ਰਾਹੁਲ ਗਾਂਧੀ ਅੱਗੇ ਕੈਪਟਨ ਦੀ ਨਾ ਚੱਲੀ, ਰਾਣਾ ਦਾ ਅਸਤੀਫਾ ਕੀਤਾ ਮਨਜ਼ੂਰ

rana-resign

ਨਵੀਂ ਦਿੱਲੀ, 18 ਜਨਵਰੀ (ਏਜੰਸੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਖਾਸ ਵਜ਼ੀਰ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਬੀਤੇ ਕੱਲ੍ਹ ਤੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਲਈ ਦਿੱਲੀ ਗਏ ਹੋਏ ਸੀ। ਅੱਜ ਕਾਂਗਰਸ ਮੁਖੀ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਨੇ ਰਾਣਾ ਗੁਰਜੀਤ ਦੇ ਅਸਤੀਫੇ ਨੂੰ ਮਨਜ਼ੂਰੀ ਦੇ ਦਿੱਤੀ। ਉੱਧਰ ਸੁਖਪਾਲ ਖਹਿਰਾ ਨੇ ਰਾਹੁਲ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ।

ਇਸ ਤੋਂ ਪਹਿਲਾਂ ਪਰਸੋਂ ਕੈਪਟਨ ਨੇ ਕਿਹਾ ਸੀ ਕਿ ਮੈਂ ਅਜੇ ਰਾਣਾ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਸੀ ਕਿ ਅਸਤੀਫ਼ੇ ਤੇ ਵਿਚਾਰ ਚਰਚਾ ਕਰਨ ਤੋਂ ਬਾਦ ਲਾਵਾਂਗੇ। ਰਾਣਾ ਗੁਰਜੀਤ ਸਿੰਘ ਨੇ ਕਿਹਾ ਸੀ ਉਨ੍ਹਾਂ ਕੈਪਟਨ ਨੂੰ ਅਸਤੀਫਾ ਦੇ ਦਿੱਤਾ ਹੈ ਤੇ ਅਗਲਾ ਫੈਸਲਾ ਉਹ ਆਪ ਲੈਣਗੇ। ਮੰਨਿਆ ਜਾ ਰਿਹਾ ਹੈ ਰਾਹੁਲ ਗਾਂਧੀ ਰਾਣਾ ਦਾ ਅਸਤੀਫ਼ਾ ਲੈਣ ‘ਤੇ ਅੜੇ ਹੋਏ ਸੀ। ਪੰਜਾਬ ਦੇ ਬਿਜਲੀ ਤੇ ਸਿੰਜਾਈ ਮੰਤਰੀ ਰਹਿ ਚੁੱਕੇ ਰਾਣਾ ਗੁਰਜੀਤ ਸਿੰਘ ‘ਤੇ ਰੇਤੇ ਦੀਆਂ ਖੱਡਾਂ ਨੂੰ ਆਪਣੇ ਚਹੇਤਿਆਂ ਦੇ ਹੱਕਾਂ ਵਿੱਚ ਨਿਲਾਮ ਕਰਵਾਉਣ ਦੇ ਇਲਜ਼ਾਮ ਸਨ। ਪੰਜਾਬ ਵਿੱਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਲਗਾਤਾਰ ਰਾਣਾ ਦੇ ਅਸਤੀਫੇ ਦੀ ਮੰਗ ਕਰਦੇ ਆ ਰਹੇ ਸੀ।

ਇਸ ਤੋਂ ਇਲਾਵਾ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੀਤੀ 6 ਜਨਵਰੀ ਨੂੰ ਸੰਮਨ ਜਾਰੀ ਕਰ ਕੇ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਇੰਦਰ ਪ੍ਰਤਾਪ ਸਿੰਘ ਨੂੰ 17 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਸੀ। ਇਸ ‘ਤੇ ਬੀਤੇ ਕੱਲ੍ਹ ਈ.ਡੀ. ਨੇ ਜਲੰਧਰ ਵਿੱਚ ਰਾਣਾ ਦੇ ਪੁੱਤਰ ਤੋਂ 7 ਘੰਟੇ ਪੁੱਛ ਗਿੱਛ ਕੀਤੀ ਸੀ। ਈ.ਡੀ. ਨੂੰ ਰਾਣਾ ਇੰਦਰ ਪ੍ਰਤਾਪ ਦੀ ਮਲਕੀਅਤ ਵਾਲੀ ਇੱਕ ਕੰਪਨੀ ਰਾਣਾ ਸ਼ੂਗਰਜ਼ ’ਤੇ ਵਿਦੇਸ਼ ਵਿੱਚ ਸ਼ੇਅਰਾਂ ਜਾਂ ਜੀ.ਡੀ.ਆਰਜ਼. (ਗਲੋਬਲ ਡਿਪੋਜ਼ਿਟਰੀ ਰਿਸਿਪਟਜ਼) ਦੇ ਰੂਪ ਵਿੱਚ 1.8 ਕਰੋੜ ਅਮਰੀਕੀ ਡਾਲਰ (ਕਰੀਬ 100 ਕਰੋੜ ਰੁਪਏ) ਜੁਟਾਉਣ ਦਾ ਸ਼ੱਕ ਹੈ। ਈ.ਡੀ. ਮੁਤਾਬਕ ਸ਼ੇਅਰਾਂ ਦੀ ਖ਼ਰੀਦੋ-ਫਰੋਖ਼ਤ ਦੌਰਾਨ ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਨੂੰ ਅਣਦੇਖਿਆ ਕੀਤਾ ਗਿਆ ਹੈ।

Facebook Comments

POST A COMMENT.

Enable Google Transliteration.(To type in English, press Ctrl+g)