ਭੋਪਾਲ ਗੈਸ ਹਾਦਸਾ: ਤਿੰਨ ਦਹਾਕਿਆਂ ਮਗਰੋਂ ਵੀ ਪੀੜਤਾਂ ਨੂੰ ਮੁਆਵਜ਼ੇ ਦੀ ਉਡੀਕ


ਭੋਪਾਲ, 3 ਦਸੰਬਰ (ਏਜੰਸੀ) : ਭੋਪਾਲ ਗੈਸ ਹਾਦਸੇ ਦੇ 33 ਸਾਲਾਂ ਮਗਰੋਂ ਵੀ ਪੀੜਤਾਂ ਨੂੰ ਯੋਗ ਮੁਆਵਜ਼ੇ ਦੀ ਉਡੀਕ ਹੈ। ਜ਼ਹਿਰੀਲੀ ਗੈਸ ਦੀ ਮਾਰ ਹੇਠ ਆ ਕੇ ਰੋਗਾਂ ਨਾਲ ਗ੍ਰਸੇ ਲੋਕਾਂ ਨੂੰ ਅੱਜ ਵੀ ਵਾਜਬ ਇਲਾਜ ਤੇ ਯੋਗ ਮੁਆਵਜ਼ੇ ਲਈ ਲੜਨਾ ਪੈ ਰਿਹਾ ਹੈ। ਸਨਅਤੀ ਆਫ਼ਤ ਦਾ ਬੱਟ ਸਹਿਣ ਵਾਲੇ ਲੋਕਾਂ ਤੇ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨੇ ਇਕ ਪਟੀਸ਼ਨ ਸਾਈਨ ਕਰਕੇ ਸੁਪਰੀਮ ਕੋਰਟ ’ਚ ਦਾਖ਼ਲ ਕਰਨ ਦਾ ਫ਼ੈਸਲਾ ਕੀਤਾ ਹੈ। ਪਟੀਸ਼ਨ ਵਿੱਚ ਵੱਧ ਮੁਆਵਜ਼ੇ ਦੀ ਮੰਗ ਲਈ ਦਸੰਬਰ 2010 ਵਿੱਚ ਸਰਕਾਰ ਵੱਲੋਂ ਦਾਇਰ ਕਿਊਰੇਟਿਵ ਪਟੀਸ਼ਨ ’ਤੇ ਸੁਣਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ।

ਰਾਜ ਦੇ ਭੋਪਾਲ ਗੈਸ ਹਾਦਸਾ ਰਾਹਤ ਤੇ ਮੁੜਵਸੇਬਾ ਮੰਤਰੀ ਵਿਸ਼ਵਾਸ ਸਾਰੰਗ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ‘ਵਿਸ਼ਵ ਦੇ ਸਭ ਤੋਂ ਵੱਡੇ ਸਨਅਤੀ ਹਾਦਸੇ’ ਦੇ ਪੀੜਤਾਂ ਨੂੰ ਅਮਰੀਕਾ ਅਧਾਰਿਤ ਯੂਨੀਅਨ ਕਾਰਬਾਈਡ ਕਾਰਪੋਰੇਸ਼ਨ (ਯੂਸੀਸੀ) ਨੇ ਅਜੇ ਤਕ ਯੋਗ ਮੁਆਵਜ਼ਾ ਨਹੀਂ ਦਿੱਤਾ। ਅੱਜਕੱਲ੍ਹ ਇਸ ਕੈਮੀਕਲ ਪਲਾਂਟ ’ਤੇ ਡੋਅ ਕੈਮੀਕਲਜ਼ ਦਾ ਕਬਜ਼ਾ ਹੈ। ਮੰਤਰੀ ਨੇ ਦਾਅਵਾ ਕੀਤਾ ਕਿ ਕਾਂਗਰਸ ਦੀ ਅਗਵਾਈ ਵਾਲੀ ਤਤਕਾਲੀਨ ਕੇਂਦਰ ਸਰਕਾਰ ਦੀ ਦਿਲਚਸਪੀ ਬਹੁਕੌਮੀ ਕੰਪਨੀ ਦੇ ਮਾਲਕ ਵਾਰੈੱਨ ਐਂਡਰਸਨ ਦਾ ਗਿਰੇਬਾਨ ਫੜ੍ਹਨ ਦੀ ਥਾਂ ਉਸ ਨੂੰ ਮੁਲਕ ’ਚੋਂ ਬਾਹਰ ਕੱਢਣ ਵੱਲ ਵਧੇਰੇ ਸੀ। ਸਾਰੰਗ ਨੇ ਕਿਹਾ ਕਿ ਕਿਊਰੇਟਿਵ ਪਟੀਸ਼ਨ ’ਚ ਯੂਸੀਸੀ ਤੋਂ ਪੀੜਤਾਂ ਦੀ ਭਲਾਈ ਲਈ 1000 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਗਿਆ ਹੈ।

ਭੋਪਾਲ ਗੈਸ ਪੀੜਤ ਮਹਿਲਾ ਉਦਯੋਗ ਸੰਗਠਨ ਦੇ ਕਨਵੀਨਰ ਅਬਦੁਲ ਜੱਬਾਰ, ਜੋ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਗੈਸ ਪੀੜਤਾਂ ਲਈ ਕੰਮ ਕਰ ਰਹੇ ਹਨ, ਨੇ ਕਿਹਾ ਕਿ 2 ਤੇ 3 ਦਸੰਬਰ 1984 ਦੀ ਵਿਚਕਾਰਲੀ ਰਾਤ ਨੂੰ ਗੈਸ ਲੀਕ ਹੋਣ ਕਰਕੇ ਵਾਪਰੇ ਭਾਣੇ ਮਗਰੋਂ ਯੂਸੀਸੀ ਨੇ 715 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਸੀ। ਇਸ ਹਾਦਸੇ ਵਿੱਚ ਤਿੰਨ ਹਜ਼ਾਰ ਲੋਕ ਫ਼ੌਤ ਜਦਕਿ 1.02 ਲੱਖ ਲੋਕ ਅਸਿੱਧੇ ਤੌਰ ’ਤੇ ਅਸਰਅੰਦਾਜ਼ ਹੋਏ ਸੀ। ਜੱਬਾਰ ਨੇ ਕਿਹਾ ਉਨ੍ਹਾਂ ਇਸ ਨਿਗੂਣੇ ਮੁਆਵਜ਼ੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੀ ਅਗਵਾਈ ਵਾਲੀ ਮੌਜੂਦਾ ਐਨਡੀਏ ਸਰਕਾਰ ਪੀੜਤਾਂ ਨੂੰ ਯੋਗ ਮੁਆਵਜ਼ਾ ਦਿਵਾਉਣ ਵਿੱਚ ਨਾਕਾਮ ਰਹੀਆਂ ਹਨ। ਯਾਦ ਰਹੇ ਕਿ ਭੋਪਾਲ ਦੀ ਅਦਾਲਤ ਨੇ ਯੂਸੀਸੀ ਦੇ ਮਾਲਕ ਐਂਡਰਸਨ ਖ਼ਿਲਾਫ਼ 1992 ਤੇ 2009 ਵਿੱਚ ਗੈਰਜ਼ਮਾਨਤੀ ਵਾਰੰਟ ਕੱਢੇ ਸਨ। ਐਂਡਰਸਨ ਨੂੰ ਪਹਿਲੀ ਫਰਵਰੀ 1992 ਨੂੰ ਭਗੌੜਾ ਐਲਾਨਿਆ ਗਿਆ ਸੀ। ਐਂਡਰਸਨ ਦੀ ਸਤੰਬਰ 2014 ਵਿੱਚ ਮੌਤ ਹੋ ਚੁੱਕੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਭੋਪਾਲ ਗੈਸ ਹਾਦਸਾ: ਤਿੰਨ ਦਹਾਕਿਆਂ ਮਗਰੋਂ ਵੀ ਪੀੜਤਾਂ ਨੂੰ ਮੁਆਵਜ਼ੇ ਦੀ ਉਡੀਕ