ਚੋਣ ਮੈਨੀਫ਼ੈਸਟੋ ਨੂੰ ਕਾਨੂੰਨੀ ਪ੍ਰੋਨੋਟ ਮੰਨਿਆ ਜਾਵੇ : ਭਾਜਪਾ

Punjab-BJP-releases-report-card-on-Capt-Amarider

ਚੰਡੀਗੜ੍ਹ, 15 ਜਨਵਰੀ (ਏਜੰਸੀ) : ਪਿਛਲੇ 10 ਸਾਲ ਸ਼੍ਰੋਮਣੀ ਅਕਾਲੀ ਦਲ ਨਾਲ ਸਰਕਾਰ ਵਿਚ ਭਾਈਵਾਲ ਰਹੀ ਭਾਜਪਾ ਹਰ ਮਹੀਨੇ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ‘ਤੇ ਪੜਚੋਲ ਕਰਦੀ ਹੈ ਅਤੇ ਵੇਰਵੇ ਤੇ ਅੰਕੜੇ ਦੇ ਕੇ ਆਲੋਚਨਾ ਕਰਨ ਵਿਚ ਤਸੱਲੀ ਪ੍ਰਗਟ ਕਰਦੀ ਹੈ। ਅੱਜ ਇਥੇ ਭਾਜਪਾ ਭਵਨ ਵਿਚ ਕਾਂਗਰਸ ਸਰਕਾਰ ਦੀ ਪਿਛਲੇ 10 ਮਹੀਨੇ ਦੀ ਕਾਰਗੁਜ਼ਾਰੀ ਦੀ ਤਸਵੀਰ ਪੇਸ਼ ਕਰਦੇ ਹੋਏ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਅਤੇ ਵਿਨੀਤ ਜੋਸ਼ੀ ਨੇ ਮੰਗ ਕੀਤੀ ਕਿ ਚੋਣ ਮੈਨੀਫ਼ੈਸਟੋ ਨੂੰ ਲੀਗਲ ਦਸਤਾਵੇਜ਼ ਬਣਾਇਆ ਜਾਵੇ ਅਤੇ ਜੇ ਕੋਈ ਸਿਆਸੀ ਪਾਰਟੀ ਸੱਤਾ ਵਿਚ ਆਉਣ ਤੋਂ ਬਾਅਦ ਵਾਅਦਿਆਂ ਤੋਂ ਮੁਕਰ ਜਾਂਦੀ ਹੈ ਤਾਂ ਉਸ ਦੇ ਲੀਡਰਾਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਗਰੇਵਾਲ ਨੇ ਕਿਹਾ ਕਿ ਸਰਹੱਦੀ ਸੂਬੇ ਅੰਦਰ ਸਿਆਸੀ ਬਦਲਾਖੋਰੀ ਦੇ ਮਾਮਲੇ ਵਧੇ ਹਨ, ਅਕਾਲੀ-ਭਾਜਪਾ ਵਰਕਰਾਂ ਤੇ ਅਹੁਦੇਦਾਰਾਂ ਵਿਰੁਧ ਝੂਠੇ ਕੇਸ ਦਰਜ ਹੋਏ ਹਨ, ਮਿਉਂਸਪਲ ਤੇ ਕਾਰਪੋਰੇਸ਼ਨ ਚੋਣਾਂ ਵਿਚ ਕਾਂਗਰਸ ਨੇ ਧੱਕੇਸ਼ਾਹੀ ਕੀਤੀ, ਜਮਹੂਰੀਅਤ ਦਾ ਗਲਾ ਘੁਟਿਆ ਅਤੇ ਸੱਤਾਧਾਰੀ ਵਿਧਾਇਕਾਂ ਤੇ ਮੰਤਰੀਆਂ ਦੀ ਸ਼ਹਿ ‘ਤੇ ਪੁਲਿਸ ਅਤੇ ਪ੍ਰਸ਼ਾਸਨ ਦਾ ਸਿਆਸੀਕਰਨ ਵਾਧੂ ਹੋ ਗਿਆ ਹੈ।

ਸ. ਹਰਜੀਤ ਸਿੰਘ ਗਰੇਵਾਲ ਤੇ ਭਾਜਪਾ ਦੇ ਸਕੱਤਰ ਵਿਨੀਤ ਜੋਸ਼ੀ ਨੇ ਐਲਾਨ ਕੀਤਾ ਕਿ ਪਾਰਟੀ ਦੇ ਵਰਕਰ ਤੇ ਜ਼ਿਲ੍ਹਾ ਅਹੁਦੇਦਾਰ ਹਰ ਜ਼ਿਲ੍ਹਾ ਮੁਕਾਮ ‘ਤੇ ਮਾੜੇ ਪ੍ਰਸ਼ਾਸਨ ਅਤੇ ਲਾਅ ਐਂਡ ਆਰਡਰ ਦੀ ਭੈੜੀ ਹਾਲਤ, ਲੁੱਟਾਂ ਖੋਹਾਂ, ਗੈਂਗਸਟਰਾਂ ਨੂੰ ਕੰਟਰੋਲ ਨਾ ਕਰਨ ਕਰ ਕੇ ਸਰਕਾਰ ਵਿਰੁਧ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਭਲਕੇ ਧਰਨੇ ਦੇਣਗੇ ਅਤੇ ਲਿਖਤੀ ਮੈਮੋਰੰਡਮ ਦੇਣਗੇ। ਕਿਸਾਨੀ ਕਰਜ਼ੇ ਮਾਫ਼ ਕਰਨ ਲਈ ਪੁੱਟੇ ਕਦਮਾਂ ਅਤੇ ਸੱਤ ਜਨਵਰੀ ਦੇ ਮਾਨਸਾ ਵਿਖੇ ਵੱਡੇ ਸਮਾਗਮ ਦੀ ਪੋਲ ਖੋਲ੍ਹਦੇ ਹੋਏ ਭਾਜਪਾ ਅਹੁਦੇਦਾਰਾਂ ਨੇ ਦਸਿਆ ਕਿ ਹੁਣ ਤਕ 368 ਕਿਸਾਨ ਖ਼ੁਦਕੁਸ਼ੀਆਂ ਹੋ ਚੁਕੀਆਂ ਹਨ, ਰੋਜ਼ਾਨਾ ਇਕ ਦੋ ਕਿਸਾਨ ਕਰਜ਼ੇ ਹੇਠ ਦੱਬੇ ਹੋਣ ਕਾਰਨ ਅਪਣੀ ਜਾਨ ਗਵਾ ਰਹੇ ਹਨ ਅਤੇ ਖੇਤੀਬਾੜੀ ਦੀ ਪੁਖਤਾ ਨੀਤੀ ਬਣਾਉਣ ਦੀ ਥਾਂ ਪੰਜਾਬ ਦੀ ਕਾਂਗਰਸ ਸਰਕਾਰ ਚੋਣ ਮੈਨੀਫ਼ੈਸਟੋ ਵਿਚ ਕੀਤੇ ਵਾਅਦਿਆਂ ‘ਤੇ ਪੋਚਾ-ਪੋਚੀ ਕਰ ਰਹੀ ਹੈ। ਮੁੱਖ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕਾਂਗਰਸ ਦੇ ਨੀਤੀ ਘਾੜਿਆਂ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਚੋਣ ਮੈਨੀਫ਼ੈਸਟੋ ਵਿਚ ਕੀਤੇ ਗ਼ਲਤ ਵਾਅਦਿਆਂ ਲਈ ਜ਼ਿੰਮੇਵਾਰੀ ਠਹਿਰਾਉਂਦੇ ਹੋਏ ਗਰੇਵਾਲ ਤੇ ਜੋਸ਼ੀ ਨੇ ਕਿਹਾ ਕਿ ਪੰਜਾਬ ਅੰਦਰ ਦਲਿਤ, ਮਜ਼ਦੂਰ, ਨੌਜਵਾਨ, ਔਰਤਾਂ, ਸਰਕਾਰੀ ਕਰਮਚਾਰੀਆਂ ਸਾਰਿਆਂ ਨਾਲ ਧੋਖਾ ਹੋਇਆ ਹੈ।

ਮਾਨਸਾ ਸਮਾਗਮ ‘ਤੇ ਲਾਏ ਵੱਡੇ ਬੋਰਡ ‘ਜੋ ਕਿਹਾ ਉਹ ਕੀਤਾ’ ਯਾਨੀ ਕਰਜ਼ਾ ਮਾਫ਼ੀ ਦੇ ਵੱਡੇ ਹੋਰਡਿੰਗਜ਼ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਫ਼ੇਦ ਝੂਠ ਬੋਲਿਆ ਹੈ ਕਿਉਂਕਿ ਕਾਂਗਰਸ ਨੇ ਚੋਣ ਵਾਅਦਿਆਂ ਵਿਚ ਜੋ ਕਿਹਾ, ਉਹ ਕੀਤਾ ਨਹੀਂ। ਕਾਂਗਰਸ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਪੂਰਾ ਕਰਜ਼ਾ ਮਾਫ਼ ਕਰਾਂਗੇ, ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦਿਆਂਗੇ, ਕੁਦਰਤੀ ਕਹਿਰ ਨਾਲ ਨੁਕਸਾਨ ‘ਤੇ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿਆਂਗੇ, ਖ਼ੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਬੱਚਿਆਂ ਨੂੰ ਮੁਫ਼ਤ ਸਿਖਿਆ ਅਤੇ ਮੁਫ਼ਤ ਹੋਸਟਲ ਅਤੇ ਵਿਧਵਾਵਾਂ ਦੀ ਸਕਿੱਲ ਡਿਵੈਲਪਮੈਂਟ ਲਈ ਕੇਂਦਰ, ਪੰਜ ਲੱਖ ਤਕ ਦਾ ਜੀਵਨ ਬੀਮਾ ਕਰਾਂਗੇ ਪਰ ਹੁਣ ਤਕ ਕੀਤਾ ਤਾਂ ਕੁੱਝ ਨਹੀਂ। ਦਲਿਤਾਂ ਨੂੰ ਕਿਹਾ ਸੀ ਕਿ 50 ਹਜ਼ਾਰ ਤਕ ਦਾ ਬਕਾਇਆ ਕਰਜ਼ ਮਾਫ਼ ਕਰਾਂਗੇ, ਬੇਘਰ ਦਲਿਤਾਂ ਲਈ ਘਰ, ਹਰ ਦਲਿਤ ਪਰਵਾਰ ਵਿਚ ਇਕ ਪੱਕੀ ਨੌਕਰੀ, ਗ੍ਰੈਜੇਸ਼ਨ ਤਕ ਮੁਫ਼ਤ ਸਿਖਿਆ, ਦਲਿਤ ਕੁੜੀਆਂ ਨੂੰ ਕਿਸੇ ਵੀ ਪੱਘਰ ਤਕ ਮੁਫ਼ਤ ਸਿਖਿਆ ਦਿਆਂਗੇ ਪਰ ਹੋਇਆ ਕੁੱਝ ਨਹੀਂ।

ਕਾਂਗਰਸ ਸਰਕਾਰ ਨੇ ਚੋਣਾਂ ਵੇਲੇ ਨੌਜਵਾਨਾਂ ਨੂੰ ਸਮਾਰਟਫ਼ੋਨ ਦੇਣ ਦਾ ਵਾਅਦਾ ਕੀਤਾ ਸੀ, ਹਰ ਘਰ ਇਕ ਨੌਜਵਾਨ ਨੂੰ ਨੌਕਰੀ ਅਤੇ ਜਦ ਤਕ ਨੌਕਰੀ ਨਹੀਂ, ਉਦੋਂ ਤਕ 2500 ਰੁਪਏ ਹਰ ਮਹੀਨੇ ਬੇਰੁਜ਼ਗਾਰੀ ਭੱਤਾ ਪਰ ਕੀਤਾ ਤਾਂ ਹੁਣ ਤਕ ਕੁੱਝ ਨਹੀਂ। ਕਾਂਗਰਸ ਨੇ ਔਰਤਾਂ ਨੂੰ ਕਿਹਾ ਸੀ ਕਿ ਸਰਕਾਰੀ ਨੌਕਰੀਆਂ ਵਿਚ 33 ਫ਼ੀ ਸਦੀ ਰਾਖਵਾਂਕਰਨ ਦਿਆਂਗੇ, ਘਰੇਲੂ ਹਿੰਸਾ ਦੀ ਸ਼ਿਕਾਰ ਔਰਤਾਂ ਲਈ ਹਰ ਜ਼ਿਲ੍ਹੇ ਵਿਚ ਸਹਾਇਤਾ ਕੇਂਦਰ ਖੋਲ੍ਹਾਂਗੇ ਪਰ ਹੋਇਆ ਕੁੱਝ ਨਹੀਂ।

Facebook Comments

POST A COMMENT.

Enable Google Transliteration.(To type in English, press Ctrl+g)