ਮੋਦੀ ਸਰਕਾਰ ਦਾ ‘ਲੋਕ-ਲੁਭਾਊ’ ਬਜਟ


ਨਵੀਂ ਦਿੱਲੀ, 1 ਫ਼ਰਵਰੀ (ਏਜੰਸੀ) : ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਪੇਸ਼ ਕੀਤੇ ਗਏ ਆਮ ਬਜਟ ਵਿਚ ਅਗਲੇ 14 ਮਹੀਨਿਆਂ ਵਿਚ ਦੇਸ਼ ਵਿਚ ਹੋਣ ਵਾਲੀਆਂ ਲੋਕ ਸਭਾ ਸਮੇਤ 14 ਚੋਣਾਂ ਦਾ ਪ੍ਰਭਾਵ ਸਾਫ਼ ਦਿਸਿਆ। ਮੱਧ ਵਰਗ ਲਈ ਅਜਿਹਾ ਕੋਈ ਐਲਾਨ ਨਹੀਂ ਹੋਇਆ ਜਿਸ ਨਾਲ ਉਸ ਨੂੰ ਟੈਕਸ ਵਿਚ ਫ਼ਾਇਦਾ ਮਿਲੇ ਪਰ ਕਾਂਗਰਸ ਦੇ ਰਵਾਇਤੀ ਵੋਟਰਾਂ ਨੂੰ ਪ੍ਰਭਾਵਤ ਕਰਨ ਦੇ ਮਕਸਦ ਨਾਲ ਗ਼ਰੀਬਾਂ ਤੇ ਕਿਸਾਨਾਂ ਲਈ ਕੁੱਝ ਐਲਾਨ ਜ਼ਰੂਰ ਕੀਤੇ ਗਏ ਜਿਨ੍ਹਾਂ ਵਿਚ ਆਯੂਸ਼ਮਾਨ ਭਾਰਤ ਯੋਜਨਾ ਸ਼ਾਮਲ ਹੈ। ਇਸ ਯੋਜਨਾ ਤਹਿਤ 10 ਕਰੋੜ ਪਰਵਾਰਾਂ ਨੂੰ ਹਸਪਤਾਲ ਦਾਖ਼ਲ ਹੋਣ ‘ਤੇ 5 ਲੱਖ ਰੁਪਏ ਤਕ ਦਾ ਸਾਲਾਨਾ ਸਿਹਤ ਬੀਮਾ ਮਿਲੇਗਾ। ਇਸ ਦਾ ਫ਼ਾਇਦਾ 40 ਤੋਂ 50 ਕਰੋੜ ਲੋਕਾਂ ਤਕ ਪਹੁੰਚੇਗਾ। ਕਿਸਾਨਾਂ ਨੂੰ ਧਿਆਨ ਵਿਚ ਰਖਦਿਆਂ ਸਾਉਣੀ ਦੀਆਂ ਫ਼ਸਲਾਂ ‘ਤੇ ਲਾਗਤ ਤੋਂ ਡੇਢ ਗੁਣਾਂ ਘੱਟ ਘੱਟ ਸਮਰਥਨ ਮੁਲ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।

ਦੂਜੇ ਪਾਸੇ, ਮੱਧ ਵਰਗ ਤੇ ਨੌਕਰੀਪੇਸ਼ਾ ਲੋਕ ਨਿਰਾਸ਼ ਜਾਪਦੇ ਹਨ ਕਿਉਂਕਿ ਆਮਦਨ ਕਰ ਸਲੈਬ ਵਿਚ ਕੋਈ ਰਾਹਤ ਨਹੀਂ ਦਿਤੀ ਗਈ। ਉਮੀਦ ਸੀ ਕਿ ਸਰਕਾਰ ਬਦਲਾਅ ਕਰੇਗੀ ਪਰ ਅਜਿਹਾ ਨਹੀਂ ਹੋਇਆ ਜਿਸ ਨਾਲ ਦੇਸ਼ ਦੇ 4 ਕਰੋੜ ਵਿਅਕਤੀਗਤ ਕਰਦਾਤਾਵਾਂ ਨੂੰ ਨਿਰਾਸ਼ਾ ਹੋਈ। 80 ਸੀ ਤਹਿਤ ਡੇਢ ਲੱਖ ਰੁਪਏ ਦੇ ਨਿਵੇਸ਼ ‘ਤੇ ਆਮਦਨ ਕਰ ਵਿਚ ਛੋਟ ਹਾਸਲ ਕਰਨ ਦੀ ਲਿਮਿਟ ਵੀ ਨਹੀਂ ਵਧਾਈ ਗਈ।ਵਿੱਤ ਮੰਤਰੀ ਅਰੁਣ ਜੇਤਲੀ ਨੇ ਆਮ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਦੇ ਅਪਣੇ ਆਖ਼ਰੀ ਮੁਕੰਮਲ ਬਜਟ ਵਿਚ ਅੱਜ ਇਕ ਪਾਸੇ ਖੇਤੀਬਾੜੀ, ਪੇਂਡੂ ਬੁਨਿਆਦੀ ਢਾਂਚੇ, ਸੂਖਮ ਅਤੇ ਲਘੂ ਉਦਯੋਗਾਂ ਅਤੇ ਸਿਖਿਆ ਤੇ ਸਿਹਤ ਖੇਤਰ ਲਈ ਖ਼ਜ਼ਾਨਾ ਖੋਲ੍ਹ ਕੇ ਆਮ ਲੋਕਾਂ ਨੂੰ ਲੁਭਾਉਣ ਦਾ ਯਤਨ ਕੀਤਾ, ਉਥੇ ਦੂਜੇ ਪਾਸੇ ਤਨਖ਼ਾਹਸ਼ੁਦਾ ਲੋਕਾਂ ਅਤੇ ਸੀਨੀਅਰ ਨਾਗਰਿਕਾਂ ਨੂੰ ਕਰ ਅਤੇ ਨਿਵੇਸ਼ ਵਿਚ ਰਾਹਤ ਦੇਣ ਦਾ ਵੀ ਐਲਾਨ ਕੀਤਾ।

ਵਿੱਤ ਮੰਤਰੀ ਨੇ ਆਮਦਨ ਕਰ ਦਰਾਂ ਅਤੇ ਸਲੈਬ ਵਿਚ ਕੋਈ ਬਦਲਾਅ ਨਹੀਂ ਕੀਤਾ ਪਰ ਤਨਖ਼ਾਹਸ਼ੁਦਾ ਵਿਅਕਤੀਆਂ ਲਈ 40 ਹਜ਼ਾਰ ਰੁਪਏ ਸਾਲਾਨਾ ਦੀ ਮਾਨਕ ਕਟੌਤੀ ਦਾ ਜ਼ਰੂਰ ਐਲਾਨ ਕੀਤਾ। ਇਸ ਨਾਲ ਇਸ ਵਰਗ ਦੇ ਕਰਦਾਤਾਵਾਂ ਨੂੰ ਕੁਲ ਮਿਲਾ ਕੇ 8,000 ਕਰੋੜ ਰੁਪਏ ਦਾ ਫ਼ਾਇਦਾ ਹੋਣ ਦਾ ਅਨੁਮਾਨ ਹੈ। ਲੋਕ ਸਭਾ ਵਿਚ ਲਗਾਤਾਰ ਪੰਜਵਾਂ ਬਜਟ ਪੇਸ਼ ਕਰਦਿਆਂ ਜੇਤਲੀ ਨੇ ਸਾਰੀ ਕਰ ਯੋਗ ਆਮਦਨ ‘ਤੇ ਸਿਹਤ ਤੇ ਸਿਖਿਆ ਉਪ ਕਰ 3 ਫ਼ੀ ਸਦੀ ਤੋਂ ਵਧਾ ਕੇ 4 ਫ਼ੀ ਸਦੀ ਕਰਨ ਦਾ ਪ੍ਰਸਤਾਵ ਰਖਿਆ। ਨਾਲ ਹੀ ਸਮਾਜਕ ਭਲਾਈ ਦੀਆਂ ਯੋਜਨਾਵਾਂ ਦੇ ਫ਼ੰਡਾਂ ਲਈ 10 ਫ਼ੀ ਸਦੀ ਸਮਾਜਕ ਭਲਾਈ ਫ਼ੰਡ ਦਾ ਵੀ ਪ੍ਰਸਤਾਵ ਰਖਿਆ। ਉਨ੍ਹਾਂ 250 ਕਰੋੜ ਰੁਪਏ ਤਕ ਦੇ ਕਾਰੋਬਾਰ ਵਾਲੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਲਈ ਕੰਪਨੀ ਕਰ 30 ਫ਼ੀ ਸਦੀ ਤੋਂ ਘਟਾ ਕੇ 25 ਫ਼ੀ ਸਦੀ ਕਰਨ ਦਾ ਵੀ ਐਲਾਨ ਕੀਤਾ।

ਸ਼ੇਅਰਾਂ ਦੀ ਵਿਕਰੀ ਤੋਂ ਇਕ ਲੱਖ ਰੁਪਏ ਤੋਂ ਜ਼ਿਆਦਾ ਪੂੰਜੀ ਲਾਭ ‘ਤੇ ਕਰ ਲਾਉਣ ਦਾ ਵੀ ਪ੍ਰਸਤਾਵ ਰਖਿਆ। ਕਰੀਬ ਦੋ ਘੰਟੇ ਦੇ ਭਾਸ਼ਨ ਵਿਚ ਜੇਤਲੀ ਨੇ ਆਮਦਨ ਦੀਆਂ ਦਰਾਂ ਅਤੇ ਸਲੈਬ ਵਿਚ ਕੋਈ ਬਦਲਾਅ ਨਹੀਂ ਕੀਤਾ ਪਰ ਉਨ੍ਹਾਂ ਨੇ ਤਨਖ਼ਾਹਸ਼ੁਦਾ ਮੁਲਾਜ਼ਮਾਂ ਅਤੇ ਪੈਨਸ਼ਨਧਾਰਕਾਂ ਲਈ ਆਵਾਜਾਈ ਅਤੇ ਇਲਾਜ ਖ਼ਰਚੇ ਬਦਲੇ 40,000 ਰੁਪਏ ਦੀ ਛੋਟ ਦੇਣ ਦਾ ਐਲਾਨ ਜ਼ਰੂਰ ਕੀਤਾ।ਵਿੱਤ ਮੰਤਰੀ ਨੇ ਸੀਨੀਅਰ ਨਾਗਰਿਕਾਂ ਲਈ ਬੈਂਕ ਜਮ੍ਹਾਂ ਰਾਸ਼ੀ ‘ਤੇ ਵਿਆਜ ਤੋਂ ਆਮਦਨ ਦੀ ਛੋਟ ਹੱਦ 10 ਹਜ਼ਾਰ ਰੁਪਏ ਤੋਂ ਵਧਾ ਕੇ 50 ਹਜ਼ਾਰ ਰੁਪਏ ਕਰ ਦਿਤੀ। ਨਾਲ ਹੀ ਮਿਆਦੀ ਜਮ੍ਹਾਂਰਾਸ਼ੀ ‘ਤੇ ਕਰ ਕਟੌਤੀ ਨਹੀਂ ਹੋਵੇਗੀ। ਗੰਭੀਰ ਬੀਮਾਰੀ ‘ਤੇ ਇਲਾਜ ਖ਼ਰਚਾ ਹੱਦ ਵਧਾ ਕੇ ਇਕ ਲੱਖ ਰੁਪਏ ਕਰ ਦਿਤੀ ਗਈ ਹੈ। ਜੀਐਸਟੀ ਵਿਚ ਉਤਪਾਦ ਫ਼ੀ ਸਦ ਅਤੇ ਸੇਵਾ ਕਰ ਦੇ ਸ਼ਾਮਲ ਹੋਣ ਨਾਲ ਵਿੱਤ ਮੰਤਰੀ ਨੇ ਕੇਵਲ ਸੀਮਾ ਫ਼ੀਸ ਵਿਚ ਬਦਲਾਅ ਕੀਤਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮੋਦੀ ਸਰਕਾਰ ਦਾ ‘ਲੋਕ-ਲੁਭਾਊ’ ਬਜਟ