ਬੈਂਕਾਕ ‘ਚ ਮਿਲੇ ਭਾਰਤ ਤੇ ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰ

NSA

ਨਵੀਂ ਦਿੱਲੀ, 1 ਜਨਵਰੀ (ਏਜੰਸੀ) : ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਭਾਲ ਅਤੇ ਪਾਕਿਸਤਾਨ ਦੇ ਐਨਐਸਏ ਨਾਸਿਰ ਖਾਨ ਜੰਜੁਆ ਦੇ ਵਿਚ ਇੱਕ ਗੁਪਤ ਮੁਲਾਕਾਤ ਹੋਈ ਸੀ। ਮੀਡੀਆ ਰਿਪੋਰਟਾਂ ਅਨੁਸਾਰ ਇਹ ਮੀਟਿੰਗ 26 ਦਸੰਬਰ ਨੂੰ ਬੈਂਕਾਕ ਵਿਚ ਹੋਈ। ਇਸ ਤੋਂ ਇਕ ਦਿਨ ਪਹਿਲਾਂ ਭਾਰਤੀ ਜਲ ਸੈਨਾ ਦੇ ਸੇਵਾ ਮੁਕਤ ਅਧਿਕਾਰੀ ਕੁਲਭੂਸ਼ਣ ਜਾਧਵ ਦੀ ਮਾਂ ਅਤੇ ਪਤਨੀ ਉਨ੍ਹਾਂ ਨਾਲ ਇਲਾਹਾਬਾਦ ਵਿਚ ਮਿਲੀ ਸੀ। ਸੂਤਰਾਂ ਨੇ ਦੱਸਿਆ ਕਿ ਐਨਐਸਏ ਦੀ ਮੀਟਿੰਗ ਦਾ ਇਸ ਮੁਲਾਕਾਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਦੀ ਤਾਰੀਕ ਪਹਿਲਾਂ ਹੀ ਤੈਅ ਹੋ ਚੁੱਕੀ ਸੀ। ਕਰੀਬ ਦੋ ਘੰਟੇ ਚਲੀ ਮੀਟਿੰਗ ਵਿਚ ਜੰਮੂ ਕਸ਼ਮੀਰ ਦੀ ਸਰਹੱਦ ਦੇ ਹਾਲਾਤ ‘ਤੇ ਚਰਚਾ ਹੋਈ। ਸੂਤਰਾਂ ਅਨੁਸਾਰ ਇਸ ਮੀਟਿੰਗ ਦੇ ਦੋ ਦਿਨ ਬਾਅਦ 28 ਦਸੰਬਰ ਨੂੰ ਜੰਜੁਆ ਨੇ ਲਾਹੌਰ ਵਿਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਨਾਲ ਵੀ ਪੰਜ ਘੰਟੇ ਤੱਕ ਗੱਲਬਾਤ ਕੀਤੀ।

ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸ਼ਰੀਫ ਨੂੰ ਡੋਭਾਲ ਦੇ ਨਾਲ ਹੋਈ ਗੱਲਬਾਤ ਦੀ ਜਾਣਕਾਰੀ ਦਿੱਤੀ। ਪਾਕਿਸਤਾਨ ਅਤੇ ਭਾਰਤੀ ਅਧਿਕਾਰੀਆਂ ਨੇ ਇਸ ਮੀਟਿੰਗ ‘ਤੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ। ਇਸ ਤੋਂ ਪਹਿਲਾਂ ਬੈਂਕਾਕ ਵਿਚ ਹੀ ਦਸੰਬਰ 2015 ਵਿਚ ਭਾਰਤ-ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰ ਆਪਸ ਵਿਚ ਮਿਲੇ ਸੀ। ਉਸ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਰਿਸ਼ਤੇਦਾਰ ਦੇ ਵਿਆਹ ਵਿਚ ਅਚਾਨਕ ਲਾਹੌਰ ਚਲੇ ਗਏ ਸੀ। ਇਸ ਮੁਲਾਕਾਤ ਨਾਲ ਹਾਲਤ ਸੁਧਰਨ ਦੀ ਵੀ ਉਮੀਦ ਜਤਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਦੋਵੇਂ ਦੇਸ਼ਾਂ ਦੇ ਕੌਮੀ ਸੁਰੱਖਿਆ ਸਲਾਹਕਾਰ 2015 ਵਿਚ ਵੀ ਮਿਲੇ ਸੀ। ਇਸ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਮੋਦੀ ਪਾਕਿਸਤਸਾਨ ਪੁੱਜੇ ਸੀ। ਰੱਖਿਆ ਮਾਮਲਿਆਂ ਦੇ ਜਾਣਕਾਰ ਅਨੁਸਾਰ ਜਦੋਂ ਤੋਂ ਮੋਦੀ ਪਾਕਿਸਤਾਨ ਗਏ ਉਦੋਂ ਤੋਂ ਪਾਕਿ ਦੇ ਸਮਰਥਨ ਨਾਲ ਅੱਤਵਾਦੀਆਂ ਨੇ ਭਾਰਤੀ ਸੁਰੱਖਿਆ ਬਲਾਂ ਦੇ ਕੈਂਪਾਂ ‘ਤੇ ਹਮਲੇ ਵਧਾ ਦਿੱਤੇ। ਡੋਭਾਲ ਅਤੇ ਜੰਜੁਆ ਦੀ ਤਾਜ਼ਾ ਮੁਲਾਕਾਤ ਨੂੰ ਪਹਿਲਾਂ ਤੋਂ ਤੈਅ ਦੱਸਿਆ ਗਿਆ ਹੈ।

Facebook Comments

POST A COMMENT.

Enable Google Transliteration.(To type in English, press Ctrl+g)