ਪਾਕਿ ਨੂੰ ‘ਸਿੱਧਾ’ ਕਰਨ ਲਈ ਟਰੰਪ ਪ੍ਰਸ਼ਾਸਨ ਨੇ ਉਂਗਲ ਕੀਤੀ ਟੇਢੀ

Donald-Trump

ਵਾਸ਼ਿੰਗਟਨ, 8 ਜਨਵਰੀ (ਏਜੰਸੀ) : ਟਰੰਪ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਪਾਕਿਸਤਾਨ ਨੂੰ ਅਤਿਵਾਦੀਆਂ ਲਈ ਸੁਰੱਖਿਅਤ ਠਾਹਰ ਬਣਨ ਤੋਂ ਰੋਕਣ ਲਈ ਹੁਣ ‘ਕੁੱਝ ਵੱਖਰਾ’ ਯਤਨ ਕਰਨ ਦਾ ਸਮਾਂ ਹੈ ਕਿਉਂਕਿ ਪੁਰਾਣੇ ਪ੍ਰਸ਼ਾਸਨ ਦੀ ਠਰ੍ਹੰਮੇ ਅਤੇ ਸਹਾਇਤਾ ਵਾਲੀ ਨੀਤੀ ਨਾਲ ਇਸ ਖਿੱਤੇ ਦੀ ਸਥਿਰਤਾ ਲਈ ਖ਼ਤਰਾ ਬਣੀ ਇਸ ਸਮੱਸਿਆ ਦਾ ਹੱਲ ਨਹੀਂ ਨਿਕਲਿਆ ਹੈ। ਇਹ ਟਿੱਪਣੀਆਂ ਇਕ ਸੀਨੀਅਰ ਅਧਿਕਾਰੀ ਨੇ ਕੀਤੀਆਂ ਹਨ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਲਈ 2 ਅਰਬ ਅਮਰੀਕੀ ਡਾਲਰ ਦੀ ਸੁਰੱਖਿਆ ਸਹਾਇਤਾ ਰੋਕ ਲਈ ਸੀ, ਜਿਸ ’ਤੇ ਪਾਕਿ ਨੇ ਤਿੱਖੀ ਪ੍ਰਤੀਕਿਰਿਆ ਕੀਤੀ ਸੀ।

ਇਸ ਅਧਿਕਾਰੀ ਨੇ ਕਿਹਾ ਕਿ 9/11 ਹਮਲੇ ਬਾਅਦ ਦੇ ਅਮਰੀਕੀ ਪ੍ਰਸ਼ਾਸਨ ਦੀਆਂ ਨੀਤੀਆਂ ਮੁਤਾਬਕ ਪਾਕਿਸਤਾਨ ਨੇ ਕੰਮ ਨਹੀਂ ਕੀਤਾ। ਟਰੰਪ ਪ੍ਰਸ਼ਾਸਨ ਦੇ ਇਸ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਜਾਂ ਅਫ਼ਗਾਨਿਸਤਾਨ ਨੂੰ ਅਤਿਵਾਦੀਆਂ ਦੀ ਸੁਰੱਖਿਅਤ ਠਾਹਰ ਨਾ ਬਣਨ ਦੇਣ ਲਈ ਵਚਨਬੱਧ ਹੈ, ਜਿਥੋਂ ਉਹ ਅਮਰੀਕਾ ਤੇ ਉਸ ਦੇ ਭਾਈਵਾਲਾਂ ’ਤੇ ਹਮਲੇ ਕਰ ਸਕਦੇ ਹੋਣ। ਇਹ ਸੁਰੱਖਿਅਤ ਥਾਵਾਂ ਅਸਲ ’ਚ ਇਸ ਖਿੱਤੇ ਦੀ ਸਥਿਰਤਾ ਲਈ ਖ਼ਤਰਾ ਹਨ। ਉਨ੍ਹਾਂ ਕਿਹਾ ਕਿ ਪਿਛਲੇ ਪ੍ਰਸ਼ਾਸਨ ਨੇ ਠਰ੍ਹੰਮਾ ਰੱਖਣ ਦੀ ਨੀਤੀ ਅਪਣਾਈ ਅਤੇ ਕੈਰੀ-ਲੂਗਰ-ਬਰਮਨ ਬਿੱਲ ਰਾਹੀਂ ਪਾਕਿ ਨੂੰ ਅਰਬਾਂ ਡਾਲਰ ਸਹਾਇਤਾ ਵਜੋਂ ਦਿੱਤੇ ਪਰ ਅਜੇ ਤਕ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ।

ਪਰ ਮੌਜੂਦਾ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹ ਸਮਾਂ ਕੁੱਝ ਵੱਖਰਾ ਅਜਮਾਉਣਾ ਦਾ ਹੈ। ਜੇਕਰ ਅਫ਼ਗਾਨਿਸਤਾਨ ਦੀ ਹਾਲਤ ਸੁਧਾਰਨੀ ਹੈ ਤਾਂ ਇਨ੍ਹਾਂ ਸੁਰੱਖਿਅਤ ਠਾਹਰਾਂ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਰਾਸ਼ਟਰਪਤੀ ਟਰੰਪ ਅਫ਼ਗਾਨਿਸਤਾਨ ਦੀ ਸਥਿਰਤਾ ਪ੍ਰਤੀ ਵਚਨਬੱਧਤਾ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਹਨ। ਇਸ ਅਧਿਕਾਰੀ ਨੇ ਕਿਹਾ ਕਿ ਟਰੰਪ ਦੀ ਨਵੀਂ ਨੀਤੀ ਪਾਕਿਸਤਾਨ ਨੂੰ ਅਫ਼ਗਾਨਿਸਤਾਨ ਦੀ ਅੱਖ ਰਾਹੀਂ ਦੇਖਣ ਬਾਰੇ ਨਹੀਂ ਬਲਕਿ ਇਹ ਇਸ ਖਿੱਤੇ ਅਤੇ ਅਮਰੀਕਾ ਦੇ ਭਵਿੱਖ ਬਾਰੇ ਇਕ ਨਜ਼ਰੀਆ ਹੈ।

Facebook Comments

POST A COMMENT.

Enable Google Transliteration.(To type in English, press Ctrl+g)