ਇਕ ਅਪ੍ਰੈਲ ਤੋਂ ਬਿਜਲੀ ਦਰਾਂ ਵਧਾਉਣ ਦੀ ਕਵਾਇਦ ਸ਼ੁਰੂ


ਚੰਡੀਗੜ੍ਹ, 30 ਜਨਵਰੀ (ਏਜੰਸੀ) : ਪਿਛਲੇ ਸਾਲ ਪੰਜਾਬ ਦੇ 75 ਲੱਖ ਬਿਜਲੀ ਖਪਤਕਾਰਾਂ ‘ਤੇ ਵਧੀਆਂ ਦਰਾਂ ਦਾ ਕੁਲ 2522 ਕਰੋੜ ਰੁਪਏ ਦਾ ਭਾਰ ਅਜੇ ਸਹੀ ਅਰਥਾਂ ਵਿਚ ਸਹਾਰਿਆ ਨਹੀਂ ਗਿਆ, ਉਤੋਂ ਹੋਰ ਭਾਰ ਆਉਂਦੀ ਇਕ ਅਪ੍ਰੈਲ ਤੋਂ ਪਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਸੇਵਾਮੁਕਤ ਸੀਨੀਅਰ ਆਈਏਐਸ ਅਧਿਕਾਰੀ ਬੀਬੀ ਕੁਸਮਜੀਤ ਸਿੱਧੂ ਦੀ ਅਗਵਾਈ ਵਿਚ ਪੰਜਾਬ ਦਾ ਬਿਜਲੀ ਰੈਗੂਲੇਟਰੀ ਕਮਿਸ਼ਨ ਮਾਹਰਾਂ ਤੇ ਤਕਨੀਕੀ ਅੰਕੜਾ ਗਿਆਤਾ ਦੀ ਟੀਮ ਨਾਲ ਵੱਖ-ਵੱਖ ਅਦਾਰਿਆਂ ਦੀਆਂ ਬੇਨਤੀਆਂ ‘ਤੇ ਸੁਣਵਾਈ ਕਰ ਰਿਹਾ ਹੈ। ਇਹ ਸੁਣਵਾਈ 15 ਫ਼ਰਵਰੀ ਤਕ ਚਲੇਗੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਟਿਆਲਾ ਸਥਿਤ ਪਾਵਰ ਕਾਰਪੋਰੇਸ਼ਨ ਨੇ ਇਸ ਵਾਰ ਅਪਣੀ ਪਟੀਸ਼ਨ ਵਿਚ 5140 ਕਰੋੜ ਦਾ ਮਾਲੀਆ ਘਾਟਾ ਵਿਖਾਇਆ ਹੈ।

ਪਾਵਰ ਕਾਰਪੋਰੇਸ਼ਨ ਨੇ ਇਸ ਰਿਵਿਊ ਪਟੀਸ਼ਨ ‘ਚ ਵਰਕਿੰਗ ਕੈਪੀਟਲ ਕਰਜ਼ਾ, ਕੈਪੀਟਲ ਖ਼ਰਚਾ, ਸਰਕਾਰ ਵਲੋਂ ਇਕਵਿਟੀ, ਜਨਰੇਸ਼ਨ ਇਨਸੈਂਟਿਵ ਟਿਊਬਵੈੱਲਾਂ ਦੀ ਮੁਫ਼ਤ ਬਿਜਲੀ ਬਦਲੇ ਸਰਕਾਰੀ ਸਬਸਿਡੀ ਦੀ ਬਕਾਇਆ ਰਕਮ ਅਤੇ ਹੋਰ ਕਈ ਵਾਸਤੇ ਪਾ ਕੇ 5140 ਕਰੋੜ ਰੁਪਏ ਦੀ ਹੋਰ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੀ ਵਾਰੀ ਸਾਲ 2017-18 ਵਾਸਤੇ 11575 ਕਰੋੜ ਦੀ ਰਕਮ ਵਿਖਾਈ ਸੀ ਪਰ ਕਮਿਸ਼ਨ ਨੇ 2533 ਕਰੋੜ ਹੀ ਨਿਰਧਾਰਤ ਕੀਤੇ ਸਨ। ਪਿਛਲੀ ਵਾਰ ਕਮਿਸ਼ਨ ਦੇ ਪਹਿਲੇ ਚੇਅਰਮੈਨ ਡੀ ਐਸ ਬੈਂਸ ਨੂੰ ਕਾਂਗਰਸ ਸਰਕਾਰ ਦੇ ਆਉਣ ਨਾਲ ਹਟਾ ਦਿਤਾ ਸੀ, ਨਵੀਂ ਨਿਯੁਕਤੀ ਬੀਬੀ ਕੁਸਮਜੀਤ ਸਿੱਧੂ ਦੀ ਲੇਟ ਹੋਈ ਸੀ, ਉਨ੍ਹਾਂ ਇਕ ਅਕਤੂਬਰ ਨੂੰ ਵਧੀਆਂ ਦਰਾਂ ਇਕ ਅਪ੍ਰੈਲ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਸੀ। ਇਸ ਨਾਲ ਕਰੋੜਾਂ ਰੁਪਏ ਦਾ ਭਾਰ ਬਿਜਲੀ ਖਪਤਕਾਰਾਂ ਸਮੇਤ ਪਾਵਰ ਕਾਰਪੋਰੇਸ਼ਨ ‘ਤੇ ਪਿਆ ਸੀ ਕਿਉਂਕਿ ਬਕਾਇਆ ਅਜੇ ਤਕ ਵੀ ਵਸੂਲਿਆ ਨਹੀਂ ਗਿਆ।

9 ਫ਼ੀ ਸਦੀ ਤੋਂ 12 ਫ਼ੀ ਸਦੀ ਤਕ ਵਧਾਈਆਂ ਦਰਾਂ ਦਾ ਪਿਛਲਾ ਭਾਰ ਅਤੇ ਦੋ ਮਹੀਨੇ ਬਾਅਦ ਇਕ ਅਪ੍ਰੈਲ ਤੋਂ ਹੋਰ ਵਧਾਈਆਂ ਜਾਣ ਵਾਲੀਆਂ ਬਿਜਲੀ ਦਰਾਂ ਨਾਲ ਪੰਜਾਬ ਦੇ 75 ਲੱਖ ਖਪਤਕਾਰਾਂ ਦਾ ਕਚੂਮਰ ਨਿਕਲ ਜਾਵੇਗਾ। ਜ਼ਿਕਰਯੋਗ ਹੈ ਕਿ ਵਿੱਤੀ ਸੰਕਟ ਵਿਚ ਬੁਰੀ ਤਰ੍ਹਾਂ ਘਿਰੀ ਪੰਜਾਬ ਦੀ ਕਾਂਗਰਸ ਸਰਕਾਰ ਪਹਿਲਾਂ ਹੀ ਕਿਸਾਨੀ ਕਰਜ਼ੇ ਮੁਆਫ਼ੀ ਅਤੇ ਇੰਡਸਟਰੀ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੇ ਵੱਡੇ ਵਾਅਦੇ ਅਤੇ ਐਲਾਨ ਕਰ ਚੁੱਕੀ ਹੈ। ਮਾਹਰਾਂ ਅਤੇ ਤਕਨੀਕੀ ਸਲਾਹਕਾਰਾਂ ਦਾ ਕਹਿਣਾ ਹੈ ਕਿ ਉਦਯੋਗਾਂ ਨੂੰ ਸਸਤੀ ਬਿਜਲੀ ਮੁਹਈਆ ਕਰਨ ਨਾਲ ਸਰਕਾਰ ‘ਤੇ ਤਿੰਨ ਹਜ਼ਾਰ ਕਰੋੜ ਦੀ ਸਬਸਿਡੀ ਦਾ ਹੋਰ ਭਾਰ ਪਵੇਗਾ।

ਪਹਿਲਾਂ ਹੀ 14 ਲੱਖ ਕਿਸਾਨੀ ਟਿਊਬਵੈੱਲਾਂ ਦੀ ਮੁਫ਼ਤ ਬਿਜਲੀ ਬਦਲੇ ਸਰਕਾਰ ਅੱਠ ਹਜ਼ਾਰ ਕਰੋੜ ਦੀ ਸਾਲਾਨਾ ਸਬਸਿਡੀ ਪਟਿਆਲਾ ਸਥਿਤ ਪਾਵਰ ਕਾਰਪੋਰੇਸ਼ਨ ਨੂੰ ਦਿੰਦੀ ਹੈ। ਸਾਲ 2016-17 ਦਾ ਕੁੱਝ ਬਕਾਇਆ ਅਤੇ ਸਾਲ 2017-18 ਦੀ ਪਹਿਲੀ ਤਿਮਾਹੀ, ਦੂਜੀ ਤਿਮਾਹੀ ਯਾਨੀ ਸਤੰਬਰ ਤਕ ਦੀ ਕਿਸ਼ਤ ਯਾਨੀ ਕੁਲ 11 ਹਜ਼ਾਰ ਕਰੋੜ ਦੀ ਰਕਮ ਵੀ ਦੇਣੀ ਅਜੇ ਅਧੂਰੀ ਪਈ ਹੈ। ਅਕਤੂਬਰ 17 ਤੋਂ ਦਸੰਬਰ 2017 ਤਕ ਦੀ ਤਿਮਾਹੀ ਦੀ ਪੂਰੀ ਸਬਸਿਡੀ ਰਕਮ ਅਜੇ ਅਦਾ ਕਰਨੀ ਹੈ ਜਦਕਿ ਜਨਵਰੀ 18 ਤੋਂ ਮਾਰਚ 2018 ਤਕ ਦੀ ਸਿਰ ‘ਤੇ ਖੜੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਇਕ ਅਪ੍ਰੈਲ ਤੋਂ ਬਿਜਲੀ ਦਰਾਂ ਵਧਾਉਣ ਦੀ ਕਵਾਇਦ ਸ਼ੁਰੂ