ਅਮਰੀਕਾ ਨੇ ਪਾਕਿ ਵਿਰੁੱਧ ਭਾਰਤ ਦੇ ਇਸ਼ਾਰੇ ’ਤੇ ਚੁੱਕੇ ਨੇ ਸਖ਼ਤ ਕਦਮ : ਮੁਸ਼ਰੱਫ਼

Pervez-Musharraf

ਇਸਲਾਮਾਬਾਦ, 3 ਜਨਵਰੀ (ਏਜੰਸੀ) : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਆਰਮੀ ਚੀਫ਼ ਜਨਰਲ (ਸੇਵਾਮੁਕਤ) ਪਰਵੇਜ਼ ਮੁਸ਼ਰੱਫ਼ ਨੇ ਕਿਹਾ ਹੈ ਕਿ ਅਮਰੀਕਾ ਅਤੇ ਭਾਰਤ ਕੂਟਨੀਤਕ ਭਾਈਵਾਲ ਹਨ ਅਤੇ ਇਸੇ ਤਹਿਤ ਉਹ ਪਾਕਿਸਤਾਨ ਵਿਰੁੱਧ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਹਨ। ਇੱਕ ਪਾਕਿਸਤਾਨੀ ਟੀਵੀ ਨੂੰ ਦਿੱਤੀ ਇੰਟਰਵਿਊ ’ਚ ਮੁਸ਼ਰੱਫ਼ ਨੇ ਦੋਸ਼ ਲਗਾਇਆ ਕਿ ਅਮਰੀਕਾ ਸ਼ੁਰੂ ਤੋਂ ਹੀ ਪਾਕਿਸਤਾਨ ਨਾਲ ਦੋਹਰਾ ਰਵੱਈਆ ਅਖ਼ਤਿਆਰ ਕਰਦਾ ਰਿਹਾ ਹੈ। ਅਸੀਂ ਚੀਨ ਵੱਲ 1965 ਵਿੱਚ ਤਦ ਗਏ ਸੀ ਜਦੋਂ ਅਮਰੀਕਾ ਨੇ ਭਾਰਤ ਵਿਰੁੱਧ ਜੰਗ ਦੋਂ ਬਾਅਦ ਪਾਕਿਸਤਾਨ ’ਤੇ ਪਾਬੰਦੀ ਲਗਾਈ ਸੀ।

ਹਾਫਿਜ ਸਈਦ ਤੋਂ ਬਾਅਦ ਸਾਬਕਾ ਪਾਕਿਸਤਾਨੀ ਰਾਸ਼ਟਰਪਤੀ ਦਾ ਇਹ ਬਿਆਨ ਲਗਾਤਾਰ ਪਾਕਿਸਤਾਨ ਦੀ ਅਤਿਵਾਦੀ ਗ੍ਰਸਤ ਨੀਤੀ ਨੂੰ ਦਿਖਾਉਂਦਾ ਹੈ। ਮੁਸ਼ਰੱਫ ਨੇ ਕਿਹਾ ਕਿ ਭਾਰਤ ਹਮੇਸ਼ਾ ਸਾਨੂੰ ਪ੍ਰੇਸ਼ਾਨ ਕਰਦਾ ਰਿਹਾ ਹੈ ਅਤੇ ਅਮਰੀਕਾ ਭਾਰਤ ਨਾਲ ਰਣਨੀਤਕ ਤੌਰ ’ਤੇ ਚੀਨ ਵਿਰੁੱਧ ਲੱਗਿਆ ਹੋਇਆ ਹੈ। ਨਾਲ ਹੀ ਅਫ਼ਗਾਨਿਸਤਾਨ ਵਿੱਚ ਰੂਸ ਵੀ ਆ ਰਿਹਾ ਹੈ। ਸਾਨੂੰ ਇਹ ਸਮਝਣਾ ਹੋਵੇਗਾ ਅਤੇ ਆਪਣੀ ਵਿਦੇਸ਼ ਨੀਤੀ ’ਤੇ ਨਵੇਂ ਸਿਰੇ ਤੋਂ ਕੰਮ ਕਰਨਾ ਹੋਵੇਗਾ। ਮੁਸ਼ਰੱਫ਼ ਨੇ ਅਮਰੀਕੀ ਰਾਸ਼ਟਰਪਤੀ ਦੇ ਬਿਆਨ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਵਿਸ਼ਵ ਵਿੱਚ ਚੀਨ ਅਤੇ ਰੂਸ ਵੀ ਉਭਰ ਰਹੇ ਹਨ ਅਤੇ ਜੇਕਰ ਅਮਰੀਕਾ ਪਾਕਿਸਤਾਨ ’ਤੇ ਪਾਬੰਦੀ ਲਗਾਏਗਾ ਤਾਂ ਸਾਡੇ ਕੋਲ ਹੁਣ ਬਦਲ ਉਪਲੱਬਧ ਹਨ। ਇਹ ਅਮਰੀਕਾ ਨੂੰ ਸਮਝਣਾ ਹੋਵੇਗਾ ਕਿ ਅਫ਼ਗਾਨਿਸਤਾਨ ਵਿੱਚ ਪਾਕਿਸਤਾਨ ਦੇ ਬਿਨਾ ਕੰਮ ਨਹੀਂ ਹੋ ਸਕਦਾ।

ਮੁਸ਼ਰੱਫ਼ ਨੇ ਟਰੰਪ ਦੇ ਬਿਆਨ ਨੂੰ ਸਿਰਫ਼ ਕਾਗਜੀ ਦੱਸਦੇ ਹੋਏ ਕਿਹਾ ਕਿ ਜਿੱਥੋਂ ਤੱਕ ਪੈਸੇ ਦੀ ਗੱਲ ਹੈ ਤਾਂ ਅਮਰੀਕਾ ਨੇ ਖੈਰਾਤ ਵਿੱਚ ਪੈਸੇ ਨਹੀਂ ਦਿੱਤੇ ਸਨ। ਮੁਸ਼ਰੱਫ਼ ਨੇ ਕਿਹਾ ਕਿ ਜੋ ਪੈਸਾ ਉਨ੍ਹਾਂ ਨੇ ਦਿੱਤਾ ਸੀ, ਉਸ ਵਿੱਚ ਅੱਧਾ ਪੈਸਾ ਫੌਜ ਲਈ ਸੀ ਅਤੇ ਅੱਧਾ ਸਮਾਜਿਕ ਆਰਥਿਕਤਾ ਵਿੱਚ ਲੱਗਣਾ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜਿਹੇ ਵੱਡੇ ਮੁਲਕਾਂ ਵਿੱਚ ਜੋ ਪੈਸਾ ਅਮਰੀਕਾ ਵੱਲੋਂ ਆਇਆ ਸੀ, ਉਹ ਨਾਕਾਫੀ ਸੀ। ਮੁਸ਼ਰੱਫ਼ ਨੇ ਅੱਗੇ ਕਿਹਾ ਕਿ ਜੇਕਰ ਅਮਰੀਕਾ ਮੰਨਦਾ ਹੈ ਕਿ ਉਸ ਦੇ ਪੈਸਿਆਂ ਨਾਲ ਹੀ ਪਾਕਿਸਤਾਨ ਚੱਲ ਰਿਹਾ ਹੈ ਤਾਂ ਉਹ ਗ਼ਲਤ ਸਮਝਦਾ ਹੈ। ਮੁਸ਼ਰੱਫ਼ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਨੇ ਅਮਰੀਕਾ ਨੂੰ ਧੋਖਾ ਨਹੀਂ ਦਿੱਤਾ, ਸਗੋਂ ਅਮਰੀਕਾ ਨੇ ਹੀ ਹਰ ਵਾਰ ਪਾਕਿਸਤਾਨ ਨੂੰ ਧੋਖਾ ਦਿੱਤਾ ਹੈ।

Facebook Comments

POST A COMMENT.

Enable Google Transliteration.(To type in English, press Ctrl+g)