ਮੁੱਖ ਮੰਤਰੀ ਨੀਤੀਸ਼ ਕੁਮਾਰ ਦੇ ਕਾਫਲੇ ਉੱਤੇ ਪਥਰਾਵ

Nitish-Kumar

ਬਕਸਰ (ਬਿਹਾਰ), 12 ਜਨਵਰੀ (ਏਜੰਸੀ) : ਰਾਜ ਭਰ ਵਿੱਚ ਕੱਢੀ ਜਾਣ ਵਾਲੀ ਵਿਕਾਸ ਸਮੀਖਿਆ ਯਾਤਰਾ ’ਤੇ ਨਿਕਲੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਕਾਫ਼ਲੇ ’ਤੇ ਅੱਜ ਇਕ ਪਿੰਡ ਦੀ ਫ਼ੇਰੀ ਦੌਰਾਨ ਪੱਥਰ ਸੁੱਟੇ ਗਏ। ਹਾਲਾਂਕਿ ਇਸ ਘਟਨਾ ਦੌਰਾਨ ਮੁੱਖ ਮੰਤਰੀ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਥੇ ਦੁਮਰਾਓਂ ਬਲਾਕ ਵਿੱਚ ਮਗਰੋਂ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕੁਮਾਰ ਨੇ ਕਿਹਾ, ‘ਕੁਝ ਲੋਕ ਵਿਕਾਸ ਦੀ ਮੇਰੀ ਵਚਨਬੱਧਤਾ ਨੂੰ ਲੈ ਕੇ ਪ੍ਰੇਸ਼ਾਨ ਹਨ। ਉਹ ਹੋਰਨਾਂ ਨੂੰ ਕੁਰਾਹੇ ਪਾਉਣ ਦਾ ਯਤਨ ਕਰਕੇ ਭੜਕਾਉਣਾ ਚਾਹੁੰਦੇ ਹਨ, ਪਰ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੀਆਂ ਛੋਟੀਆਂ ਗੱਲਾਂ ਤੋਂ ਨਾ ਘਬਰਾਉਣ।’

ਕਾਫ਼ਲੇ ਵਿੱਚ ਮੁੱਖ ਮੰਤਰੀ ਨਾਲ ਸ਼ਾਮਲ ਇਕ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਫ਼ੋਨ ’ਤੇ ਦੱਸਿਆ ਕਿ ਕੁਝ ਲੋਕਾਂ ਨੇ ਕਾਫ਼ਲੇ ’ਤੇ ਪੱਥਰ ਸੁੱਟੇ, ਪਰ ਇਸ ਦੇ ਬਾਵਜੂਦ ਉਹ ਆਪਣੀ ਚਾਲੇ ਚਲਦੇ ਰਹੇ। ਅਧਿਕਾਰੀ ਨੇ ਕਿਹਾ ਕਾਫ਼ਲਾ ਇਸ ਘਟਨਾ ਨੂੰ ਅਣਗੌਲਿਆਂ ਕਰ ਅੱਗੇ ਵੱਧ ਗਿਆ, ਜਿੱਥੇ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਨੇ 272 ਕਰੋੜ ਦੀ ਲਾਗਤ ਨਾਲ 168 ਸਕੀਮਾਂ ਦੀ ਸ਼ੁਰੂਆਤ ਕੀਤੀ। ਉਂਜ ਕਾਫ਼ਲੇ ’ਤੇ ਪੱਥਰ ਸੁੱਟਣ ਵਾਲਿਆਂ ਬਾਰੇ ਫੌਰੀ ਕੋਈ ਜਾਣਕਾਰੀ ਨਹੀਂ ਮਿਲੀ ਤੇ ਨਾ ਹੀ ਇਹ ਪਤਾ ਲੱਗਾ ਕਿ ਉਨ੍ਹਾਂ ਨੂੰ ਕਿਸ ਗੱਲ ਦਾ ਗਿਲ੍ਹਾ ਸੀ।

ਇਸ ਦੌਰਾਨ ਮੁੱਖ ਮੰਤਰੀ ਨੇ ਜਨਤਕ ਇਕੱਠ ਦੌਰਾਨ ਜਿੱਥੇ ਸ਼ਰਾਬਬੰਦੀ ਦੇ ਆਪਣੇ ਮਿਸ਼ਨ ਬਾਰੇ ਵਿਸਥਾਰ ’ਚ ਗੱਲ ਕੀਤੀ, ਉਥੇ ਬਾਲ ਵਿਆਹ ਤੇ ਦਾਜ ਦੀ ਅਲਾਮਤ ਖ਼ਿਲਾਫ਼ ਸਰਕਾਰ ਵੱਲੋਂ ਚੁੱਕੇ ਕਦਮਾਂ ਬਾਰੇ ਵੀ ਦੱਸਿਆ। ਸੂਤਰਾਂ ਮੁਤਾਬਕ ਕੁਮਾਰ ਨੇ ਜਨਤਕ ਇਕੱਠ ਵਾਲੀ ਥਾਂ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜੇਕਰ ਕੋਈ ਨਾਅਰੇਬਾਜ਼ੀ ਤੇ ਕਾਲੀ ਝੰਡੀਆਂ ਵਿਖਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਬਾਰੇ ਬਹੁਤੀ ਚਿੰਤਾ ਨਾ ਕੀਤੀ ਜਾਵੇ।

Facebook Comments

POST A COMMENT.

Enable Google Transliteration.(To type in English, press Ctrl+g)