ਆਖ਼ਰ ਰਾਹੁਲ ਕਾਂਗਰਸ ਦੇ ਪ੍ਰਧਾਨ ਚੁਣੇ ਗਏ, ਤਾਜਪੋਸ਼ੀ 16 ਨੂੰ

rahul-gandhi

ਨਵੀਂ ਦਿੱਲੀ, 11 ਦਸੰਬਰ (ਏਜੰਸੀ) : ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਅੱਜ ਪਾਰਟੀ ਦਾ ਪ੍ਰਧਾਨ ਐਲਾਨ ਕਰ ਦਿਤਾ ਗਿਆ। ਉਹ 16 ਦਸੰਬਰ ਨੂੰ ਕਾਂਗਰਸ ਪ੍ਰਧਾਨ ਦਾ ਕੰਮਕਾਜ ਸੰਭਾਲਣਗੇ। ਕਾਂਗਰਸ ਦਾ ਪ੍ਰਧਾਨ ਬਣਨ ਲਈ ਰਾਹੁਲ ਗਾਂਧੀ ਤੋਂ ਇਲਾਵਾ ਕਿਸੇ ਹੋਰ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਨਹੀਂ ਭਰੇ ਸਨ। ਰਾਹੁਲ ਨੂੰ ਪਾਰਟੀ ਦੀ ਵਾਗਡੋਰ ਅਪਣੀ ਮਾਂ ਸੋਨੀਆ ਗਾਂਧੀ ਤੋਂ ਸੰਭਾਲਣਗੇ ਜਿਨ੍ਹਾਂ ਨੇ 19 ਸਾਲਾਂ ਤਕ ਇਹ ਜ਼ਿੰਮੇਵਾਰੀ ਨਿਭਾਈ। ਸੋਨੀਆ ਲਗਭਗ ਸੌ ਸਾਲ ਪੁਰਾਣੀ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਅਹੁਦੇ ‘ਤੇ ਸੱਭ ਤੋਂ ਜ਼ਿਆਦਾ ਸਮੇਂ ਤਕ ਰਹਿਣ ਵਾਲੀ ਪਹਿਲੀ ਆਗੂ ਹਨ। ਰਾਹੁਲ ਨੇ 2013 ‘ਚ ਪਾਰਟੀ ਦੇ ਮੀਤ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ।

ਕਾਂਗਰਸ ਦੀ ਕੇਂਦਰੀ ਚੋਣ ਅਥਾਰਟੀ ਦੇ ਪ੍ਰਧਾਨ ਐਮ. ਰਾਮਚੰਦਰਨ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪਾਰਟੀ ਦੇ ਸੰਵਿਧਾਨ ਅਨੁਸਾਰ ਪ੍ਰਧਾਨ ਐਲਾਨਿਆ ਗਿਆ ਹੈ। ਕਾਂਗਰਸ ਮੀਤ ਪ੍ਰਧਾਨ ਦੇ ਅਹੁਦੇ ‘ਚ ਅੱਜ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ ਸੀ। ਰਾਮਚੰਦਰਨ ਨੇ ਕਿਹਾ ਕਿ ਰਾਹੁਲ ਦੇ ਹੱਕ ‘ਚ 89 ਨਾਮਜ਼ਦਗੀ ਪੱਤਰਾਂ ਦੇ ਸੈੱਟ ਦਾਖ਼ਲ ਕੀਤੇ ਗਏ ਸਨ। ਨਾਮਜ਼ਦਗੀ ਪੱਤਰਾਂ ਦੀ ਜਾਂਚ ‘ਚ ਸਾਰੇ ਸੈੱਟ ਸਹੀ ਮਿਲੇ। ਉਨ੍ਹਾਂ ਕਿਹ ਕਿ ਰਾਹੁਲ ਗਾਂਧੀ 16 ਦਸੰਬਰ ਨੂੰ ਸਵੇਰੇ 11 ਵਜੇ ਅਥਾਰਟੀ ਤੋਂ ਪ੍ਰਧਾਨ ਚੁਣੇ ਜਾਣ ਦਾ ਸਰਟੀਫ਼ੀਕੇਟ ਲੈਣ ਲਈ ਇੱਥੇ 24 ਅਕਬਰ ਰੋਡ ਸਥਿਤ ਕਾਂਗਰਸ ਹੈੱਡਕੁਆਰਟਰ ‘ਚ ਆਉਣਗੇ। ਕਾਂਗਰਸ ਦੇ ਸੀਨੀਅਰ ਬੁਲਾਰੇ ਅਜੈ ਮਾਕਨ ਨੇ ਕਿਹਾ ਕਿ 16 ਦਸੰਬਰ ਨੂੰ ਹੀ ਰਾਹੁਲ ਗਾਂਧੀ ਪ੍ਰਧਾਨ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ।

ਰਾਹੁਲ ਦੇ ਪ੍ਰਧਾਨ ਚੁਣੇ ਜਾਣ ਦੇ ਐਲਾਨ ਦੇ ਨਾਲ ਹੀ ਕਾਂਗਰਸ ਹੈੱਡਕੁਆਰਟਰ ‘ਤ ਪਾਰਟੀ ਕਾਰਕੁਨਾਂ ਨੇ ਪਟਾਕੇ ਅਤੇ ਢੋਲ ਵਜਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ‘ਤੇ ਕਾਂਗਰਸ ਕਾਰਕੁਨਾਂ ਨੇ ਪਾਰਟੀ ਹੈੱਡਕੁਆਰਟਰ ‘ਤੇ ਆਏ ਲੋਕਾਂ ਵਿਚਕਾਰ ਮਠਿਆਈਆਂ ਵੀ ਵੰਡੀਆਂ। ਰਾਹੁਲ ਗਾਂਧੀ ਨੂੰ ਵਧਾਈ ਦੇਣ ਵਾਲਿਆਂ ਦੀ ਕਤਾਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਸਨ। ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਸਿਲਸਿਲੇ ‘ਚ ਦੋਵੇਂ ਆਗੂ ਤਲਖ਼ ਅੰਦਾਜ਼ ‘ਚ ਇਕ-ਦੂਜੇ ‘ਤੇ ਨਿਸ਼ਾਨਾ ਲਾ ਰਹੇ ਹਨ। ਪ੍ਰਧਾਨ ਮੰਤਰੀ ਨੇ ਅਪਣੀ ਟਵੀਟ ‘ਚ ਕਿਹਾ, ”ਮੈਂ ਰਾਹੁਲ ਜੀ ਨੂੰ ਕਾਂਗਰਸ ਪ੍ਰਧਾਨ ਚੁਣੇ ਜਾਣ ‘ਤੇ ਵਧਾਈ ਦਿੰਦਾ ਹਾਂ। ਮੈਂ ਉਨ੍ਹਾਂ ਦੇ ਸਾਰਥਕ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।”

Facebook Comments

POST A COMMENT.

Enable Google Transliteration.(To type in English, press Ctrl+g)