ਭਵਿੱਖ ‘ਚ ਕੋਈ ਚੋਣ ਨਹੀਂ ਲੜਾਂਗਾ : ਹੰਸ ਰਾਜ ਹੰਸ

hans-raj-hans

ਭਦੌੜ, 2 ਜਨਵਰੀ (ਏਜੰਸੀ) : ਭਵਿੱਖ ‘ਚ ਕੋਈ ਚੋਣ ਨਹੀਂ ਲੜਾਂਗਾ, ਸਿਰਫ਼ ਹਾਈਕਮਾਂਡ ਦੇ ਨਿਰਦੇਸ਼ਾਂ ‘ਤੇ ਪਾਰਟੀ ਲਈ ਪ੍ਰਚਾਰ ਕਰਦਾ ਰਹਾਂਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਰਾਜ ਗਾਇਕ ਰਹੇ ਪ੍ਰਸਿੱਧ ਸੂਫ਼ੀ ਗਾਇਕ ਹੰਸ ਰਾਜ ਹੰਸ ਨੇ ਭਦੌੜ ਵਿਖੇ ਪੱਤਰਕਾਰਾਂ ਵਲੋਂ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਕੀਤਾ। ਹੰਸ ਰਾਜ ਹੰਸ, ਜੋ ਇੱਥੇ ਪੁਰਾਣੇ ਪੰਜਾਬੀ ਸੰਗੀਤ ਨੂੰ ਸੰਭਾਲਣ ਦੇ ਸ਼ੌਕੀਨ ਬਿੰਦਰ ਅਠਵਾਲ ਦੇ ਘਰ ਪਹੁੰਚੇ ਹੋਏ ਸਨ, ਨੇ ਕਿਹਾ ਕਿ ਬਿੰਦਰ ਅਠਵਾਲ ਜਿਹੇ ਇਨਸਾਨ ਟਾਂਵੇ ਹੀ ਮਿਲਦੇ ਹਨ, ਜੋ ਸੰਗੀਤ ਨੂੰ ਇੰਨੀਆਂ ਗਹਿਰਾਈਆਂ ਤੋਂ ਪਿਆਰ ਕਰਦੇ ਹਨ ਕਿ ਪੰਜਾਬੀ ਸੰਗੀਤ ਦਾ ਖ਼ਜ਼ਾਨਾ ਸਾਂਭੀ ਬੈਠੇ ਹਨ।

ਇਸ ਮੌਕੇ ਬਿੰਦਰ ਅਠਵਾਲ ਨੇ ਹੰਸ ਰਾਜ ਹੰਸ ਨੂੰ ਪੁਰਾਣੇ ਐਲ.ਪੀ. ਰੀਕਾਰਡ, ਸਿਰੰਡਰ ਰੀਕਾਰਡ ਦਿਖਾਉਂਦਿਆਂ ਕਿਹਾ ਕਿ ਮੇਰੇ ਕੋਲ 1901 ਤੋਂ ਲੈ ਕੇ 2011 ਤਕ ਦੇ ਸਾਰੇ ਪੁਰਾਣੇ ਗਾਇਕਾਂ ਦੇ ਰੀਕਾਰਡਾਂ ਤੋਂ ਇਲਾਵਾ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਦੇ ਭਾਸ਼ਣਾਂ ਦੇ ਰੀਕਾਰਡ ਸਾਂਭੇ ਹੋਏ ਹਨ, ਜੋ ਅੱਜ ਵੀ ਪੁਰਾਤਨ ਸੰਗੀਤਕ ਮਸ਼ੀਨਾਂ ‘ਤੇ ਸੁਣੇ ਜਾ ਸਕਦੇ ਹਨ। ਹੰਸ ਰਾਜ ਹੰਸ ਨੇ ਖੁਸ਼ੀ ਨਾਲ ਗਦਗਦ ਹੁੰਦਿਆਂ ਕਿਹਾ ਕਿ ਬਿੰਦਰ ਅਠਵਾਲ ਸੰਗੀਤਕ ਖ਼ਜ਼ਾਨੇ ਤੋਂ ਘੱਟ ਨਹੀਂ, ਕਿਉਂ ਕਿ ਇਸ ਕੋਲ ਅਜਿਹੀ ਸੰਗੀਤਕ ਸਮੱਗਰੀ ਸੰਭਾਲੀ ਹੋਈ ਹੈ, ਜੋ ਕਿਤੋਂ ਵੀ ਨਹੀਂ ਮਿਲਦੀ।

ਉਨ੍ਹਾਂ ਬਿੰਦਰ ਅਠਵਾਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਬਿੰਦਰ ਅਠਵਾਲ ਦੀ ਜ਼ਿੰਦਗੀ ਦੀ ਕਮਾਈ ਆਖੀ ਜਾ ਸਕਦੀ ਹੈ, ਜੋ ਬਹੁਤ ਵੱਡਾ ਉੱਦਮ ਹੈ। ਉਨ੍ਹਾਂ ਅਜੋਕੀ ਤੇ ਪੁਰਾਤਨ ਗਾਇਕੀ ਸਬੰਧੀ ਪੁੱਛੇ ਇਕ ਸਵਾਲ ਵਿਚ ਕਿਹਾ ਕਿ ਅੱਜ ਦੇ ਸਮੇਂ ਮੁਤਾਬਕ ਅੱਜ ਦੀ ਗਾਇਕੀ ਹੋ ਚੁੱਕੀ ਹੈ, ਜਿਸ ਦੀ ਉਮਰ ਬਹੁਤ ਘੱਟ ਹੈ। ਅੱਜ ਦੇ ਗਾਇਕ ਲੰਬਾ ਸਮਾਂ ਟਿਕ ਨਹੀਂ ਸਕਦੇ, ਕਿਉਂ ਕਿ ਸਰੋਤੇ ਹਰ ਵਕਤ ਕੁਝ ਨਵਾਂ ਭਾਲਦੇ ਹਨ।

Facebook Comments

POST A COMMENT.

Enable Google Transliteration.(To type in English, press Ctrl+g)