ਭਾਰਤ ’ਚ ਨਿਵੇਸ਼ ਤੇ ਵਿਕਾਸ ਦੇ ਵੱਡੇ ਮੌਕੇ : ਕੋਵਿੰਦ

Ram-Nath-Kovind

ਨਵੀਂ ਦਿੱਲੀ, 11 ਜਨਵਰੀ (ਏਜੰਸੀ) : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੂੰ ਅੱਜ ਕਿਹਾ ਕਿ ਉਹ ਆਪਣੇ ਮੁਲਕਾਂ ਦੀਆਂ ਤਰਜੀਹਾਂ ਨੂੰ ਭਾਰਤ ਦੇ ਵਿਕਾਸ ਨਾਲ ਜੋੜਨ ਤੇ ਵੇਖਣ ਕਿ ਕਿਵੇਂ ਉਹ ਇਕ ਦੂਜੇ ਦੇ ਕੰਮ ਆ ਸਕਦੇ ਹਨ। ਇਥੇ ਭਾਰਤੀ ਮੂਲ ਦੇ ਸੰਸਦ ਮੈਂਬਰਾਂ (ਪੀਆਈਓ) ਦੀ ਕੌਮਾਂਤਰੀ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਵੱਡੇ ਨਿਵੇਸ਼, ਵਪਾਰ ਤੇ ਵਿਕਾਸ ਦੇ ਮੌਕੇ ਪ੍ਰਦਾਨ ਕਰਦਾ ਹੈ। ਕਾਨਫਰੰਸ ਵਿੱਚ 23 ਮੁਲਕਾਂ ਦੇ ਸੰਸਦ ਮੈਂਬਰਾਂ ਨੇ ਹਾਜ਼ਰੀ ਭਰ ਰਹੇ ਹਨ।

ਸ੍ਰੀ ਕੋਵਿੰਦ ਨੇ ਕਿਹਾ, ‘ਤੁਹਾਡੇ ਲਈ ਇਹ ਅਹਿਮ ਹੈ ਕਿ ਤੁਸੀਂ ਆਪੋ ਆਪਣੇ ਮੁਲਕਾਂ ਦੀਆਂ ਤਰਜੀਹਾਂ ਨੂੰ ਭਾਰਤ ਦੇ ਵਿਕਾਸ ਨਾਲ ਜੋੜੋ। ਕਿਉਂਕਿ ਅਜਿਹਾ ਕਰਕੇ ਹੀ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਇਕ ਦੂਜੇ ਦੇ ਕੰਮ ਆਇਆ ਜਾ ਸਕਦਾ ਹੈ।’ ਸੰਸਦ ਮੈਂਬਰਾਂ ਨੂੰ ‘ਜਿਊਂਦੇ ਜਾਗਦੇ ਸੇਤੂ’ ਦੱਸਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਉਹ ਆਪੋ ਆਪਣੇ ਮੁਲਕਾਂ ਦਰਮਿਆਨ ਅਤੇ ਆਪਣੇ ਮਾਂ ਪਿਓ ਤੇ ਪੁਰਖਿਆਂ ਦੇ ਮੁਲਕ ਵਿਚਾਲੇ ਆਪਸੀ ਸਮਝ ਦਾ ਘੇਰਾ ਵਧਾਉਣ ਵਿੱਚ ਅਹਿਮ ਭੂਮਿਾ ਨਿਭਾਅ ਸਕਦੇ ਹਨ। ਉਨ੍ਹਾਂ ਕਿਹਾ, ‘ਭਾਰਤੀਆਂ ਨੂੰ ਆਪਣੀ ਜਮਹੂਰੀਅਤ, ਬਹੁਵਾਦ ਤੇ ਵੰਨ-ਸੁਵੰਨਤਾ ਦੇ ਢਾਂਚੇ ’ਤੇ ਮਾਣ ਹੈ। ਇਹ ਸਾਡੀ ਵੱਡੀ ਤਾਕਤ ਹਨ ਤੇ ਭਾਰਤੀ ਪ੍ਰਵਾਸੀ ਆਜ਼ਾਦ ਖ਼ਿਆਲਾਤ ਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਹਮੇਸ਼ਾਂ ਨਾਲ ਲੈ ਕੇ ਤੁਰਦੇ ਹਨ।’ ਉਨ੍ਹਾਂ ਭਾਰਤੀ ਪ੍ਰਵਾਸੀਆਂ ਜਿਵੇਂ ਕਿਸਾਨਾਂ ਵੱਲੋਂ ਇਟਲੀ, ਬੋਲੀਵੀਆ ਤੇ ਤਨਜ਼ਾਨੀਆ ਵਿੱਚ ਕੀਤੇ ਕੰਮਾਂ ਦੀ ਮਿਸਾਲ ਵੀ ਦਿੱਤੀ।

ਭਾਰਤ ਨੂੰ ਵਿਸ਼ਵ ਦਾ ਤੇਜ਼ੀ ਨਾਲ ਵਿਕਸਤ ਹੁੰਦਾ ਅਰਥਚਾਰਾ ਦੱਸਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਅਗਲੇ ਕੁਝ ਦਹਾਕਿਆਂ ’ਚ ਅਰਥਚਾਰਾ ਤੇਜ਼ੀ ਨਾਲ ਰਫ਼ਤਾਰ ਫੜੇਗਾ। ਉਨ੍ਹਾਂ ਕਿਹਾ ਕਿ 2022 ਤਕ ‘ਨਿਊ ਇੰਡੀਆ’ ਤਹਿਤ ਅਸੀਂ ਕਈ ਮੀਲਪੱਥਰ ਸਥਾਪਤ ਕਰਾਂਗੇ ਤੇ ਇਸੇ ਸਾਲ ਮੁਲਕ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨ ਵੀ ਮਨਾਵਾਂਗੇ। ਕਾਨਫਰੰਸ ਅੰਤਰ ਰਾਸ਼ਟਰੀ ਸਹਿਯੋਗ ਪ੍ਰੀਸ਼ਦ-ਭਾਰਤ ਵੱਲੋਂ ਪੀਆਈਓ ਚੈਂਬਰ ਆਫ਼ ਕਮਰਸ ਤੇ ਇੰਡਸਟਰੀ ਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਵਿਉਂਤੀ ਗਈ ਹੈ।

Facebook Comments

POST A COMMENT.

Enable Google Transliteration.(To type in English, press Ctrl+g)