ਮੋਦੀ ਸਰਕਾਰ ਕਿਸਾਨੀ ਕਰਜ਼ੇ ਮਾਫ਼ ਕਰਨ ਤੋਂ ਭੱਜੀ : ਸੁਨੀਲ ਜਾਖੜ

sunil-jakhar

ਚੰਡੀਗੜ੍ਹ, 5 ਜਨਵਰੀ (ਏਜੰਸੀ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਲੋਕ ਸਭਾ ਵਿਚ ਕਿਸਾਨੀ ਮੁੱਦਿਆਂ ‘ਤੇ ਅੱਜ ਭਾਜਪਾ ਦਾ ਕਿਸਾਨ ਵਿਰੋਧੀ ਚਿਹਰਾ ਤਦ ਨੰਗਾ ਹੋ ਗਿਆ ਜਦ ਕੇਂਦਰ ਸਰਕਾਰ ਆਰ.ਬੀ.ਆਈ ਦੇ ਗਵਰਨਰ ਦੇ ਨਾਮ ‘ਤੇ ਕਿਸਾਨੀ ਕਰਜ਼ਾ ਮਾਫ਼ੀ ਤੋਂ ਪੂਰੀ ਤਰ੍ਹਾਂ ਭੱਜ ਗਈ।

ਸ੍ਰੀ ਜਾਖੜ ਨੇ ਲੋਕ ਸਭਾ ਵਿਚ ਕੇਂਦਰੀ ਵਿਤ ਮੰਤਰੀ ਵਲੋਂ ਕਿਸਾਨੀ ਕਰਜ਼ਿਆਂ ਬਾਰੇ ਇਕ ਸਵਾਲ ਦੇ ਦਿਤੇ ਜਵਾਬ ‘ਤੇ ਲੋਕ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਿੱਪਣੀ ਕਰਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਦੀ ਬਜਾਏ ਦੇਸ਼ ਨੂੰ ਕਿਸਾਨ ਮੁਕਤ ਕਰਨ ਦੇ ਰਾਹ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਿਸ ਨੇ 2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਸੁਪਨਾ ਦੇਸ਼ ਦੇ ਅੰਨ੍ਹਦਾਤੇ ਨੂੰ ਵਿਖਾਇਆ ਹੈ ਉਹ ਲਗਾਤਾਰ ਕਿਸਾਨ ਵਿਰੋਧੀ ਫ਼ੈਸਲੇ ਕਰਦੀ ਆ ਰਹੀ ਹੈ।

ਸ੍ਰੀ ਜਾਖੜ ਨੇ ਦਸਿਆ ਕਿ ਕੇਂਦਰੀ ਵਿਤ ਮੰਤਰੀ ਨੇ ਸੰਸਦ ਵਿਚ ਲਿਖਤੀ ਤੌਰ ‘ਤੇ ਮੰਨਿਆ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿਚ ਕਿਸਾਨਾਂ ਦੀ ਕਰਜ਼ ਮੁਆਫ਼ੀ ਲਈ ਇਕ ਵੀ ਪੈਸਾ ਨਹੀਂ ਖਰਚਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਵਿਤ ਮੰਤਰੀ ਇਸ ਪਿਛੇ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਦਾ ਹਵਾਲਾ ਦੇ ਕੇ ਹਕੀਕਤ ਤੋਂ ਭੱਜ ਰਹੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਤੋਂ ਸਵਾਲ ਕੀਤਾ ਕਿ ਕਿਸਾਨਾਂ ਤੋਂ ਵੋਟਾਂ ਲੈ ਕੇ ਸ੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ ਨਾ ਕਿ ਆਰ.ਬੀ.ਆਈ. ਗਵਰਨਰ ਨੇ ਕਿਸਾਨਾਂ ਤੋਂ ਵੋਟਾਂ ਲਈਆਂ ਹਨ। ਇਸ ਲਈ ਦੇਸ਼ ਦੇ ਕਰੋੜਾਂ ਕਿਸਾਨਾਂ ਪ੍ਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜਵਾਬਦੇਹ ਹਨ ਨਾ ਕਿ ਆਰ.ਬੀ.ਆਈ ਦੇ ਗਵਰਨਰ।

Facebook Comments

POST A COMMENT.

Enable Google Transliteration.(To type in English, press Ctrl+g)