ਸੌਦਾ ਸਾਧ ਦੇ ਮਾਮਲੇ ‘ਚ ਜਥੇਦਾਰ ਵਾਂਗ ਨਵੇਂ ਪ੍ਰਧਾਨ ਲੌਂਗੋਵਾਲ ਵੀ ਕਸੂਤੇ ਫਸੇ

Gobind-Singh-Longowal

ਅੰਮ੍ਰਿਤਸਰ, 2 ਦਸੰਬਰ (ਏਜੰਸੀ) : ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ਚ ਵੋਟਾਂ ਲਈ ਡੇਰਾ ਸਿਰਸਾ ਜਾਣ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸੌਦਾ ਸਾਧ ਪਾਸ ਨਾ ਜਾਣ ਦੀ ਬਿਆਨਬਾਜ਼ੀ ਨੇ ਨਵੀਂ ਚਰਚਾ ਛੇੜ ਦਿਤੀ ਹੈ। ਪੰਥਕ ਹਲਕੇ ਦੰਗ ਹਨ ਕਿ ਜੇਕਰ ਗੋਬਿੰਦ ਸਿੰਘ ਲੌਂਗੋਵਾਲ ਚੋਣਾਂ ਦੌਰਾਨ ਵੋਟਾਂ ਲੈਣ ਗਏ ਨਹੀਂ ਤਾਂ ਉਹ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਤਲਬ ਕਰਨ ਤੇ ਉਹ ਹੋਰ ਅਕਾਲੀ ਆਗੂਆਂ ਨਾਲ ਤਨਖਾਹ ਲਗਵਾਉਣ ਕਿਉਂ ਗਏ?

ਗੋਬਿੰਦ ਸਿੰਘ ਲੌਂਗੋਵਾਲ ਦੇ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਦਿਆਂ ਹੀ ਡੇਰਾ ਸੌਦਾ ਸਾਧ ਦੇ ਮਸਲੇ ‘ਚ ਬੜੀ ਕਸੂਤੀ ਥਾਂ ਫਸ ਗਏ ਹਨ। ਭਾਈ ਲੌਂਗੋਵਾਲ ਦੇ ਵਿਰੋਧੀ ਹੁਣ ਵੋਟਾਂ ਮੰਗਣ ਸਮੇਂ ਦੀਆਂ ਤਸਵੀਰਾਂ ਲੱਭਣ ‘ਚ ਜੁੱਟ ਗਏ ਹਨ ਤਾਂ ਜੋ ਨਵੇ ਪ੍ਰਧਾਨ ਵਲੋਂ ਮੁਕਰ ਜਾਣ ਤੇ ਅਸਲ ਸਥਿਤੀ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ ਜਾਵੇ। ਇਹ ਇਥੇ ਦਸਣਾ ਬਣਦਾ ਹੈ ਕਿ ਜੇਕਰ ਗੋਬਿੰਦ ਸਿੰਘ ਲੌਂਗੋਵਾਲ ਦੀ ਸੱਚਾਈ ਸਾਹਮਣੇ ਆ ਜਾਂਦੀ ਹੈ ਤਾਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਤੇ ਆਮ ਲੋਕਾਂ ਉਨ੍ਹਾਂ ਦੀ ਸਥਿਤੀ ਬਣੀ ਹਾਸੋਹੀਣੀ ਹੋ ਸਕਦੀ ਹੈ।

ਸ. ਲੌਂਗੋਵਾਲ ਨੇ ਤਾਂ ਮੀਡੀਆ ਨੂੰ ਸਪੱਸ਼ਟ ਕਰ ਦਿਤਾ ਹੈ ਕਿ ਉਹ ਵੋਟਾਂ ਲੈਣ ਡੇਰਾ ਸਿਰਸਾ ਗਏ ਹੀ ਨਹੀਂ। ਸਿੱਖ ਹਲਕੇ ਮੰਨ ਕੇ ਚਲ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੁੜ ਵਿਵਾਦਾਂ ‘ਚ ਘਿਰ ਗਏ ਹਨ ਕਿ ਉਨ੍ਹਾਂ ਦੀ ਇਹ ਸਿਆਸੀ ਚਾਲ ਵੀ ਹਾਲ ਦੀ ਘੜੀ ਪੁੱਠੀ ਪੈ ਗਈ ਹੈ। ਦੂਸਰੇ ਪਾਸੇ ਬਾਦਲ ਪੱਖੀਆਂ ਦਾ ਕਹਿਣਾ ਹੈ ਕਿ ਵੱਡੇ ਤੂਫ਼ਾਨ ਚੋ ਜੇਕਰ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਖਿਲਾਫ ਵਿੱਢੀ ਮੁਹਿੰਮ ਮੱਠੀ ਪੈ ਗਈ ਤਾਂ ਕੁਝ ਸਮੇਂ ਬਾਅਦ ਗੋਬਿੰਦ ਸਿੰਘ ਲੌਂਗੋਵਾਲ ਵਿਰੁਧ ਛਿੜਿਆ ਗੰਭੀਰ ਵਿਵਾਦ ਵੀ ਅਸ਼ਾਂਤ ਹੋ ਜਾਵੇਗਾ। ਪੰਥਕ ਦਲਾਂ ਖ਼ਾਸ ਕਰ ਕੇ ਸ਼੍ਰੋਮਣੀ ਅਕਾਲੀ ਦਲ (ਅ) ਤੇ ਦਲ ਖਾਲਸਾ ਨੇ ਤਾਂ ਬਾਕਾਇਦਾ ਲਿਖਤੀ ਬਿਆਨ ਜਾਰੀ ਕਰ ਕੇ ਸਪੱਸ਼ਟ ਕਰ ਦਿਤਾ ਹੈ ਕਿ ਡੇਰਾ ਸੌਦਾ ਸਾਧ ਕੋਲ ਵੋਟਾਂ ਲਈ ਨਜ਼ਦੀਕੀਆਂ ਬਣਾਉਣ ਵਾਲੇ ਗੋਬਿੰਦ ਸਿੰਘ ਲੌਂਗੋਵਾਲ ਤੋਂ ਦੂਰੀ ਬਣਾ ਕੇ ਰੱਖਣਗੇ, ਜਿਸ ਤਰ੍ਹਾਂ ਜਥੇਦਾਰ ਤੋਂ ਬਣਾਈ ਹੈ। ਅਜਿਹੀ ਸਥਿਤੀ ‘ਚ ਸ਼੍ਰੋਮਣੀ ਕਮੇਟੀ ਦਾ ਅਕਸ ਹੋਰ ਵਿਗੜਨ ਦੀ ਸੰਭਾਵਨਾ ਬਣ ਗਈ ਹੈ।

ਪਹਿਲਾਂ ਜਥੇਦਾਰ ਅਕਾਲ ਤਖ਼ਤ ਵਲੋਂ ਸੌਦਾ ਸਾਧ ਨੂੰ ਮਾਫੀ ਦੇਣ ਦੇ ਮਾਮਲੇ ‘ਚ ਤੂਫ਼ਾਨ ਖੜਾ ਹੋਇਆ ਸੀ ਤੇ ਹੁਣ ਸ਼੍ਰੋਮਣੀ ਕਮੇਟੀ ਦੇ ਬਣੇ ਨਵੇਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਮਾਮਲਾ ਚਰਚਾ ਵਿਚ ਆ ਗਿਆ ਹੈ ਪਰ ਅਨਾੜੀ ਸਿਆਸਤਦਾਨ ਵਾਂਗ ਉਹ ਮੀਡੀਆ ਦੇ ਸਵਾਲਾਂ ‘ਚ ਘਿਰ ਗਏ ਹਨ। ਗੋਬਿੰਦ ਸਿੰਘ ਲੌਂਗੋਵਾਲ ਵਲੋਂ ਡੇਰਾ ਸਾਧ ਦੇ ਕੋਲ ਜਾਣ ਸਬੰਧੀ ਉਹ ਸਪੱਸ਼ਟ ਆਖ ਗਏ ਹਨ ਕਿ ਉਹ ਉਥੇ ਗਏ ਹੀ ਨਹੀਂ। ਇਹ ਵੀ ਦਸਣਯੋਗ ਹੈ ਕਿ ਪੰਜਾਬੀ ਦੀ ਕਹਾਵਤ ਬੜੀ ਮਸ਼ਹੂਰ ਹੈ ਕਿ ਜਿਸ ਦੀ ਸ਼ੁਰੂਆਤ ਚੰਗੀ ਉਸ ਦਾ ਅੰਤ ਚੰਗਾ। ਜੇਕਰ ਸਥਿਤੀ ਹੋਰ ਵਿਗੜ ਗਈ ਤਾਂ ਬਾਦਲਾਂ ਦੇ ਕਰੀਬੀ ਰਘੁਜੀਤ ਸਿੰਘ ਵਿਰਕ ਕਰਨਾਲ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਦਾਅ ਲੱਗਣ ਦੀ ਸੰਭਾਵਨਾ ਵੀ ਬਣ ਸਕਦੀ ਹੈ। ਪੰਥਕ ਦਲ ਵੇਖੋ ਤੇ ਉਡੀਕ ਕਰੋ ਦੀ ਨੀਤੀ ਤੇ ਚਲ ਰਹੇ ਜਾਪਦੇ ਹਨ। ਸੂਤਰਾਂ ਮੁਤਾਬਕ ਇਸ ਗੰਭੀਰ ਮਸਲੇ ਸਬੰਧੀ ਪੰਥਕ ਦਲਾਂ ਵਲੋਂ ਨਵੀ ਨੀਤੀ ਘੜੇ ਜਾਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ।

Facebook Comments

POST A COMMENT.

Enable Google Transliteration.(To type in English, press Ctrl+g)