ਸਿੱਧੂ ਵਲੋਂ ਤਿੰਨ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ

navjot-singh-sidhu

ਨਵੀਂ ਦਿੱਲੀ, 29 ਦਸੰਬਰ (ਏਜੰਸੀ) : ਪੰਜਾਬ ਦੇ ਸਰਵਪੱਖੀ ਵਿਕਾਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਲੀਕੇ ਏਜੰਡੇ ਨੂੰ ਅਮਲੀ ਜਾਮਾ ਪਹਿਨਾਉਣ ਦੀ ਦਿਸ਼ਾ ਵਿਚ ਅਹਿਮ ਕਦਮ ਪੁਟਦਿਆਂ ਪੰਜਾਬ ਦੇ ਧਾਰਮਕ ਤੇ ਇਤਿਹਾਸਕ ਸ਼ਹਿਰਾਂ ਦੇ ਸੁੰਦਰੀਕਰਨ ਅਤੇ ਵਿਰਾਸਤੀ ਸ਼ਹਿਰਾਂ ਵਿਚ ਸ਼ਰਧਾਲੂਆਂ ਤੇ ਸੈਲਾਨੀਆਂ ਲਈ ਸਹੂਲਤਾਂ ਸਥਾਪਤ ਕਰਨ ਦੇ ਮਕਸਦ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਨਵੀਂ ਦਿੱਲੀ ਵਿਖੇ ਤਿੰਨ ਕੇਂਦਰੀ ਮੰਤਰੀਆਂ ਸ੍ਰੀ ਅਰੁਣ ਜੇਤਲੀ, ਸ੍ਰੀ ਕੇ.ਜੇ.ਅਲਫੌਂਸ ਤੇ ਸ੍ਰੀ ਹਰਦੀਪ ਪੁਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਭਾਰਤ ਸਰਕਾਰ ਦੇ ਸੈਰ ਸਪਾਟਾ ਮੰਤਰਾਲੇ ਵਲੋਂ ਪੰਜਾਬ ਦੇ ਧਾਰਮਿਕ ਤੇ ਇਤਿਹਾਸਕ ਸ਼ਹਿਰਾਂ ਲਈ 100 ਕਰੋੜ ਰੁਪਏ ਮਨਜ਼ੂਰ ਕੀਤੇ ਗਏ। ਇਸ ਤੋਂ ਇਲਾਵਾ ਤਿੰਨ ਸ਼ਹਿਰਾਂ ਵਿਚ ਸਮਾਰਟ ਸਿਟੀ ਦਾ ਪ੍ਰਾਜੈਕਟ ਹੁਣ ਤੇਜ਼ੀ ਫੜੇਗਾ ਜਿਸ ਲਈ ਸਾਰੇ ਰਾਹ ਪਧਰੇ ਹੋ ਗਏ ਹਨ।

ਮੁੱਖ ਮੰਤਰੀ ਦਫ਼ਤਰ ਪੰਜਾਬ ਵਲੋਂ ਸਮਾਰਟ ਸਿਟੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੇਂਦਰ ਦੀ ਮੰਗ ‘ਤੇ ਤੁਰਤ 50 ਕਰੋੜ ਰੁਪਏ ਜਾਰੀ ਕੀਤੇ ਜਾ ਰਹੇ ਹਨ ਜਿਸ ਨਾਲ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ 350 ਕਰੋੜ ਰੁਪਏ ਮਿਲਣਗੇ।ਇਨ੍ਹਾਂ ਮੀਟਿੰਗਾਂ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਨੂੰ ਧਾਰਮਕ, ਇਤਿਹਾਸਕ ਤੇ ਵਿਰਾਸਤੀ ਕੇਂਦਰ ਵਜੋਂ ਉਭਾਰਨ, ਅੰਮ੍ਰਿਤਸਰ ਨੂੰ ਸੈਰ ਸਪਾਟਾ ਕੇਂਦਰ ਵਜੋਂ ਸਥਾਪਤ ਕਰਨ ਅਤੇ ਪੰਜਾਬ ਦੇ ਵੱਡੇ ਸ਼ਹਿਰਾਂ ਦੀ ਕਾਇਆ ਕਲਪ ਕਰਨ ਲਈ ਅੱਜ ਉਨ੍ਹਾਂ ਤਿੰਨ ਮੀਟਿੰਗਾਂ ਕੀਤੀਆਂ। ਉਨ੍ਹਾਂ ਦਸਿਆ ਕਿ ਅੱਜ ਦੀਆਂ ਮੀਟਿੰਗਾਂ ਵਿਚੋਂ ਤਿੰਨੋਂ ਕੇਂਦਰੀ ਮੰਤਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਲਈ ਮਨਜ਼ੂਰ ਕੀਤੇ ਫ਼ੰਡ ਜਲਦ ਜਾਰੀ ਹੋਣਗੇ ਅਤੇ ਪੰਜਾਬ ਸਰਕਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਸੱਭ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨਾਲ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਪੰਜਾਬ ਨੂੰ ਸੈਰ ਸਪਾਟਾ ਤੇ ਸ਼ਹਿਰੀ ਵਿਕਾਸ ਖੇਤਰਾਂ ਵਿਚ ਮਿਲਣ ਵਾਲੇ ਫ਼ੰਡ ਜਾਰੀ ਕਰਵਾਉਣ ਦੀ ਗੱਲ ਕੀਤੀ।

ਸ. ਸਿੱਧੂ ਨੇ ਅੱਗੇ ਦੱਸਿਆ ਕਿ ਕੇਂਦਰੀ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਰਾਜ ਮੰਤਰੀ ਸ੍ਰੀ ਕੇ.ਜੇ.ਅਲਫੌਂਸ ਨਾਲ ਕੀਤੀ ਮੁਲਾਕਾਤ ਵਿੱਚ ਉਨ੍ਹਾਂ ਕੇਂਦਰੀ ਸਕੀਮਾਂ ਤਹਿਤ ਪੰਜਾਬ ਦੇ ਧਾਰਮਿਕ, ਇਤਿਹਾਸਕ ਤੇ ਵਿਰਾਸਤੀ ਸ਼ਹਿਰਾਂ ਲਈ 100 ਕਰੋੜ ਰੁਪਏ ਦੇ ਫੰਡ ਮਨਜ਼ੂਰ ਕਰਵਾਏ। ਉਨ੍ਹਾਂ ਵੇਰਵੇ ਦਿੰਦਿਆਂ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਲਈ 32 ਕਰੋੜ, ਫਤਹਿਗੜ੍ਹ ਸਾਹਿਬ ਲਈ 20 ਕਰੋੜ, ਚਮਕੌਰ ਸਾਹਿਬ ਲਈ 18 ਕਰੋੜ, ਖਟਕੜ ਕਲਾਂ ਤੇ ਹੁਸੈਨੀਵਾਲਾ ਲਈ 15 ਕਰੋੜ, ਜਲ੍ਹਿਆ ਵਾਲਾ ਬਾਗ ਲਈ 10 ਕਰੋੜ, ਸਾਰਾਗੜ੍ਹੀ ਯਾਦਗਾਰ ਲਈ 3 ਕਰੋੜ ਅਤੇ ਕਲਾਨੌਰ ਲਈ 2 ਕਰੋੜ ਰੁਪਏ ਹੋਏ ਮਨਜ਼ੂਰ ਕੀਤੇ ਗਏ ਹਨ ਜਿਨ੍ਹਾਂ ਨਾਲ ਇਨ੍ਹਾਂ ਸ਼ਹਿਰਾਂ ਦਾ ਹੋਰ ਵਿਕਾਸ ਕੀਤਾ ਜਾਵੇਗਾ।ਕੇਂਦਰੀ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਰਾਜ ਮੰਤਰੀ ਸ੍ਰੀ ਹਰਦੀਪ ਪੁਰੀ ਨਾਲ ਮੀਟਿੰਗ ਬਾਰੇ ਦਸਦਿਆਂ ਸ. ਸਿੱਧੂ ਨੇ ਕਿਹਾ ਕਿ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਢਾਂਚਾਗਤ ਸਹੂਲਤਾਂ ਨਾਲ ਲੈਸ ਕਰਨ ਲਈ ਠੋਸ ਵਿਚਾਰਾਂ ਕੀਤੀਆਂ ਗਈਆਂ ਕਿਉਂ ਜੋ ਭਾਰਤ ਦੇ ਹੋਰਨਾਂ ਸੂਬਿਆਂ ਅਤੇ ਵਿਦੇਸ਼ਾਂ ਤੋਂ ਵੀ ਰੋਜ਼ਾਨਾ ਕਰੀਬ 1 ਲੱਖ ਸ਼ਰਧਾਲੂ ਗੁਰੂ ਦੀ ਨਗਰੀ ਦੇ ਦਰਸ਼ਨ ਕਰਨ ਆਉਂਦੇ ਹਨ।

ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਵੱਲੋਂ ਕੇਂਦਰੀ ਸਕੀਮਾਂ ਤੋਂ ਇਲਾਵਾ ਸਮਾਰਟ ਸਿਟੀ, ਹਿਰਦੇ ਤੇ ਅਮਰੁਤ ਯੋਜਨਾ ਤਹਿਤ ਪੰਜਾਬ ਦੇ ਸ਼ਹਿਰਾਂ ਦੇ ਵਿਕਾਸ ਲਈ ਜਲਦ ਫ਼ੰਡ ਜਾਰੀ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਤਿੰਨ ਸ਼ਹਿਰਾਂ ਵਿੱਚ ਸਮਾਰਟ ਸਿਟੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਾਰੇ ਪ੍ਰਬੰਧ ਹੋ ਗਏ ਹਨ ਅਤੇ ਹੁਣ ਇਹ ਪ੍ਰਾਜੈਕਟ ਤੇਜ਼ੀ ਫੜੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਲਈ ਬਣਦਾ ਹਿੱਸਾ 50 ਕਰੋੜ ਰੁਪਏ ਪਾਇਆ ਜਾਵੇਗਾ ਜਿਸ ਨਾਲ ਭਾਰਤ ਸਰਕਾਰ ਵਲੋਂ ਤਿੰਨ ਸ਼ਹਿਰਾਂ ਲਈ 350 ਕਰੋੜ ਰੁਪਏ ਮਿਲਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਕੇਂਦਰੀ ਮੰਤਰੀ ਸ੍ਰੀ ਹਰਦੀਪ ਪੁਰੀ 6 ਜਨਵਰੀ 2018 ਨੂੰ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਨਗੇ ਜਿਸ ਮੀਟਿੰਗ ਦੀ ਤਿਆਰੀ ਵਜੋਂ 1 ਜਨਵਰੀ ਨੂੰ ਸ੍ਰੀ ਪੁਰੀ ਵੱਲੋਂ ਕੇਂਦਰੀ ਮੰਤਰਾਲੇ ਦੀ ਟੀਮ ਚੰਡੀਗੜ੍ਹ ਭੇਜੀ ਜਾ ਰਹੀ ਹੈ। ਇਹ ਟੀਮ ਉਨ੍ਹਾਂ ਦੇ ਵਿਭਾਗ ਨਾਲ ਮੀਟਿੰਗ ਕਰਕੇ 6 ਜਨਵਰੀ ਨੂੰ ਹੋਣ ਵਾਲੀ ਮੀਟਿੰਗਾ ਦਾ ਖਾਕਾ ਉਲੀਕੇਗੀ।

Facebook Comments

POST A COMMENT.

Enable Google Transliteration.(To type in English, press Ctrl+g)