ਚਾਬਹਾਰ ਬੰਦਰਗਾਹ ਦੇ ਵਿਸਥਾਰ ਨਾਲ ਭਾਰਤ ਨੂੰ ਮੱਧ ਏਸ਼ੀਆ ਤੇ ਯੂਰਪ ਲਈ ਮਿਲਿਆ ਨਵਾਂ ਰਾਹ

Chabahar-Port

ਤੇਹਰਾਨ, 3 ਦਸੰਬਰ (ਏਜੰਸੀ) : ਈਰਾਨ, ਅਫ਼ਗਾਨਿਸਤਾਨ ਸਮੇਤ ਪੂਰੇ ਮੱਧ ਏਸ਼ੀਆ, ਰੂਸ ਅਤੇ ਯੂਰਪ ਨਾਲ ਕਾਰੋਬਾਰ ਕਰਨ ਲਈ ਭਾਰਤ ਨੂੰ ਨਵਾਂ ਰਾਹ ਮਿਲ ਗਿਆ ਹੈ। ਹੁਣ ਤੱਕ ਪਾਕਿਸਾਤਨ ਇਸ ਦੇ ਲਈ ਰਾਹ ਨਹੀਂ ਦੇ ਰਿਹਾ ਸੀ। ਈਰਾਨ ਦੇ ਰਾਸ਼ਟਪਰਤੀ ਹਸਨ ਰੁਹਾਨੀ ਨੇ ਐਤਵਾਰ ਨੂੰ ਕੂਟਨੀਤਕ ਤੌਰ ’ਤੇ ਮਹੱਤਵਪੂਰਨ ਚਾਬਹਾਰ ਬੰਦਰਗਾਹ ਦਾ ਉਦਘਾਟਨ ਕੀਤਾ। ਅਰਬ ਸਾਗਰ ਵਿੱਚ ਇਸ ਬੰਦਰਗਾਹ ਨਾਲ ਈਰਾਨ ਦੇ ਨਾਲ-ਨਾਲ ਭਾਰਤ ਨੂੰ ਵੀ ਲਾਭ ਹੋਵੇਗਾ।

ਸਭ ਤੋਂ ਮਹੱਤਵਪੂਰਨ ਗੱਲ ਜੋ ਇਸ ਦੀ ਮਹੱਤਤਾ ਨੂੰ ਵਧਾਉਂਦੀ ਹੈ ਉਹ ਹੈ ਇਸ ਦੀ ਲੋਕੇਸ਼ਨ। ਓਮਾਨ ਦੀ ਖਾੜੀ ਵਿੱਚ ਚਾਬਹਾਰ ਬੰਦਰਗਾਹ ਨੇ ਆਪਣੀ ਸਮਰੱਥਾ ਤਿੰਨ ਗੁਣਾ ਤੱਕ ਵਧਾ ਲਈ ਹੈ। ਇਸ ਦੇ ਨਾਲ ਹੀ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਬਣ ਰਹੇ ਗਵਾਦਰ ਬੰਦਰਗਾਹ ਲਈ ਵੀ ਇਹ ਚੁਣੌਤੀ ਪੇਸ਼ ਕਰਦਾ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਹੁਣ ਤੱਕ ਪਾਕਿਸਤਾਨ ਭਾਰਤ ਨੂੰ ਅਫਗਾਨਿਸਤਾਨ ਜਾਣ ਲਈ ਰਾਹ ਨਹੀਂ ਦੇ ਰਿਹਾ ਸੀ, ਪਰ ਹੁਣ ਭਾਰਤ ਦਾ ਖੇਤਰ ਵਿੱਚ ਪ੍ਰਭਾਵ ਵਧੇਗਾ। 34 ਕਰੋੜ ਡਾਲਰ ਦੇ ਇਸ ਪ੍ਰੋਜੈਕਟ ਦਾ ਨਿਰਮਾਣ ਰੈਵਲੂਸ਼ਨਰੀ ਗਾਰਡ ਨਾਲ ਜੁੜੀ ਕੰਪਨੀ ਖਾਤਮ ਅਲ-ਅਨਬੀਆ ਨੇ ਕੀਤਾ ਹੈ। ਇਹ ਸਰਕਾਰ ਦੀਆਂ ਨਿਰਮਾਣ ਯੋਜਨਾਵਾਂ ਦੀ ਈਰਾਨ ਦੀ ਸਭ ਤੋਂ ਵੱਡੀ ਕੰਟਰੈਕਟਰ ਕੰਪਨੀ ਹੈ।

ਇਸ ਪ੍ਰੋਜੈਕਟ ਵਿੱਚ ਕਈ ਸਬ-ਕੰਟਰੈਕਟਰਸ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਇੱਕ ਭਾਰਤ ਦੀ ਸਰਕਾਰੀ ਕੰਪਨੀ ਵੀ ਸ਼ਾਮਲ ਹੈ। ਹੁਣ ਬੰਦਰਗਾਰ ਦੀ ਸਾਲਾਨਾ ਸਮਰੱਥਾ 25 ਲੱਖ ਟਨ ਤੋਂ ਵੱਧ ਕੇ 85 ਲੱਖ ਟਨ ਹੋ ਗਈ ਹੈ। ਜਾਣਕਾਰੀ ਅਨੁਸਾਰ ਉਦਘਾਟਨ ਸਮਾਗਮ ਵਿੱਚ ਭਾਰਤ, ਕਤਰ, ਅਫਗਾਨਿਸਤਾਨ, ਪਾਕਿਸਤਾਨ ਅਤੇ ਦੂਜੇ ਮੁਲਕਾਂ ਦੇ ਨੁਮਾਇੰਦਿਆਂ ਤੇ ਅਧਿਕਾਰੀਆਂ ਨੇ ਹਿੱਸਾ ਲਿਆ। ਬੰਦਰਗਾਹ ਵਿੱਚ ਵਿਸਥਾਰ ਦੇ ਤਹਿਤ ਪੰਜ ਨਵੇਂ ਬੰਨ੍ਹ ਬਣਾਏ ਗਏ ਹਨ। ਇਨ੍ਹਾਂ ’ਚੋਂ ਦੋ ’ਤੇ 1 ਲੱਖ ਟਨ ਦੇ ਸਾਮਾਨ ਦੇ ਨਾਲ ਜਹਾਜ਼ ਆ ਸਕਦੇ ਹਨ।

ਮਹੱਤਵਪੂਰਨ ਹੈ ਕਿ ਚਾਬਹਾਰ ਬੰਦਰਗਾਹ ਨੇ ਈਰਾਨ ਨੂੰ ਹਿੰਦ ਮਹਾਸਾਗਰ ਦੇ ਹੋਰ ਨੇੜੇ ਲੈ ਆਂਦਾ ਹੈ। ਇਹ ਪਾਕਿਸਤਾਨ ਦੀ ਸਰਹੱਦ ਤੋਂ ਸਿਰਫ਼ 80 ਕਿਲੋਮੀਟਰ ਦੀ ਦੂਰੀ ’ਤੇ ਹੈ। ਗਵਾਦਰ ਬੰਦਰਗਾਹ ਨੂੰ ਵੀ ਇਹ ਚੁਣੌਤੀ ਦਿੰਦਾ ਹੈ, ਜਿਸ ਨੂੰ ਚੀਨੀ ਨਿਵੇਸ਼ ਦੇ ਦਮ ’ਤੇ ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ਵਿੱਚ ਬਣਾਇਆ ਜਾ ਰਿਹਾ ਹੈ। ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਗਵਾਦਰ ਬੰਦਰਗਾਹ ਦੀ ਵਰਤੋਂ ਭਵਿੱਖ ਵਿੱਚ ਚੀਨ ਆਪਣੇ ਸਮੁੰਦਰੀ ਫੌਜੀ ਜਹਾਜਾਂ ਲਈ ਕਰ ਸਕਦਾ ਹੈ। ਅਜਿਹੇ ਵਿੱਚ ਚਾਬਹਾਰ ’ਤੇ ਭਾਰਤ ਦੀ ਮੌਜੂਦਗੀ ਕਾਫੀ ਮਾਇਨੇ ਰੱਖਦੀ ਹੈ। ਹਾਲਾਂਕਿ ਰੁਹਾਨੀ ਨੇ ਆਪਣੇ ਸੰਬੋਧਨ ਵਿੱਚ ਕਿਸੇ ਪ੍ਰਕਾਰ ਦੀ ਵਿਰੋਧਤਾ ਨੂੰ ਜਾਹਰ ਨਹੀਂ ਹੋਣ ਦਿੱਤਾ।

ਉਨ੍ਹਾਂ ਕਿਹਾ ਕਿ ਖੇਤਰੀ ਦੇਸ਼ਾਂ ਵਿਚਕਾਰ ਇਹ ਬੰਦਰਗਾਹ ਭਾਈਚਾਰਕ ਸਾਂਝ ਵਧਾਉਣ ਦਾ ਕੰਮ ਕਰੇਗਾ। ਈਰਾਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਗਵਾਦਰ ਸਮੇਤ ਖੇਤਰ ਦੇ ਹੋਰਨਾਂ ਬੰਦਰਗਾਹਾਂ ਦਾ ਵੀ ਸਵਾਗਤ ਕਰਦੇ ਹਾਂ। ਰਾਸ਼ਟਰਪਤੀ ਰੁਹਾਨੀ ਨੇ ਕਿਹਾ ਕਿ ਈਰਾਨ ਇਸ ਬੰਦਰਗਾਹ ਨੂੰ ਦੇਸ਼ ਦੇ ਰੇਲ ਤੇ ਰੋਡ ਨੈਟਵਰਕ ਨਾਲ ਜੋੜਨ ਦੀ ਯੋਜਨਾ ’ਤੇ ਕੰਮ ਕਰ ਰਿਹਾ ਹੈ, ਤਾਂ ਜੋ ਸਮੁੰਦਰ ਤੋਂ ਦੂਰ ਮੱਧ ਏਸ਼ੀਆਈ ਦੇਸ਼ਾਂ ਤੱਕ ਸਪਲਾਈ ਹੋ ਸਕੇ ਅਤੇ ਰੂਸ ਰਾਹੀਂ ਪੂਰਬੀ ਤੇ ਉਤਰੀ ਯੂਰਪ ਲਈ ਰਾਹ ਖੁੱਲ ਸਕਣ।

ਭਾਰਤ ਲਈ ਚਾਬਹਾਰ ਵਿੱਚ ਨਿਵੇਸ਼ ਕਾਫੀ ਮਹੱਤਵਪੂਰਨ ਹੈ ਕਿਉਂਕਿ ਬੰਦਰਗਾਹ ਦੀ ਮਦਦ ਨਾਲ ਮੱਧ ਏਸ਼ੀਆ ਦੇ ਜੋ ਦੇਸ਼ ਜ਼ਮੀਨ ਨਾਲ ਘਿਰੇ ਹਨ, ਉੱਥੋਂ ਤੱਕ ਪਹੁੰਚਣ ਲਈ ਕਾਰੋਬਾਰ ਦਾ ਨਵਾਂ ਰਾਹ ਮਿਲ ਜਾਵੇਗਾ। ਫਿਲਹਾਲ ਪਾਕਿਸਤਾਨ ਇਸ ਰਾਹ ਵਿੱਚ ਰੁਕਾਵਟ ਬਣ ਰਿਹਾ ਹੈ, ਪਰ ਚਾਬਹਾਰ ਨਾਲ ਭਾਰਤ ਦੀ ਇਹ ਮੁਸ਼ਕਲ ਆਸਾਨ ਹੋਣ ਵਾਲੀ ਹੈ। ਪਿਛਲੇ ਸਾਲ ਭਾਰਤ ਨੇ ਚਾਬਹਾਰ ਬੰਦਗਾਹ ਅਤੇ ਉਸ ਨਾਲ ਜੁੜੇ ਰੋਡ ਮਾਰਗ ਤੇ ਵਿਕਾਸ ਲਈ 50 ਕਰੋੜ ਡਾਲਰ ਦੇਣ ਦਾ ਵਾਅਦਾ ਕੀਤਾ ਸੀ।

Facebook Comments

POST A COMMENT.

Enable Google Transliteration.(To type in English, press Ctrl+g)