ਦਿੱਲੀ ਸਰਕਾਰ ਨੇ ਮੈਕਸ ਹਸਪਤਾਲ ਦਾ ਲਾਇਸੰਸ ਰੱਦ ਕੀਤਾ

Max-Hospital-declared-new-born-baby-dead

ਨਵੀਂ ਦਿੱਲੀ, 8 ਦਸੰਬਰ (ਏਜੰਸੀ) : ਦਿੱਲੀ ਸਰਕਾਰ ਨੇ ਲਾਪਰਵਾਹੀ ਦੇ ਦੋਸ਼ ‘ਚ ਮੈਕਸ ਹਸਪਤਾਲ, ਸ਼ਾਲੀਮਾਰ ਬਾਗ਼ ਦਾ ਪੰਜੀਕਰਣ ਰੱਦ ਕਰ ਦਿਤਾ। ਸ਼ਹਿਰ ਦੇ ਇਸ ਵਕਾਰੀ ਹਸਪਤਾਲ ਵਿਰੁਧ ਜੌੜੇ ਬੱਚਿਆਂ ਸਮੇਤ ਹੋਰ ਮਾਮਲਿਆਂ ਵਿਚ ਲਾਪਰਵਾਹੀ ਦੇ ਦੋਸ਼ ਵਿਚ ਕਾਰਵਾਈ ਕੀਤੀ ਗਈ ਹੈ। ਹਸਪਤਾਲ ਨੇ ਦੋ ਜੁੜਵਾਂ ਬੱਚਿਆਂ ਨੂੰ ਮ੍ਰਿਤਕ ਐਲਾਨ ਦਿਤਾ ਸੀ ਜਿਨ੍ਹਾਂ ਵਿਚੋਂ ਇਕ ਜਿਊਂਦਾ ਨਿਕਲਿਆ। ਸਰਕਾਰ ਦੀ ਤਿੰਨ ਮੈਂਬਰੀ ਕਮੇਟੀ ਨੇ ਸਿਹਤ ਮੰਤਰੀ ਸਤੇਂਦਰ ਜੈਲ ਨੂੰ ਅੰਤਰਮ ਰੀਪੋਰਟ ਸੌਂਪੀ ਜਿਸ ਮਗਰੋਂ ਇਹ ਫ਼ੈਸਲਾ ਕੀਤਾ ਗਿਆ।

ਪੱਤਰਕਾਰ ਸੰਮੇਲਨ ਵਿਚ ਜੈਨ ਨੇ ਕਿਹਾ ਕਿ ਸਰਕਾਰ ਮੁਜਰਮਾਨਾ ਲਾਪਰਵਾਹੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ, ‘ਦਿੱਲੀ ਸਰਕਾਰ ਨੇ ਮੈਕਸ ਹਸਪਤਾਲ, ਸ਼ਾਲੀਮਾਰ ਬਾਗ਼ ਦਾ ਪੰਜੀਕਰਣ ਰੱਦ ਕਰ ਦਿਤਾ ਹੈ।’ ਉਨ੍ਹਾਂ ਕਿਹਾ, ‘ਮੈਕਸ ਹਸਪਤਾਲ ਨੇ ਕੁਤਾਹੀ ਕੀਤੀ ਹੈ। ਪਹਿਲਾਂ ਵੀ ਤਿੰਨ ਵਾਰ ਨੋਟਿਸ ਦਿਤਾ ਗਿਆ ਸੀ। ਗ਼ਰੀਬ ਮਰੀਜ਼ਾਂ ਨਾਲ ਜੁੜੇ ਮਾਮਲਿਆਂ ਵਿਚ ਅਣਗਹਿਲੀ ਸਬੰਧੀ ਤਿੰਨ ਨੋਟਿਸ ਦਿਤੇ ਗਏ ਸਨ। ਹਸਪਤਾਲ ਨੇ ਕਿਹਾ ਸੀ ਕਿ ਉਕਤ ਦੋਵੇਂ ਬੱਚੇ ਮਰੇ ਹੋਏ ਪੈਦਾ ਹੋਏ ਸਨ। ਪਾਲੀਥੀਨ ਬੈਗ ਵਿਚ ਪਾ ਕੇ ਬੱਚਿਆਂ ਨੂੰ ਮਾਪਿਆਂ ਹਵਾਲੇ ਕਰ ਦਿਤਾ ਗਿਆ ਹਾਲਾਂਕਿ ਪਰਵਾਰ ਨੇ ਬੱਚਿਆਂ ਨੂੰ ਦਫ਼ਨਾਉਣ ਸਮੇਂ ਵੇਖਿਆ ਕਿ ਇਕ ਬੱਚਾ ਜਿਊਂਦਾ ਸੀ।

ਹੁਕਮਾਂ ਵਿਚ ਕਿਹਾ ਗਿਆ ਹੈ ਕਿ ਹਸਪਤਾਲ ਦੀ ਦੇਖਭਾਲ ਕਰਨ ਵਾਲੇ ਅਧਿਕਾਰੀ ਨੂੰ ਨਿਰਦੇਸ਼ ਦਿਤਾ ਜਾਂਦਾ ਹੈ ਕਿ ਉਹ ਕਿਸੇ ਵੀ ਨਵੇਂ ਮਰੀਜ਼ ਨੂੰ ਭਰਤੀ ਨਾ ਕਰੇ ਅਤੇ ਫ਼ੌਰੀ ਤੌਰ ‘ਤੇ ਆਊਟਡੋਰ ਸੇਵਾਵਾਂ ਬੰਦ ਕਰ ਦਿਤੀਆਂ ਜਾਣ। ਕਿਹਾ ਗਿਆ ਹੈ ਕਿ ਦਾਖ਼ਲ ਮਰੀਜ਼ਾਂ ਦਾ ਇਲਾਜ ਜਾਰੀ ਰੱਖੋ ਜਾਂ ਉਨ੍ਹਾਂ ਦੀ ਮਰਜ਼ੀ ਮੁਤਾਬਕ ਉਨ੍ਹਾਂ ਨੂੰ ਦੂਜੇ ਹਸਪਤਾਲਾਂ ਵਿਚ ਭੇਜ ਦਿਉ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਿਸੇ ਵੀ ਹਸਪਤਾਲ ਦੁਆਰਾ ਖੁਲ੍ਹੀ ਲੁੱਟ ਜਾਂ ਅਪਰਾਧਕ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਧਰ, ਮੈਕਸ ਹਸਪਤਾਲ ਨੇ ਦਿੱਲੀ ਸਰਕਾਰ ਦੇ ਫ਼ੈਸਲੇ ਨੂੰ ਸਖ਼ਤ ਅਤੇ ਗ਼ਲਤ ਦਸਿਆ ਹੈ।

Facebook Comments

POST A COMMENT.

Enable Google Transliteration.(To type in English, press Ctrl+g)