ਰਰਾਸ਼ਟਰੀ ਪੱਧਰ ਤੇ ਸਿੱਖਾਂ ਦੇ ਵੱਧ ਰਹੇ ਪ੍ਰਭਾਵ ਵਿਰੁਧ ਜਾਂ…?

-ਜਸਵੰਤ ਸਿੰਘ ‘ਅਜੀਤ’
ਕਨਾਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੇ ਅੰਤਿਮ ਪੜਾਅ ਤੇ, ਉਨ੍ਹਾਂ ਦੇ ਸਨਮਾਨ ਵਿੱਚ ਮੁੰਬਈ ਵਿਖੇ ਹੋਏ ਸਮਾਗਮ ਵਿੱਚ ਜਸਪਾਲ ਅਟਵਾਲ ਦੀ ਸ਼ਮੂਲੀਅਤ ਤੇ ਦਿੱਲੀ ਸਥਿਤ ਕਨਾਡਾ ਦੇ ਦੂਤਾਵਾਸ ਵਲੋਂ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਪਾਰਟੀ ਦਾਅਵਤਨਾਮੇ ਦੀ ਸੂਚੀ ਵਿੱਚ ਉਸੇ, ਜਸਪਾਲ ਅਟਵਾਲ ਦਾ ਨਾਂ ਸ਼ਾਮਲ ਹੋਣ ਅਤੇ ਬਾਅਦ ਵਿੱਚ ਉਸਨੂੰ ਹਟਾਏ ਜਾਣ ਦੇ ਮੁੱਦੇ ਨੂੰ ਅਧਾਰ ਬਣਾ, ਜਸਟਿਨ ਟਰੂਡੋ ਦੇ ਖਤਰਨਾਕ ਖਾਲਿਸਤਾਨੀ ਅੱਤਵਾਦੀਆਂ ਨਾਲ ਸੰਬੰਧ ਹੋਣਾ, ਪ੍ਰਚਾਰ, ਜਿਵੇਂ ਇੱਕ ਪਾਸੇ ਭਾਰਤੀ ਮੀਡਿਆ ਵਲੋਂ ਉਛਾਲਿਆ ਗਿਆ ’ਤੇ ਦੂਜੇ ਪਾਸੇ ਕਨਾਡਾ ਵਿਚਲੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਵਿਰੋਧੀਆਂ ਵਲੋਂ ਉਨ੍ਹਾਂ ਪੁਰ ਭਾਰਤ ਨਾਲ ਕਨਾਡਾ ਦੇ ਸੰਬੰਧਾਂ ਨੂੰ ਪ੍ਰਭਾਵਤ ਕਰਨ ਦੇ ਦੋਸ਼ ਲਾਏ ਗਏ, ਉਸਤੋਂ ਇਹ ਸ਼ੰਕਾ ਪੈਦਾ ਹੋਣੀ ਸੁਭਾਵਕ ਹੈ, ਕਿ ਇਹ ਰਣਨੀਤੀ, ਭਾਰਤ ਵਿੱਚਲੀ ਸਿੱਖ ਤੇ ਕਨਾਡਾ ਵਿਚਲੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਾਰਟੀ ਵਿਰੋਧੀ ਲਾਬੀ ਵਲੋਂ ਆਪਸੀ ਮਿਲੀ-ਭੁਗਤ ਨਾਲ ਤਿਆਰ ਕੀਤੀ ਗਈ ਹੋਵੇਗੀ।

ਜਿਥੋਂ ਤਕ ਜਸਟਿਨ ਟਰੂਡੋ ਦੀ ਭਾਰਤ ਯਾਤਰਾ ਦੇ ਸੰਬੰਧ ਵਿੱਚ ਭਾਰਤ ਸਰਕਾਰ ਦੀ ਕਿਹੜੀ ਨੀਤੀ ਅਤੇ ਸੋਚ ਕੰਮ ਕਰ ਰਹੀ ਸੀ, ਉਸਦਾ ਅਹਿਸਾਸ ਤਾਂ ਉਸੇ ਸਮੇਂ ਹੋਣਾ ਸ਼ੁਰੂ ਹੋ ਗਿਆ ਸੀ, ਜਦੋਂ ਜਸਟਿਨ ਟਰੂਡੋ ਅਤੇ ੳਨ੍ਹਾਂ ਦੀ ਟੀਮ ਦੇ ਭਾਰਤ ਪੁਜਣ ਤੇ ਉਨ੍ਹਾਂ ਦੇ ਸੁਅਗਤ ਲਈ ਭਾਰਤ ਸਰਕਾਰ ਵਲੋਂ ਇੱਕ ਜੂਨੀਅਰ ਵਜ਼ੀਰ ਭੇਜਿਆ ਗਿਆ ਅਤੇ ਉਹ ਵੀ ਉਨ੍ਹਾਂ ਦੇ ਠਹਿਰਣ ਵਾਲੇ ਟਿਕਾਣੇ ਵਲ ਰਵਾਨਾ ਹੁੰਦਿਆਂ ਹੀ, ਕਿਨਾਰਾ ਕਰ ਗਿਆ। ਉਸਤੋਂ ਬਾਅਦ ਜਸਟਿਨ ਟਰੂਡੋ ਵਲੋਂ ਗੁਜਰਾਤ, ਮਹਾਰਾਸ਼ਟਰ, ਉਤਰ ਪ੍ਰਦੇਸ਼ ਆਦਿ ਰਾਜਾਂ ਦੇ ਇਤਿਹਾਸਕ ਅਸਥਾਨਾਂ ਦੀ ਕੀਤੀ ਗਈ ਯਾਤਰਾ ਦੌਰਾਨ ਸੰਬੰਧਤ ਰਾਜਾਂ ਦੀਆਂ ਸਰਕਾਰਾਂ ਵਲੋਂ ਉਨ੍ਹਾਂ ਦੇ ਸੁਆਗਤ ਪ੍ਰਤੀ ਵਿਖਾਈ ਗਈ ਉਦਾਸੀਨਤਾ ਨੇ ਵੀ ਭਾਰਤ ਸਰਕਾਰ ਵਲੋਂ ਉਨ੍ਹਾਂ ਪ੍ਰਤੀ ਅਪਨਾਈ ਨੀਤੀ ਪੁਰ ਮੋਹਰ ਲਾ ਦਿੱਤੀ।

ਭਾਰਤ ਸਰਕਾਰ ਵਲੋਂ ਆਪਣੇ ਸੁਅਗਤ-ਸਨਮਾਨ ਪ੍ਰਤੀ ਵਿਖਾਈ ਗਈ ਉਦਾਸੀਨਤਾ ਪੁਰ ਜਸਟਿਨ ਟਰੂਡੋੋ ਦਾ ਆਪਣੀ ਸਮੁਚੀ ਭਾਰਤ ਯਾਤਰਾ ਦੌਰਾਨ ਕੋਈ ਟਿੱਪਣੀ ਨਾ ਕੀਤਾ ਜਾਣਾ, ਉਧਰ ਭਾਰਤ ਅਤੇ ਰਾਜ ਸਰਕਾਰਾਂ ਵਲੋਂ ਜਸਟਿਨ ਟਰੂਡੋ ਦੇ ਸੁਆਗਤ-ਸਨਮਾਨ ਪ੍ਰਤੀ ਵਿਖਾਈ ਗਈ ਉਦਾਸੀਨਤਾ ਵਿਰੁਧ ਪੰਜਾਬੀਆਂ ਨੇ ਜਿਸਤਰ੍ਹਾਂ ਉਨ੍ਹਾਂ [ਜਸਟਿਨ ਟਰੂਡੋ] ਅਤੇ ਉਨ੍ਹਾਂ ਦੀ ਟੀਮ ਦੇ ਸੁਆਗਤ ਵਿੱਚ ਪਲਕਾਂ ਵਿਛਾਈਆਂ ਤੇ ਉਨ੍ਹਾਂ ਨੂੰ ਸ਼ਾਹੀ ਮਹਿਮਾਨ ਵਜੋਂ ਸਿਰ ਪੁਰ ਬਿਠਾਇਆ ਅਤੇ ਜਸਟਿਨ ਟਰੂਡੋ ਨੇ ਉਨ੍ਹਾਂ ਵਲੋਂ ਮਿਲੇ ਸਨਮਾਨ-ਸਤਿਕਾਰ ਨੂੰ ਜਿਸ ਹਲੀਮੀ ਨਾਲ ਸਵੀਕਾਰਿਆ, ਉਸਦੀ ਪ੍ਰਸ਼ੰਸਾ ਸੰਸਾਰ ਭਰ ਵਿੱਚ ਹੋਈ। ਫਲਸਰੂਪ ਕਨਾਡਾ ਵਸਦੇ ਪੰਜਾਬੀਆਂ ਦੀਆਂ ਛਾਤੀਆਂ ਮਾਣ ਨਾਲ ਚੋੜੀਆਂ ਹੋ ਗਈਆਂ ਤੇ ਉਨ੍ਹਾਂ ਦਾ ਕੱਦ ਕਈ ਗਿਠ ਉਚਾ ਹੋ ਗਿਆ।

ਇਸ ਸਥਿਤੀ ਦਾ ਮੁਲਾਂਕਣ ਕਰਦਿਆਂ ਜਿਵੇਂ ਦੇਸ਼-ਵਿਦੇਸ਼ ਦੇ ਮੀਡੀਆ ਵਿੱਚ ਭਾਰਤ ਸਰਕਾਰ ਦੀ ਅਲੋਚਨਾ ਅਤੇ ਸਿੱਖਾਂ ਸਹਿਤ ਸਮੁਚੇ ਪੰਜਾਬੀ ਭਾਈਚਾਰੇ ਦੀ ਪ੍ਰਸ਼ੰਸਾ ਹੋਈ, ਉਹ ਭਾਰਤ ਸਰਕਾਰ ਤੇ ਕਨਾਡਾ ਵਿਚਲੇ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਲਿਬਰਲ ਪਾਰਟੀ ਦੇ ਵਿਰੋਧੀਆਂ ਲਈ ਅਸਹਿ ਹੋਣਾ ਕੁਦਰਤੀ ਸੀ। ਸੰਭਵ ਹੈ ਕਿ ਇਸੇ ਸਥਿਤੀ ਵਿਚੋਂ ਹੀ ਉਭਰਨ ਲਈ ਹੀ ਦੋਹਾਂ ਦੇਸ਼ਾਂ ਦੀਆਂ ਏਜੰਸੀਆਂ ਨੇ ਆਪਸੀ ਤਾਲਮੇਲ ਨਾਲ ਜਸਟਿਸ ਟਰੂਡੋ ਦੀ ਅੰਤਿਮ-ਪੜਾਵੀ ਯਾਤਰਾ ਦੌਰਾਨ ਉਸਦੀਆਂ ਪ੍ਰਾਪਤੀਆਂ ਨੂੰ ਤਾਰਪੀਡੋ ਕਰਨ ਦੀ ਰਣਨੀਤੀ ਤਹਿਤ ਜਸਪਾਲ ਅਟਵਾਲ ਦੇ ਨਾਂ ਦੀ ਵਰਤੋਂ ਕੀਤੀ ਹੋਵੇ।

ਹਲਾਂਕਿ ਭਾਰਤ ਦੇ ਕੇਂਦਰੀ ਗ੍ਰਹਿ ਵਿਭਾਗ ਵਲੋਂ ਸਪਸ਼ਟ ਰੂਪ ਵਿੱਚ ਇਹ ਕਿਹਾ ਗਿਆ, ਕਿ ਉਸ ਪਾਸ [ਖਾਲਿਸਤਾਨੀ ਅੱਤਵਾਦੀਆਂ ਦੀ] ਜੋ ਕਾਲੀ ਸੂਚੀ ਹੈ, ਉਸ ਵਿੱਚ ਜਸਪਾਲ ਅਟਵਾਲ ਦਾ ਨਾਂ ਨਹੀਂ ਹੈ। ਇਸਤੋਂ ਇਲਾਵਾ ਇਹ ਵੀ ਦਸਿਆ ਗਿਆ ਕਿ ਜਸਟਿਨ ਟਰੂਡੋ ਨਾਲ ਆਈ ਕਨਾਡਾਈ ਅਧਿਕਾਰੀਆਂ ਦੀ ਟੀਮ ਵਿੱਚ ਜਸਪਾਲ ਅਟਵਾਲ ਸ਼ਾਮਲ ਨਹੀਂ ਸੀ, ਉਹ ਪਹਿਲਾਂ ਤੋਂ ਹੀ ਅਧਿਕਾਰਤ ਵੀਜ਼ੇ ਤੇ ਭਾਰਤ ਆਇਆ ਹੋਇਆ ਸੀ ਤੇ ਇਸਤੋਂ ਪਹਿਲਾਂ ਵੀ ਉਹ ਕਈ ਵਾਰ ਭਾਰਤ ਆ ਚੁਕਾ ਸੀ। ਇਸਦੇ ਨਾਲ ਇਹ ਵੀ ਮੰਨਿਆ ਜਾਂਦਾ ਹੈ ਕਿਸੇ ਵਿਦੇਸ਼ੀ ਮਹਿਮਾਨ ਦੇ ਸੁਆਗਤ-ਸਤਿਕਾਰ ਲਈ, ਸੰਬੰਧਤ ਦੇਸ਼ ਦੇ ਦੂਤਾਵਾਸ ਵਲੋਂ ਜੇ ਕੋਈ ਸਮਾਗਮ ਆਯੋਜਿਤ ਕੀਤਾ ਜਾਂਦਾ ਹੈ, ਉਸ ਵਿੱਚ ਸਦੇ ਜਾਣ ਵਾਲੀਆਂ ਸ਼ਖਸੀਅਤਾਂ ਦੀ ਸੂਚੀ ਸੰਬੰਧਤ ਵਿਭਾਗ ਵਲੋਂ ਆਪਣੇ ਸੰਬੰਧਾਂ ਅਤੇ ਸਥਾਨਕ ਸਰਕਾਰ ਦੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਤਿਆਰ ਕੀਤੀ ਜਾਂਦੀ ਹੈ, ਜਿਸ ਵਿੱਚ ਮੁਖ ਮਹਿਮਾਨ ਦੀ ਕੋਈ ਭੂਮਿਕਾ ਨਹੀਂ ਹੁੰਦੀ। ਇਸ ਕਾਰਣ ਸਮਾਗਮ ਵਿੱਚ ਸ਼ਾਮਲ ਹੋਏ ਜਾਂ ਸਦੇ ਗਏ ਕਿਸੇ ਵਿਅਕਤੀ ਦੇ ਨਾਂ ਨਾਲ ਮੁਖ ਮਹਿਮਾਨ ਨਾਲ ਜੋੜਿਆ ਜਾਣਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਮੰਨਿਆ ਜਾ ਸਕਦਾ।

ਅਜਿਹੀ ਸਥਿਤੀ ਵਿੱਚ ਜਸਪਾਲ ਅਟਵਾਲ ਨੂੰ ‘ਖਤਰਨਾਕ ਖਾਲਿਸਤਾਨੀ ਅੱਤਵਾਦੀ’ ਕਰਾਰ ਦੇ, ਜਸਟਿਨ ਟਰੂਡੋ ਦੇ ਖਤਰਨਾਕ ਅੱਤਵਾਦੀਆਂ ਨਲ ਸੰਬੰਧ ਹੋਣਾ, ਪਰਚਾਰੇ ਜਾਣ ਤੋਂ ਕੀ ਇਹ ਸੰਕੇਤ ਨਹੀਂ ਮਿਲਦਾ ਕਿ ਇਹ ਸਭ-ਕੁਝ ਕਿਸੇ ਗਿਣੀ-ਮਿੱਥੀ ਰਣਨੀਤੀ ਦਾ ਹੀ ਹਿਸਾ ਸੀ। ਸੰਭਵ ਹੈ ਕਿ ਇਸਦਾ ਉਦੇਸ਼ ਕਨਾਡਾ ਵਿੱਚ ਅਗਲੇ ਵਰ੍ਹੇ ਹੋਣ ਜਾ ਰਹੀ ਪ੍ਰਧਾਨ ਮੰਤਰੀ ਦੀ ਚੋਣ ਨੂੰ ਪ੍ਰਭਾਵਤ ਕਰਨਾ ਤੇ ਭਾਰਤ ਸਰਕਾਰ ਵਲੋਂ ਜਸਟਿਸ ਟਰੂਡੋ ਪ੍ਰਤੀ ਵਿਖਾਈ ਗਈ ਉਦਾਸੀਨਤਾ ਨੂੰ ਜਾਇਜ਼ ਕਰਾਰ ਦੇਣਾ ਰਿਹਾ ਹੋਵੇ।

ਕੁਝ ਰਾਜਸੀ ਹਲਕਿਆਂ ਦੀ ਇਹ ਵੀ ਮਾਨਤਾ ਹੈ ਕਿ ਸਾਰੀ ਸਥਿਤੀ ਦੀ ਗੰਭੀਰਤਾ ਨਾਲ ਘੋਖ ਕੀਤਿਆਂ, ਇਉਂ ਜਾਪਦਾ ਹੈ ਜਿਵੇਂ ਕਿਸੇ ਭਾਰਤੀ ਏਜੰਸੀ ਨੂੰ ਇਹ ਗਲ ਪਸੰਦ ਨਾ ਆਈ ਹੋਵੇ ਕਿ ਉਹ ਪੰਜਾਬੀ, ਜਿਨ੍ਹਾਂ ਨੂੰ ਸਰਕਾਰ ਵਲੋਂ ਅਣਗੋਲਿਆਂ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਵਿਦੇਸ਼ਾਂ ਵਿੱਚ, ਮਿਹਨਤ, ਲਗਨ, ਮਿਲਣਸਾਰ ਅਤੇ ਹਰ ਕਿਸੇ ਦੇ ਕੰਮ ਆਉਣ ਦੇ ਸੁਭਾਅ ਸਦਕਾ ਮਾਣ-ਸਤਿਕਾਰ ਪ੍ਰਾਪਤ ਹੋ ਰਿਹਾ ਹੈ, ਜਾਂ ਫਿਰ ਉਸਨੂੰ ਇਹ ਗਲ ਵੀ ਰੜਕ ਸਕਦੀ ਹੈ ਕਿ, ਜਿਸ ਵਿਦੇਸ਼ੀ ਮਹਿਮਾਨ ਦੇ ਸੁਆਗਤ-ਸਨਮਾਨ ਵਲੋਂ ਉਦਾਸੀਨਤਾ ਵਿਖਾ, ਉਸ ਵਲੋਂ ‘ਅੱਤਵਾਦੀ ਸਿੱਖਾਂ’ ਨੂੰ ਦਿੱਤੇ ਜਾ ਰਹੇ ਸਨਮਾਨ ਪ੍ਰਤੀ ਉਹ ਆਪਣੀ ਨਾਰਾਜ਼ਗੀ ਦਾ ਆਹਿਸਾਸ ਕਰਵਾਣਾ ਚਾਹੁੰਦੇ ਸਨ, ਉਸਨੂੰ ਪੰਜਾਬੀਆਂ ਨੇ ਪਲਕਾਂ ਪੁਰ ਬਿਠਾ, ਉਸ ਪ੍ਰਤੀ ਵਰਤੀ ਜਾ ਰਹੀ ਉਦਾਸੀਨਤਾ ਨੂੰ ਫਿਕਿਆਂ ਪਾ ਦਿੱਤਾ ਹੈ।

ਮਨਜੀਤ ਸਿੰਘ ਜੀਕੇ ਦੀ ਪ੍ਰਤੀਕਿਰਿਆ : ਇਸੇ ਚਰਚਾ ਪੁਰ ਪ੍ਰਤੀਕ੍ਰਿਆ ਦਿੰਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ [ਬਾਦਲ] ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੇ, ਇਸਨੂੰ ਇੱਕ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੱਤਾ ਅਤੇ ਦਸਿਆ ਕਿ ਉਨ੍ਹਾਂ ਦਾ ਵੀ ਇੱਕ ਅਜਿਹਾ ਫੋਟੋ, ਜੋ ਬੀਤੇ ਵਰ੍ਹੇ ਗੁਰਦੁਆਰਾ ਕਮੇਟੀ ਦੇ ਦਫਤਰ ਵਿੱਚ ਜਸਪਾਲ ਅਟਵਾਲ ਦੇ ਉਨ੍ਹਾਂ ਨੂੰ ਮਿਲਣ ਆਉਣ ਦੇ ਸਮੇਂ ਦਾ ਹੈ, ਨੂੰ ਪ੍ਰਚਾਰਤ ਕਰ, ਉਨ੍ਹਾਂ ਨੂੰ ਵੀ ਖਾਲਿਸਤਾਨੀਆਂ ਦਾ ਹਮਦਰਦ ਸਾਬਤ ਕਰਨ ਦੀ ਕੌਸ਼ਿਸ਼ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖਾਂ ਨੂੰ ਆਪਣੀ ਮੇਹਨਤ, ਲਗਨ ਅਤੇ ਮਿਲਵਰਤਣੀ ਆਚਰਣ ਦੇ ਚਲਦਿਆਂ ਜੋ ਸਨਮਾਨ ਮਿਲ ਰਿਹਾ ਹੈ, ਉਸਨੂੰ ਦੇਸ਼ ਤੇ ਵਿਦੇਸ਼ ਦੀਆਂ ਕੁਝ ਏਜੰਸੀਆਂ ਸਹਿਣ ਨਹੀਂ ਕਰ ਪਾ ਰਹੀਆਂ, ਇਸਲਈ ਉਹ ਉਨ੍ਹਾਂ ਦੀ ਛਬੀ ਨੂੰ ਵਿਗਾੜ, ਉਨ੍ਹਾਂ ਨੂੰ ਇਕ ਵਾਰ ਫਿਰ ਭਾਰਤੀ ਅਤੇ ਵਿਦੇਸ਼ੀ ਸਮਾਜ ਤੋਂ ਉਸੇ ਤਰ੍ਹਾਂ ਅਲਗ-ਥਲਗ ਕਰ ਦੇਣਾ ਚਾਹੰੁਦੀਆਂ ਹਨ, ਜਿਵੇਂ ਇਸੇ ਹੀ ਤਰ੍ਹਾਂ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਦੇ ਤਹਿਤ 80-90 ਦੇ ਦਹਾਕੇ ਵਿੱਚ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਜਿਹੀ ਸਾਜ਼ਿਸ਼ ਦੇ ਚਲਦਿਆਂ ਹੀ ਪੰਜਾਬ ਨੂੰ ਇੱਕ ਲੰਮੇਂ ਸੰਤਾਪ ਦੀਆਂ ਹਨੇਰੀਆਂ ਗਲੀਆਂ ਵਿੱਚ ਧੱਕ ਦਿੱਤਾ ਗਿਆ। ਸ. ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਉਸ ਦੌਰਾਨ ਕੇਵਲ ਸਿੱਖਾਂ ਹੀ ਨਹੀਂ, ਸਗੋਂ ਸਮੁਚੇ ਪੰਜਾਬੀਆਂ ਨੇ ਅਜਿਹਾ ਸੰਤਾਪ ਭੋਗਿਆ, ਜਿਸਦੇ ਦਰਦ ਦੀਆਂ ਚੀਸਾਂ ਅਜ ਵੀ ਉਨ੍ਹਾਂ ਦੇ ਦਿਲਾਂ ਨੂੰ ਦਹਿਲਾ ਦਿੰਦੀਆਂ ਹਨ, ਇਹੀ ਕਾਰਣ ਹੈ ਕਿ ਉਹ ਮੁੜ ਅਜਿਹੇ ਸੰਤਾਪ ਦੀਆਂ ਹਨੇਰੀਆਂ ਗਲੀਆਂ ਵਿੱਚ ਭਟਕਣਾ ਨਹੀਂ ਚਾਹੁੰਦੇ।

ਸ. ਮਨਜੀਤ ਸਿੰਘ ਜੀਕੇ ਨੇ ਜ਼ੋਰ ਦੇਕੇ ਕਿਹਾ ਕਿ ਭਾਵੇਂ ਅੱਜ ਸਾਡੇ ਦਿਲ ਵਿੱਚ ਵੀ ਉਸ ਸੰਤਾਪ ਦਾ ਦਰਦ ਤੇ ਉਸਦੀਆਂ ਚੀਸਾਂ ਦੇ ਨਾਲ ਹੀ ਨਵੰਬਰ-84 ਦੇ ਕਤਲ-ਏ-ਆਮ ਦਾ ਇਨਸਾਫ ਨਾ ਮਿਲ ਪਾਣ ਦਾ ਰੋਸ ਹੈ, ਫਿਰ ਵੀ ਸਾਨੂੰ ਆਪਣੇ ਸਿੱਖ ਤੇ ਭਾਰਤੀ ਹੋਣ ਪੁਰ ਮਾਣ ਹੈ। ਅਸੀਂ ਚੁਨੌਤੀਆਂ ਦਾ ਸਾਹਮਣਾ ਅਤੇ ਇਨਸਾਫ ਪ੍ਰਾਪਤੀ ਲਈ ਸੰਘਰਸ਼ ਕਰਦਿਆਂ ਇਸੇ ਦੀ ਧਰਤੀ ਪੁਰ ਜੀਣਾ ਤੇ ਮਰਨਾ ਚਾਹੰੁਦੇ ਹਾਂ। ਉਨ੍ਹਾਂ ਕਿਹਾ ਕਿ ਜੇ ਸਾਨੂੰ ਇਸਤੋਂ ਅਲਗ ਹੋਣਾ ਹੀ ਹੁੰਦਾ ਤਾਂ ਸਾਡੇ ਆਗੂਆਂ ਨੇ ਉਸੇ ਸਮੇਂ ਆਜ਼ਾਦ ਪੰਜਾਬ ਨੂੰ ਸਿੱਖ ਹੋਮਲੈਂਡ ਵਜੋਂ ਸਵੀਕਾਰ ਕਰ ਲਿਆ ਹੁੰਦਾ, ਜਿਸਦੀ ਪੇਸ਼ਕਸ਼ ਅੰਗ੍ਰੇਜ਼ਾਂ ਨੇ 1947 ਵਿੱਚ ਦੇਸ਼ ਛੱਡਦਿਆਂ ਅਤੇ ਉਸਦੀ ਵੰਡ ਕਰਦਿਆਂ ਕੀਤੀ ਸੀ। ਸ. ਮਨਜੀਤ ਸਿੰਘ ਜੀਕੇ ਨੇ ਦਸਿਆ ਕਿ ਬੀਤੇ ਸਮੇਂ ਵਿੱਚ ਉਨ੍ਹਾਂ ਕਈ ਦੇਸ਼ਾਂ ਦੀ ਯਾਤਰਾ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਉਥੇ ਵਸ ਰਹੇ, ਆਮ ਸਿੱਖ ਨਾਲ ਖੁਲ੍ਹ ਕੇ ਵਿਚਾਰ-ਵਟਾਂਦਰਾ ਕਰ ਆਪਸੀ ਵਿਚਾਰ ਸਾਂਝੇ ਕੀਤੇ ਅਤੇ ਮਹਿਸੂਸ ਕੀਤਾ ਕਿ ਭਾਵੇਂ ਸਿੱਖ ਕਿਸੇ ਵੀ ਦੇਸ਼ ਵਿੱਚ ਰਹਿ ਰਹੇ ਹਨ ਅਤੇ ਅੱਛਾ-ਖਾਸਾ ਮਾਣ-ਸਨਮਾਨ ਵੀ ਪ੍ਰਾਪਤ ਕਰ ਰਹੇ ਹਨ, ਫਿਰ ਵੀ ਉਨ੍ਹਾਂ ਦਾ ਦਿਲ ਆਪਣੇ ਭਾਰਤ ਦੀਆਂ ਗਲੀਆਂ ਵਿੱਚ ਹੀ ਰਮਿਆ ਹੋਇਆ ਹੈ ਅਤੇ ਉਹ ਇਸਨੂੰ ਇੱਕ-ਜੁਟ ਅਤੇ ਤਰੱਕੀ ਦੀਆਂ ਉਚਾਈਆਂ ਨੂੰ ਛਹੁੰਦਿਆਂ ਵੇਖਣ ਦੇ ਇੱਛੁਕ ਹਨ। ਉਨ੍ਹਾਂ ਕਿਹਾ ਕਿ ਮੁੱਠੀ ਭਰ ਲੋਕ ਹੀ ਅਜਿਹੇ ਹਨ, ਜੋ ਖਾਲਿਸਤਾਨ ਦੀ ਮੰਗ ਨਾਲ ਜੁੜੇ ਹੋਏ ਹਨ। ਇਹ ਵੀ ਉਹ ਹਨ, ਜਿਨ੍ਹਾਂ ਦੇ ਦਿਲ ਵਿੱਚ ਪੰਜਾਬ ਦੇ ਸਹੇ ਸੰਤਾਪ ਦਾ ਦਰਦ ਅਤੇ 84 ਦਾ ਇਨਸਾਫ ਨਾ ਮਿਲ ਪਾਣ ਦਾ ਗੁੱਸਾ ਹੈ। ਪ੍ਰੰਤੂ ਉਨ੍ਹਾਂ ਨੂੰ ਉਥੋਂ ਦੇ ਆਮ ਸਿੱਖਾਂ ਦਾ ਸਹਿਯੋਗ ਜਾਂ ਸਮਰਥਨ ਪ੍ਰਾਪਤ ਨਹੀਂ।

…ਅਤੇ ਅੰਤ ਵਿੱਚ : ਸਾਬਕਾ ਸਾਂਸਦ ਤੇ ਸਾਬਕਾ ਚੇਅਰਮੈਨ ਕੌਮੀ ਘਟ ਗਿਣਤੀ ਕਮਿਸ਼ਨ ਸ. ਤਰਲੋਚਨ ਸਿੰਘ ਦੀ ਮਾਨਤਾ ਹੈ ਕਿ ਇੱਕ ਸੋਚੀ-ਸਮਝੀ ਸਾਜ਼ਿਸ਼ ਦੇ ਤਹਿਤ ਖਾਲਿਸਤਾਨ ਦਾ ਹਊਆ ਖੜਾ ਕਰ, ਜਸਟਿਨ ਟਰੁਡੋ ਅਤੇ ਉਨ੍ਹਾਂ ਨਾਲ ਆਏ ਪ੍ਰਤੀਨਿਧੀ ਮੰਡਲ ਦੀ ਮਹਤੱਤਾ ਨੂੰ ਘਟਾਣ ਦੀ ਕੌਸ਼ਿਸ਼ ਕੀਤੀ ਗਈ। ਕੇਂਦ੍ਰੀ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਸ. ਸਰਦਾਰਾ ਸਿੰਘ ਜੋਹਲ ਨੇ ਕਿਹਾ ਕਿ ਹੁਣ ਖਾਲਿਸਤਾਨ ਕੋਈ ਮੁੱਦਾ ਨਹੀਂ ਰਿਹਾ। ਦਫਨਾਏ ਮੁਰਦਿਆਂ ਨੂੰ ਜਿੰਦਾ ਕਰਨਾ ਕੋਈ ਸਿਅਣਪ ਨਹੀਂ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦਾ ਮੰਨਣਾ ਹੈ ਕਿ ਕਨਾਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਉਨ੍ਹਾਂ ਦਾ ਬਣਦਾ ਸਨਮਾਨ ਨਾ ਦਿੱਤੇ ਜਾਣ ਨਾਲ ਸ਼ਾਇਦ ਉਨ੍ਹਾਂ ਨੂੰ ਤਾਂ ਕੋਈ ਫਰਕ ਨਹੀਂ ਪਿਆ ਹੋਣਾ, ਪ੍ਰੰਤੂ ਇਸ ਨਾਲ ਸੰਸਾਰ ਵਿੱਚ ਭਾਰਤੀ ਮਹਿਮਾਨਵਾਜ਼ੀ ਦੇ ਸੰਬੰਧ ਵਿੱਚ ਕੋਈ ਚੰਗਾ ਸੁਨੇਹਾ ਨਹੀਂ ਜਾ ਸਕਿਆ ਤੇ ਅੰਤ੍ਰਰਾਸ਼ਟਰੀ ਪੱਧਰ ’ਤੇ ਭਾਰਤ ਦੀ ਛੱਬੀ ਜ਼ਰੂਰ ਪ੍ਰਭਾਵਤ ਹੋਈ ਹੈ।

Leave a Reply

Your email address will not be published.